ਚਾਹ ਦੀ ਵਰਤੋਂ ਜਿਥੇ ਸਾਨੂੰ ਆਰਾਮ ਦਿੰਦੀ ਹੈ, ਉਥੇ ਜ਼ਿਆਦਾ ਨੁਕਸਾਨ ਵੀ ਪਹੁੰਚਾਉਂਦੀ ਹੈ। ਸਹੀ ਢੰਗ ਨਾਲ ਬਣੀ ਚਾਹ ਜੇਕਰ ਸੀਮਤ ਮਾਤਰਾ ਵਿਚ ਪੀਤੀ ਜਾਵੇ ਤਾਂ ਸਰੀਰ ਨੂੰ ਚੁਸਤੀ ਮਿਲਣ ਦੇ ਨਾਲ-ਨਾਲ ਕਈ ਲਾਭ ਵੀ ਦਿੰਦੀ ਹੈ। ਆਓ ਜਾਣੀਏ ਇਸ ਦੇ ਫਾਇਦੇ ਨੁਕਸਾਨ :
ਚਾਹ ਦੇ ਲਾਭ
-ਚਾਹ ਵਿਚ ਐਂਟੀਜਨ ਹੋਣ ਕਾਰਨ ਐਂਟੀ ਬੈਕਟੀਰੀਅਲ ਤਾਕਤ ਵਧਦੀ ਹੈ।
-ਚਾਹ ਵਿਚ ਕੈਫ਼ੀਨ ਅਤੇ ਟੈਨਿਨ ਹੋਣ ਕਾਰਨ ਸਰੀਰ ਨੂੰ ਊਰਜਾ ਮਿਲਦੀ ਹੈ।
-ਚਾਹ ਵਿਚ ਫਲੋਰਾਈਡ ਪਾਏ ਜਾਣ ਕਾਰਨ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ ਅਤੇ ਦੰਦਾਂ ਵਿਚ ਕੀੜਾ ਲਗਣ ਤੋਂ ਬਚਾਅ ਹੁੰਦਾ ਹੈ।
-ਚਾਹ ਵਿਚ ਪਾਇਆ ਜਾਣ ਵਾਲਾ ਅਮੀਨੋ ਐਸਿਡ ਦਿਮਾਗ਼ ਨੂੰ ਚੌਕੰਨਾ ਰੱਖਦਾ ਹੈ।
-ਇਸ ਵਿਚ ਐਂਟੀ-ਆਕਸੀਡੈਂਟ ਤੱਤ ਹੋਣ ਕਾਰਨ ਸਰੀਰ ਦੀ ਰੋਗ-ਪ੍ਰਤੀਰੋਧੀ ਸ਼ਕਤੀ ਵਧਦੀ ਹੈ।
-ਇਹ ਬੁਢਾਪੇ ਦੀ ਰਫ਼ਤਾਰ ਨੂੰ ਘੱਟ ਕਰਦੀ ਹੈ ਕਿਉਂਕਿ ਇਸ ਵਿਚ ਐਂਟੀ ਏਜਿੰਗ ਗੁਣ ਪਾਏ ਜਾਂਦੇ ਹਨ।
ਜ਼ਿਆਦਾ ਚਾਹ ਪੀਣ ਦੇ ਨੁਕਸਾਨ
ਕਿਸੇ ਵੀ ਚੀਜ਼ ਦਾ ਆਦੀ ਹੋਣਾ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ, ਇਸੇ ਤਰ੍ਹਾਂ ਚਾਹ ਦੀ ਜ਼ਿਆਦਾ ਵਰਤੋਂ ਵੀ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ।
-ਜ਼ਿਆਦਾ ਚਾਹ ਪੀਣ ਨਾਲ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ।
-ਸਰੀਰ ਵਿਚ ਆਇਰਨ ਜਜ਼ਬ ਕਰਨ ਦੀ ਤਾਕਤ ਘੱਟ ਹੁੰਦੀ ਹੈ।
-ਜ਼ਿਆਦਾ ਚਾਹ ਦੀ ਵਰਤੋਂ ਸਰੀਰ ਵਿਚ ਖ਼ੁਸ਼ਕੀ ਲਿਆਉਂਦੀ ਹੈ।
-ਚਾਹ ਵਿਚ ਕੈਫ਼ੀਨ ਹੋਣ ਕਾਰਨ ਜ਼ਿਆਦਾ ਵਰਤੋਂ ਨਾਲ ਸਰੀਰ ਉਸ ਦਾ ਆਦੀ ਹੋ ਜਾਂਦਾ ਹੈ।
-ਹਾਜ਼ਮਾ ਕਿਰਿਆ ਮੱਧਮ ਪੈਂਦੀ ਹੈ।
-ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ।
-ਜ਼ਿਆਦਾ ਚਾਹ ਦੀ ਵਰਤੋਂ ਨਾਲ ਦੰਦਾਂ 'ਤੇ ਦਾਗ਼ ਪੈ ਜਾਂਦੇ ਹਨ।
-ਜ਼ਿਆਦਾ ਚਾਹ ਪੀਣ ਨਾਲ ਮੂੰਹ ਦਾ ਸਵਾਦ ਵਿਗੜਦਾ ਹੈ।
ਕੁਝ ਗੱਲਾਂ ਦਾ ਰੱਖੋ ਧਿਆਨ
-ਐਸਿਡਿਟੀ ਵਾਲੇ ਲੋਕਾਂ ਨੂੰ ਚਾਹ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਇਕੱਲੀ ਚਾਹ ਦੀ ਵਰਤੋਂ ਨਾ ਕਰੋ, ਨਾਲ ਕੁਝ ਨਾ ਕੁਝ ਜ਼ਰੂਰ ਖਾਓ।
-ਗਰਭਵਤੀ ਔਰਤਾਂ ਨੂੰ ਚਾਹ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ।
-ਰਾਤ ਨੂੰ ਸੌਣ ਤੋਂ ਪਹਿਲਾਂ ਚਾਹ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਨੀਂਦ ਵਿਚ ਰੁਕਾਵਟ ਪੈ ਸਕਦੀ ਹੈ।
-ਅੱਧਾ ਘੰਟਾ ਪਹਿਲਾਂ ਬਣੀ ਚਾਹ ਨੂੰ ਦੁਬਾਰਾ ਗਰਮ ਕਰਕੇ ਪੀਣ ਤੋਂ ਬਚੋ।
-ਚਾਹ ਦੀ ਪੱਤੀ ਨੂੰ ਵਾਰ-ਵਾਰ ਨਾ ਉਬਾਲੋ।
-ਗਲੀ ਮੁਹੱਲੇ ਅਤੇ ਢਾਬਿਆਂ ਵਿਚ ਬਣੀ ਚਾਹ ਪੀਣ ਤੋਂ ਬਚੋ ਕਿਉਂਕਿ ਵਾਰ-ਵਾਰ ਉਸੇ ਚਾਹ ਪੱਤੀ ਵਿਚ ਹੋਰ ਪੱਤੀ ਪਾ ਕੇ ਉਬਾਲਿਆ ਜਾਂਦਾ ਹੈ।
-ਸਵੇਰੇ ਉੱਠਦਿਆਂ ਹੀ ਚਾਹ ਦੀ ਵਰਤੋਂ ਨੁਕਸਾਨਕਾਰੀ ਹੁੰਦੀ ਹੈ।
ਚਾਹ ਦੀ ਵਰਤੋਂ ਦਾ ਲਾਭ ਜਾਂ ਨੁਕਸਾਨ ਚਾਹ ਬਣਾਉਣ ਦੀ ਵਿਧੀ 'ਤੇ ਵੀ ਨਿਰਭਰ ਕਰਦਾ ਹੈ।
ਚਾਹ ਦੀ ਵਰਤੋਂ ਕਿੰਨੀ ਲਾਭਕਾਰੀ, ਕਿੰਨੀ ਨੁਕਸਾਨਦਾਇਕ
ਅਜੀਤ ਡੈਸਕ
31-07-2026