ਗਰਮੀ ਵਿਚ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਪਾਣੀ ਪੀਣਾ ਚਾਹੀਦਾ ਹੈ। ਪੇਟ ਵਿਚ ਪਾਣੀ ਦੀ ਕਮੀ ਨਹੀਂ ਆਉਣ ਦੇਣੀ ਚਾਹੀਦੀ ਕਿਉਂਕਿ ਬਿਨਾਂ ਪਾਣੀ ਪੀਤੇ ਘਰੋਂ ਨਿਕਲਣ 'ਤੇ ਛੇਤੀ ਲੂ ਲੱਗਣ ਦੀ ਸੰਭਾਵਨਾ ਰਹਿੰਦੀ ਹੈ। ਸਿਰ 'ਤੇ ਕੱਪੜਾ ਰੱਖ ਕੇ ਜਾਂ ਟੋਪੀ ਪਾ ਕੇ ਨਿਕਲਣ ਨਾਲ ਤੇਜ਼ ਧੁੱਪ ਜਾਂ ਲੂ ਦੇ ਥਪੇੜਿਆਂ ਤੋਂ ਬਚਿਆ ਜਾ ਸਕਦਾ ਹੈ। ਛੋਟੇ ਬੱਚਿਆਂ ਨੂੰ ਬਿਲਕੁਲ ਤੇਜ਼ ਧੁੱਪ ਵਿਚ ਨਹੀਂ ਨਿਕਲਣ ਦੇਣਾ ਚਾਹੀਦਾ।
ਕੁਝ ਲੋਕ ਪਾਣੀ ਨਾਲ ਗਿੱਲਾ ਕਰਕੇ ਕੱਪੜਾ ਸਿਰ 'ਤੇ ਰੱਖ ਕੇ ਧੁੱਪ ਵਿਚ ਚਲਦੇ ਹਨ, ਜੋ ਬਹੁਤ ਹੀ ਹਾਨੀਕਾਰਕ ਹੈ। ਇਸ ਤਰ੍ਹਾਂ ਕਰਨ ਨਾਲ 'ਸਿਰਸਾਮ' ਰੋਗ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਹਮੇਸ਼ਾ ਸੁੱਕਾ ਕੱਪੜਾ ਹੀ ਸਿਰ 'ਤੇ ਰੱਖ ਕੇ ਅਤੇ ਖੂਬ ਪਾਣੀ ਪੀ ਕੇ ਹੀ ਘਰੋਂ ਨਿਕਲਣਾ ਚਾਹੀਦਾ ਹੈ। ਇਸ ਨਾਲ ਲੂ ਜਾਂ ਗਰਮੀ ਦਾ ਡਰ ਘੱਟ ਰਹਿੰਦਾ ਹੈ।
ਲੂ ਲੱਗਣਾ ਤੇ ਗਰਮੀ ਲੱਗਣਾ ਦੋਵੇਂ ਵੱਖ-ਵੱਖ ਪਹਿਲੂ ਹਨ। ਤੁਹਾਡੇ ਦੇਰ ਤੱਕ ਧੁੱਪ ਵਿਚ ਰਹਿਣ ਨਾਲ 'ਲੂ' ਲਗ ਜਾਂਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਤੇਜ਼ ਗਰਮੀ ਵਿਚ ਜ਼ਿਆਦਾ ਦੇਰ ਤੱਕ ਰਹਿਣ ਨਾਲ ਗਰਮੀ ਲੱਗਣਾ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੀ ਸਥਿਤੀ ਵਿਚ ਸਰੀਰ ਦਾ ਤਾਪਮਾਨ ਅਤਿਅੰਤ ਤੇਜ਼ੀ ਨਾਲ ਵਧਦਾ ਹੈ, ਚਿਹਰਾ ਲਾਲ ਹੋਣ ਲਗਦਾ ਹੈ, ਪਿਆਸ ਜ਼ਿਆਦਾ ਲਗਦੀ ਹੈ, ਸਾਹ ਲੈਂਦੇ ਸਮੇਂ ਰੋਗੀ ਹਫ਼ਣ ਲਗਦਾ ਹੈ ਅਤੇ ਬੇਚੈਨੀ ਹੋਣ ਲਗਦੀ ਹੈ।
ਸਰੀਰ ਵਿਚ ਲੱਗੀ ਗਰਮੀ ਜਾਂ ਲੂ ਦਾ ਤਿਆਗ ਸਰੀਰ ਸੌਖਿਆਂ ਨਾਲ ਨਹੀਂ ਕਰ ਪਾਉਂਦਾ। ਇਸ ਲਈ ਮੁਢਲੀ ਸਹਾਇਤਾ ਦੀ ਵਰਤੋਂ ਦਾ ਸਹਾਰਾ ਲੈਣਾ ਜ਼ਰੂਰੀ ਹੁੰਦਾ ਹੈ ਤਾਂ ਕਿ ਸਰੀਰ ਦੀ ਗਰਮੀ ਘੱਟ ਹੋ ਸਕੇ। ਲੂ ਲੱਗੇ ਵਿਅਕਤੀ ਨੂੰ ਠੰਢੇ ਤੇ ਛਾਂਦਾਰ ਥਾਂ 'ਤੇ ਆਰਾਮ ਕਰਨਾ ਚਾਹੀਦਾ ਹੈ, ਉਸ ਦੇ ਕੱਪੜਿਆਂ ਨੂੰ ਢਿੱਲਾ ਕਰ ਦੇਣਾ ਚਾਹੀਦਾ ਹੈ ਜਾਂ ਲਾਹ ਲੈਣਾ ਚਾਹੀਦਾ ਹੈ। ਜਦੋਂ ਕਦੀ ਵੀ ਕਿਸੇ ਨੂੰ ਲੂ ਲੱਗ ਜਾਵੇ ਤਾਂ ਰੋਗੀ ਨੂੰ ਛਾਂਦਾਰ ਹਵਾਹਾਰੀ ਥਾਂ 'ਤੇ ਲਿਟਾ ਕੇ ਮੁਢਲੀ ਸਹਾਇਤਾ ਦਿਓ। ਰੋਗੀ ਨੂੰ ਨਿੰਬੂ, ਅਦਰਕ ਤੇ ਪੁਦੀਨੇ ਦਾ ਰਸ ਦੇਣਾ ਵੀ ਲਾਭਕਾਰੀ ਹੁੰਦਾ ਹੈ। ਕਦੀ-ਕਦੀ ਇਨ੍ਹਾਂ ਕਾਰਨ ਹੀ ਭਿਅੰਕਰ ਸਥਿਤੀ ਤੋਂ ਬਚਿਆ ਜਾ ਸਕਦਾ ਹੈ।
-੦-
ਜੇ ਲੂ ਲੱਗ ਗਈ ਤਾਂ ਫਿਰ ਕੀ ਕਰੀਏ?
ਅਜੀਤ ਡੈਸਕ
22-05-2026