ਜਦੋਂ ਸਾਡੇ ਸਰੀਰ ਵਿਚ ਪਾਣੀ ਦੀ ਮਾਤਰਾ ਘੱਟ ਹੋਣ ਲਗਦੀ ਹੈ ਤਾਂ ਸਾਨੂੰ ਪਿਆਸ ਲਗਦੀ ਹੈ, ਪਰ ਪਿਆਸ ਹੀ ਕਿ ਮਾਤਰ ਲੱਛਣ ਨਹੀਂ ਹੈ ਜੋ ਸਾਨੂੰ ਦੱਸਦਾ ਹੈ ਕਿ ਸਾਡੇ ਸਰੀਰ ਨੂੰ ਪਾਣੀ ਦੀ ਜ਼ਰੂਰਤ ਹੈ। ਕਦੀ ਇਨ੍ਹਾਂ ਵਿਚੋਂ ਕੋਈ ਲੱਛਣ ਦਸਤਕ ਦਿੰਦਾ ਹੈ ਤੇ ਕਦੀ ਕੋਈ। ਇਨ੍ਹਾਂ ਲੱਛਣਾਂ ਨੂੰ ਸੁਣਨਾ ਵੀ ਜ਼ਰੂਰੀ ਹੈ ਤਾਂ ਕਿ ਸਰੀਰ ਵਿਚ ਡੀਹਾਈਡ੍ਰੇਸ਼ਨ ਦੀ ਸਥਿਤੀ ਜ਼ਿਆਦਾ ਦੇਰ ਤੱਕ ਨਾ ਰਹੇ। ਕੁਝ ਲੋਕਾਂ ਨੂੰ ਸਰੀਰ ਵਿਚ ਡੀਹਾਈਡ੍ਰੇਸ਼ਨ ਹੋਣ 'ਤੇ ਸਿਰਦਰਦ ਹੋਣ ਲਗਦਾ ਹੈ ਕਿਉਂਕਿ ਸਰੀਰ ਵਿਚ ਫਲੂਇਡ ਦੀ ਕਮੀ ਹੋਣ 'ਤੇ ਸਾਡਾ ਦਿਮਾਗ਼ ਸੁੰਗੜਣ ਲਗਦਾ ਹੈ ਜਿਸ ਨਾਲ ਉਸ 'ਤੇ ਖਿਚਾਅ ਪੈਂਦਾ ਹੈ ਅਤੇ ਸਾਨੂੰ ਡੀਹਾਈਡ੍ਰੇਸ਼ਨ ਸਿਰਦਰਦ ਹੁੰਦਾ ਹੈ।
ਸਰੀਰ ਵਿਚ ਪਾਣੀ ਦੀ ਕਮੀ ਹੋਣ 'ਤੇ ਲਾਰ ਘੱਟ ਬਣਦੀ ਹੈ। ਸਾਡੀ ਲਾਰ ਵਿਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਲਾਰ ਘੱਟ ਬਣਨ 'ਤੇ ਮੂੰਹ ਵਿਚ ਬੈਕਟੀਰੀਆ ਦੀ ਮਾਤਰਾ ਵਧ ਜਾਂਦੀ ਹੈ ਅਤੇ ਮੂੰਹ 'ਚੋਂ ਬਦਬੂ ਆਉਣ ਲਗਦੀ ਹੈ। ਸਾਡੇ ਦਿਮਾਗ਼ ਦਾ 90 ਫ਼ੀਸਦੀ ਹਿੱਸਾ ਪਾਣੀ ਹੁੰਦਾ ਹੈ। ਪਾਣੀ ਦੀ ਮਾਤਰਾ ਘੱਟ ਹੋਣ 'ਤੇ ਸਾਡੀ ਇਕਾਗਰਤਾ ਨਹੀਂ ਹੋ ਪਾਉਂਦੀ ਅਤੇ ਯਾਦ ਸ਼ਕਤੀ ਵੀ ਕਮਜ਼ੋਰ ਲਗਣ ਲਗਦੀ ਹੈ।
ਕਈ ਵਾਰ ਸਾਨੂੰ ਕੁਝ ਖਾਣ ਦੀ ਤੇਜ਼ ਇੱਛਾ ਹੁੰਦੀ ਹੈ ਪਰ ਇਹ ਅਸਲ ਵਿਚ ਭੁੱਖ ਨਹੀਂ, ਪਿਆਸ ਹੁੰਦੀ ਹੈ। ਇਸ ਲਈ ਜਦੋਂ ਤੇਜ਼ ਭੁੱਖ ਲੱਗੇ ਤਾਂ ਕੁਝ ਖਾਣ ਤੋਂ ਪਹਿਲਾਂ ਇਕ ਗਿਲਾਸ ਪਾਣੀ ਪੀ ਲਓ। ਸ਼ਾਇਦ ਤੁਹਾਡੀ ਪਿਆਸ ਦੇ ਨਾਲ ਤੁਹਾਡੀ ਭੁੱਖ ਵੀ ਖ਼ਤਮ ਹੋ ਜਾਵੇ।
ਇਸ ਤੋਂ ਇਲਾਵਾ ਜੇਕਰ ਤੁਸੀਂ ਬਹੁਤ ਥਕਾਵਟ ਜਾਂ ਸੁਸਤੀ ਮਹਿਸੂਸ ਕਰ ਰਹੇ ਹੋ ਤਾਂ ਇਹ ਵੀ ਡੀਹਾਈਡ੍ਰੇਸ਼ਨ ਦਾ ਕਾਰਨ ਹੋ ਸਕਦਾ ਹੈ। ਸਰੀਰ ਵਿਚ ਪਾਣੀ ਦੀ ਕਮੀ ਨਾਲ ਸਰੀਰ ਨੂੰ ਸਹੀ ਮਾਤਰਾ ਵਿਚ ਆਕਸੀਜਨ ਨਹੀਂ ਮਿਲਦੀ ਤੇ ਸਰੀਰ ਥਕਾਵਟ ਅਤੇ ਸੁਸਤੀ ਮਹਿਸੂਸ ਕਰਨ ਲਗਦਾ ਹੈ। ਇਸ ਲਈ ਥੋੜ੍ਹੀ ਥੋੜ੍ਹੀ ਦੇਰ ਬਾਅਦ ਸਰੀਰ ਨੂੰ ਪਾਣੀ ਦੀ ਸਹੀ ਮਾਤਰਾ ਦਿੰਦੇ ਰਹੋ।
ਪਾਣੀ : ਜਦੋਂ ਸਰੀਰ ਮੰਗੇ ਹੋਰ
ਅਜੀਤ ਡੈਸਕ
31-07-2026