ਅੱਜ ਦੇ ਸਮੇਂ ਵਿਚ ਲੋਕਾਂ ਦਾ ਝੁਕਾਅ ਯੋਗ ਅਤੇ ਪ੍ਰਾਣਾਯਾਮ ਵੱਲ ਕਾਫ਼ੀ ਵਧਿਆ ਹੈ। ਜਦੋਂ ਤੋਂ ਲੋਕਾਂ ਨੇ ਯੋਗ ਅਤੇ ਪ੍ਰਾਣਾਯਾਮ ਦੇ ਮਹੱਤਵ ਨੂੰ ਸਮਝਿਆ ਹੈ, ਉਨ੍ਹਾਂ ਵਿਚ ਇਸ ਨੂੰ ਜਾਣਨ ਦੀ ਅਤੇ ਸਮਝਣ ਦੀ ਉਤਸੁਕਤਾ ਹੋਰ ਵੀ ਵਧ ਗਈ ਹੈ। ਇਹ ਇਕ ਸ਼ੁੱਭ ਸੰਕੇਤ ਹੈ। ਇਹ ਸਿਹਤ ਪ੍ਰਤੀ ਵਧੀ ਜਾਗਰੂਕਤਾ ਦਾ ਹੀ ਇਹ ਨਤੀਜਾ ਹੈ।
ਪ੍ਰਾਣਾਯਾਮ ਸਾਹ-ਕੱਢਣ ਦੀ ਇਕ ਇਸ ਤਰ੍ਹਾਂ ਦੀ ਪ੍ਰਕਿਰਿਆ ਹੈ ਜੋ ਸਰੀਰ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ। ਇੜਾ, ਪਿੰਗਲਾ ਅਤੇ ਸੁਸ਼ੁਮਨਾ, ਇਨ੍ਹਾਂ ਤਿੰਨਾਂ ਹੀ ਨਾੜੀਆਂ ਵਿਚ ਠੀਕ-ਠੀਕ ਸੰਤੁਲਨ ਬਣਾ ਕੇ ਅਰੋਗਿਆ ਅਰੋਗ ਰਹਿਣ ਦੀ ਤਾਕਤ, ਸ਼ਾਂਤੀ, ਇਕਾਗਰਤਾ ਅਤੇ ਲੰਮੀ ਉਮਰ ਪ੍ਰਦਾਨ ਕਰਨਾ ਪ੍ਰਾਣਾਯਾਮ ਦਾ ਮੁੱਖ ਉੇਦਸ਼ ਹੈ। ਇਸ ਨਾਲ ਆਮਾਸ਼ਿਆ, ਲਿਵਰ, ਕਿਡਨੀ, ਛੋਟੀ ਤੇ ਵੱਡੀ ਅੰਤੜੀਆਂ ਅਤੇ ਸਾਹਤੰਤਰ ਦੀ ਕਾਰਜ-ਕੁਸ਼ਲਤਾ ਵਧਦੀ ਹੈ। ਨਤੀਜੇ ਵਜੋਂ ਅਨੇਕ ਤਰ੍ਹਾਂ ਦੇ ਰੋਗ ਦੂਰ ਹੁੰਦੇ ਹਨ। ਸਰੀਰ ਦੀ ਰੋਗ-ਪ੍ਰਤੀਰੋਧੀ ਸ਼ਕਤੀ ਵਧਦੀ ਹੈ ਅਤੇ ਮਨ ਦਾ ਇਕਾਗਰਤਾ ਵਧਦੀ ਹੈ।
ਪ੍ਰਾਣਾਯਾਮ ਕਰਦੇ ਸਮੇਂ ਸਾਹ-ਪ੍ਰਕਿਰਿਆ ਸੰਬੰਧੀ ਤਿੰਨ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ। ਸਾਹ ਅੰਦਰ ਲੈ ਜਾਣ ਦੀ ਕਿਰਿਆ ਨੂੰ 'ਪੂਰਕ' ਸਾਹ ਅਤੇ ਛੱਡਣ ਦੀ ਕਿਰਿਆ ਨੂੰ 'ਰੇਚਕ' ਅਤੇ ਸਾਹ ਰੋਕਣ ਦੀ ਕਿਰਿਆ ਨੂੰ 'ਕੁੰਭਕ' ਕਿਹਾ ਜਾਂਦਾ ਹੈ। 'ਕੁੰਭਕ' ਵੀ ਦੋ ਤਰ੍ਹਾਂ ਦਾ ਹੁੰਦਾ ਹੈ ਅੰਤਰ ਕੁੰਭਕ ਅਤੇ ਬਾਹਰੀ ਕੁੰਭਕ ਕਿਹਾ ਜਾਂਦਾ ਹੈ। ਪ੍ਰਾਣਾਯਾਮ ਦੀ ਆਪਣੀ ਇਕ ਹੱਦ ਹੁੰਦੀ ਹੈ। ਕੁਝ ਲੋਕ ਪ੍ਰਾਣਾਯਾਮ ਨੂੰ ਸਭ ਰੋਗਾਂ ਦੀ ਇਕ ਦਵਾਈ ਦੇ ਰੂਪ ਵਿਚ ਦੱਸਦੇ ਹਨ ਪਰ ਇਹ ਸੱਚ ਨਹੀਂ ਹੈ। ਉੱਚ ਬਲੱਡ ਪ੍ਰੈੱਸ਼ਰ, ਦਿਲ ਦੀ ਬਿਮਾਰੀ, ਚੱਕਰ ਆਉਣ ਜਾਂ ਦਿਮਾਗ਼ ਦੇ ਵਿਕਾਰਾਂ ਵਿਚ ਭਸਤ੍ਰਿਕਾ, ਕਪਾਲਭਾਤੀ ਅਤੇ ਮੂਰਛਾ ਪ੍ਰਾਣਾਯਾਮ ਦਾ ਅਭਿਆਸ ਨਹੀਂ ਕਰਨਾ ਚਾਹੀਦਾ। ਫੇਫੜਿਆਂ ਦੀ ਬਿਮਾਰੀ ਹੋਵੇ, ਫੇਫੜੇ ਵਿਚ ਸੁਰਾਖ ਹੋਵੇ ਤਾਂ ਇਸ ਤਰ੍ਹਾਂ ਦੀ ਹਾਲਤ ਵਿਚ ਨਾੜੀ-ਸ਼ੋਧਨ ਪ੍ਰਾਣਾਯਾਮ ਨਹੀਂ ਕਰਨਾ ਚਾਹੀਦਾ। ਜ਼ੋਰ ਲਗਾ ਕੇ ਦੇਰ ਤੱਕ ਕੁੰਭਕ ਕਰਨ ਜਾਂ ਇਸ ਦੇ ਨਾਲ ਖਿਲਵਾੜ ਕਰਨ ਨਾਲ ਨਾੜੀਆਂ, ਫੇਫੜਿਆਂ ਅਤੇ ਦਿਲ ਨੂੰ ਨੁਕਸਾਨ ਪਹੁੰਚ ਸਕਦਾ ਹੈ। ਠੰਢ ਵਿਚ ਸ਼ੀਤਲੀ ਜਾਂ ਸ਼ੀਤਕਾਰੀ ਪ੍ਰਾਣਾਯਾਮ ਦਾ ਅਤੇ ਗਰਮੀਆਂ ਵਿਚ ਸੂਰਜਭੇਦਨ ਜਾਂ ਭਸਤ੍ਰਿਕਾ ਪ੍ਰਾਣਾਯਾਮ ਦਾ ਅਭਿਆਸ ਨਹੀਂ ਕਰਨਾ ਚਾਹੀਦਾ।
ਪ੍ਰਾਣਾਯਾਮ ਦੇ ਅਭਿਆਸ ਤੋਂ ਪਹਿਲਾਂ ਯੋਗਾ ਆਸਣਾਂ ਦਾ ਸਮੁੱਚਾ ਅਭਿਆਸ ਕਰ ਕੇ ਸਰੀਰ ਨੂੰ ਲਚੀਲਾ ਬਣਾ ਲੈਣਾ ਚਾਹੀਦਾ ਹੈ। ਸਿੱਧਾ ਆਸਣ ਜਾਂ ਪਦਮ ਆਸਣ ਹੀ ਪ੍ਰਾਣਾਯਾਮ ਲਈ ਉੱਤਮ ਆਸਣ ਹਨ। ਇਸ ਵਿਚ ਰੀੜ੍ਹ ਦੀ ਹੱਡੀ ਸਿੱਧੀ ਅਤੇ ਅਰਾਮ ਦੀ ਸਥਿਤੀ ਵਿਚ ਰਹਿੰਦੀ ਹੈ। ਨਾਲ ਹੀ ਇਸ ਵਿਚ ਮੋਢਿਆਂ ਦਾ ਫੈਲਾਅ ਜ਼ਿਆਦਾ ਰਹਿਣ ਕਾਰਨ ਫੇਫੜਿਆਂ ਨੂੰ ਪ੍ਰਾਣਵਾਯੂ ਹਾਸਿਲ ਕਰਨ ਵਿਚ ਕੋਈ ਰੁਕਾਵਟ ਨਹੀਂ ਹੁੰਦੀ ਹੈ।
ਭੋਜਨ ਕਰਨ ਤੋਂ ਅੱਧਾ ਘੰਟਾ ਪਹਿਲਾਂ ਜਾਂ ਚਾਰ ਘੰਟੇ ਬਾਅਦ ਹੀ ਪ੍ਰਾਣਾਯਾਮ ਦਾ ਅਭਿਆਸ ਕਰਨਾ ਚਾਹੀਦਾ ਹੈ। ਹਲਕੇ ਨਾਸ਼ਤੇ ਤੋਂ ਬਾਅਦ ਦੋ ਘੰਟੇ ਬਾਅਦ ਹੀ ਇਸ ਦਾ ਅਭਿਆਸ ਕਰਨਾ ਸਹੀ ਰਹਿੰਦਾ ਹੈ। ਉਂਝ ਆਦਰਸ਼ ਸਥਿਤੀ ਤਾਂ ਇਹ ਹੈ ਕਿ ਇਸ ਦੇ ਅਭਿਆਸ ਦੇ ਸਮੇਂ ਆਮਾਸ਼ਿਆ, ਵੱਡੀ ਅੰਤੜੀ ਅਤੇ ਮੂਤਰ ਗ੍ਰੰਥੀ ਖਾਲੀ ਰੱਖਣੀ ਚਾਹੀਦੀ ਹੈ। ਇਸ ਦਾ ਅਭਿਆਸ ਕਰਦੇ ਸਮੇਂ ਮਨ ਵਿਚ ਕਿਸੇ ਤਰ੍ਹਾਂ ਦੇ ਨਾਕਾਰਾਤਮਿਕ ਭਾਵ ਜਿਵੇਂ ਗੁੱਸਾ, ਨਫ਼ਰਤ ਆਦਿ ਦੇ ਭਾਵ ਨਾ ਹੋਣ ਅਤੇ ਮਨ ਸ਼ਾਂਤ ਅਤੇ ਖਿੜਿਆ ਰਹਿਣਾ ਚਾਹੀਦਾ ਹੈ।
ਗੰਦੇ, ਬਦਬੂਦਾਰ, ਸਲ੍ਹਾਬੇ ਵਾਲੇ ਜਾਂ ਬੰਦ ਕਮਰੇ ਵਿਚ ਪ੍ਰਾਣਾਯਾਮ ਦਾ ਅਭਿਆਸ ਨਹੀਂ ਕਰਨਾ ਚਾਹੀਦਾ। ਜਿਥੇ ਤੇਜ਼ ਅਤੇ ਸਿੱਧੀ ਹਵਾ ਆਉਂਦੀ ਹੋਵੇ, ਉਥੇ ਹੀ ਸਹੀ ਹੁੰਦਾ ਹੈ। ਉਥੇ ਵੀ ਪ੍ਰਾਣਾਯਾਮ ਨਹੀਂ ਕਰਨਾ ਚਾਹੀਦਾ ਜਿਥੇ ਦੀ ਹਵਾ ਬਹੁਤ ਜ਼ਿਆਦਾ ਠੰਢੀ ਹੋਵੇ ਜਾਂ ਬਹੁਤ ਜ਼ਿਆਦਾ ਗਰਮ ਹੋਵੇ, ਭੀੜ ਵਾਲੀ ਅਤੇ ਸ਼ੋਰ-ਸ਼ਰਾਬੇ ਵਾਲੀ ਥਾਂ ਤੋਂ ਵੀ ਬਚਣਾ ਚਾਹੀਦਾ ਹੈ। ਹਵਾਦਾਰ, ਸਾਫ਼, ਸੁਖਦ ਅਤੇ ਸ਼ਾਂਤ ਵਾਤਾਵਰਨ ਵਿਚ ਹੀ ਅਭਿਆਸ ਕਰਨਾ ਠੀਕ ਹੁੰਦਾ ਹੈ। ਪ੍ਰਾਣਾਯਾਮ ਕਰਦੇ ਸਮੇਂ ਨਾ ਤਾਂ ਸਰੀਰ ਵਿਚ ਅਕੜਨ ਹੀ ਰਹਿਣੀ ਚਾਹੀਦੀ ਹੈ ਅਤੇ ਨਾ ਹੀ ਢਿੱਲਾਪਨ। ਸਰੀਰ ਵਿਚ ਕਿਸੇ ਤਰ੍ਹਾਂ ਦਾ ਤਣਾਅ ਵੀ ਨਹੀਂ ਰਹਿਣਾ ਚਾਹੀਦਾ। ਬਹੁਤ ਲੋਕ ਪੂਰਕ ਅਤੇ ਰੇਚਕ ਕਰਦੇ ਸਮੇਂ ਸਰੀਰ ਨੂੰ ਬਹੁਤ ਜ਼ਿਆਦਾ ਹਿਲਾਉਂਦੇ ਹਨ ਜੋ ਕਿਸੇ ਹਾਲਤ ਵਿਚ ਵੀ ਠੀਕ ਨਹੀਂ ਹੈ। ਅਭਿਆਸ ਸਮੇਂ ਸਰੀਰ ਨਾ ਹਿਲ ਸਕੇ, ਇਸ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ।
ਪ੍ਰਾਣਾਯਾਮ ਕਰਨ ਦੇ ਸ਼ੁਰੂਆਤੀ ਦੌਰ ਵਿਚ ਹੀ ਅੰਤ 'ਤੇ ਨਹੀਂ ਪਹੁੰਚ ਜਾਣਾ ਚਾਹੀਦਾ। ਆਪਣੀ ਤਾਕਤ ਅਨੁਸਾਰ ਹੌਲੀ-ਹੌਲੀ ਫੇਫੜਿਆਂ ਦੇ ਸ਼ਕਤੀਸ਼ਾਲੀ ਹੋ ਜਾਣ 'ਤੇ ਹੀ ਅਭਿਆਸ ਦੀ ਗਤੀ ਅਤੇ ਸਮਾਂ ਵਧਾਉਣਾ ਚਾਹੀਦਾ ਹੈ। ਕਦੀ ਵੀ ਅਭਿਆਸ ਦੌਰਾਨ ਜ਼ੋਰ ਲਗਾ ਕੇ ਸਾਹ ਦੀ ਕਿਰਿਆ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਗ਼ੈਰ-ਜ਼ਰੂਰੀ ਆਵਾਜ਼ ਹੀ ਪੈਦਾ ਕਰਨੀ ਚਾਹੀਦੀ ਹੈ। ਪ੍ਰਾਣਾਯਾਮ ਦੇ ਅਭਿਆਸ ਲਈ ਸਭ ਤੋਂ ਸਹੀ ਸਮਾਂ ਸਵੇਰ ਦਾ ਹੁੰਦਾ ਹੈ ਜਦੋਂ ਵਾਤਾਵਰਨ ਸ਼ਾਂਤ ਅਤੇ ਸਾਫ਼ ਹੁੰਦਾ ਹੈ।
ਜਦੋਂ ਕਰੋ ਤੁਸੀਂ ਪ੍ਰਾਣਾਯਾਮ
ਅਜੀਤ ਡੈਸਕ
22-05-2026