06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਭਾਰਤ-ਪਾਕਿਸਤਾਨ ਦੀ ਆਰਥਿਕਤਾ ਲਈ ਵਿਸ਼ੇਸ਼ ਅਹਿਮੀਅਤ ਰੱਖਦਾ ਹੈ ਹੋਸਬਾਲੇ ਦਾ ਸੁਝਾਅ

Ad Position 21
No active advertisement
ਅਜੀਤ ਡੈਸਕ 22-05-2026

ਅਪਨੇ ਹੀ ਭਾਈ ਕੋ ਹਮ-ਸਾਇਆ ਬਨਾਤੇ ਕਿਉਂ ਹੋ,
ਸਹਨ ਕੇ ਬੀਚ ਮੇਂ ਦੀਵਾਰ ਲਗਾਤੇ ਕਿਉਂ ਹੋ।
ਮੁਸ਼ਤਾਕ ਆਜ਼ਾਰ ਦੇ ਇਸ ਸ਼ਿਅਰ ਤੋਂ ਪਾਰ ਭਾਰਤ ਦੇ ਸਾਂਝੇ ਘਰ (ਦੇਸ਼) ਦੇ ਸਹਨ (ਵਿਹੜੇ ਵਿਚ ਦੀਵਾਰ) ਉਸਾਰ ਕੇ ਭਾਰਤ ਤੇ ਪਾਕਿਸਤਾਨ ਭਰਾਵਾਂ ਤੋਂ ਹਮਸਾਏ (ਗੁਆਂਢੀ) ਬਣ ਗਏ, ਫਿਰ 1971 ਵਿਚ ਬੰਗਲਾਦੇਸ਼ ਦੀ ਸਥਾਪਨਾ ਨੇ ਇਕ ਹੋਰ ਹਮਸਾਇਆ ਬਣਾ ਦਿੱਤਾ ਪਰ ਅਫ਼ਸੋਸ ਇਸ ਗੱਲ ਦਾ ਜ਼ਿਆਦਾ ਹੈ ਕਿ ਗੁਆਂਢੀ ਬਣੇ ਮੁਲਕ ਚੰਗੇ ਗੁਆਂਢੀ ਨਹੀਂ ਬਣ ਸਕੇ, ਸਗੋਂ ਦੁਸ਼ਮਣ ਹੀ ਬਣ ਗਏ। ਭਾਰਤ ਦੇ ਨਜ਼ਰੀਏ ਤੋਂ ਪਹਿਲ ਪਾਕਿਸਤਾਨ ਨੇ ਕੀਤੀ ਜਦੋਂ ਉਸ ਨੇ ਆਜ਼ਾਦੀ ਮਿਲਦਿਆਂ ਸਾਰ ਕਸ਼ਮੀਰ 'ਤੇ ਹਮਲਾ ਕੀਤਾ। ਫਿਰ ਪਾਕਿਸਤਾਨ ਨੇ ਖੁੱਲ੍ਹੇਆਮ ਅੱਤਵਾਦੀ ਜਥੇਬੰਦੀਆਂ ਨੂੰ ਭਾਰਤ ਦੇ ਖਿਲਾਫ਼ ਵਰਤਿਆ। ਬੇਸ਼ੱਕ ਇਹ ਨਹੀਂ ਕਿ ਭਾਰਤ ਨੇ ਜਵਾਬੀ ਕਾਰਵਾਈਆਂ ਨਹੀਂ ਕੀਤੀਆਂ, ਸਗੋਂ ਭਾਰਤ ਨੇ ਤਾਂ ਇੱਟ ਦਾ ਜਵਾਬ ਪੱਥਰ ਨਾਲ ਹੀ ਦਿੱਤਾ ਹੈ। ਪਰ ਯਾਦ ਰੱਖੋ ਕੋਈ ਗੁਆਂਢੀਆਂ ਨਾਲ ਵਿਗਾੜ ਕੇ ਅਮਨ-ਚੈਨ ਨਾਲ ਨਹੀਂ ਰਹਿ ਸਕਦਾ ਤੇ ਨਾ ਹੀ ਓਨੀ ਤਰੱਕੀ ਕਰ ਸਕਦਾ ਹੈ, ਜਿੰਨੀ ਤਰੱਕੀ ਦਾ ਉਹ ਹੱਕਦਾਰ ਤੇ ਸਮਰੱਥ ਹੁੰਦਾ ਹੈ।
ਭਾਰਤ-ਪਾਕਿ ਤਣਾਅ ਵਿਚ ਸਭ ਤੋਂ ਵੱਡਾ ਕਾਰਨ ਤਾਂ ਇਹੀ ਰਿਹਾ ਹੈ ਕਿ ਪਾਕਿਸਤਾਨ ਵਿਚ ਲੋਕਰਾਜ ਕਮਜ਼ੋਰ ਰਿਹਾ ਤੇ ਫ਼ੌਜ ਹਾਵੀ ਰਹੀ। ਬੇਸ਼ੱਕ 2014 ਵਿਚ ਭਾਜਪਾ ਦੀ ਭਾਰਤ ਵਿਚ ਹਕੂਮਤ ਬਣਨ ਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਨੇਬਰ ਫਸਟ' (ਪਹਿਲਾਂ ਗੁਆਂਢੀ) ਦੀ ਨੀਤੀ ਅਪਣਾਈ। ਪਰ ਪਾਕਿਸਤਾਨ ਵਿਚ ਮੌਲਾਣਿਆਂ ਦਾ ਜ਼ੋਰ ਤੇ ਭਾਰਤ ਵਿਚ ਬਹੁਗਿਣਤੀ ਦੇ ਧਰੁਵੀਕਰਨ ਦੀ ਭਾਜਪਾ ਦੀ ਅੰਦਰੂਨੀ ਨੀਤੀ ਨੇ ਇਸ 'ਨੇਬਰ ਫਸਟ' ਦੀ ਨੀਤੀ ਨੂੰ ਕਾਮਯਾਬ ਹੀ ਨਹੀਂ ਹੋਣ ਦਿੱਤਾ। ਉਂਝ ਵੀ ਭਾਰਤ, ਪਾਕਿਸਤਾਨ ਦੀ ਵੰਡ ਦਾ ਆਧਾਰ, ਜੋ ਕੌਮੀ ਥਿਊਰੀ ਬਣੀ ਉਸ ਨੂੰ ਇਕ ਪਾਸੇ ਮੁਸਲਿਮ ਲੀਗ ਤੇ ਮੁਹੰਮਦ ਅਲੀ ਜਿਨਾਹ ਨੇ ਹਵਾ ਦਿੱਤੀ ਸੀ ਤੇ ਦੂਜੇ ਪਾਸੇ ਭਾਜਪਾ ਦੇ ਨਾਇਕ ਵਿਨਾਇਕ ਦਾਮੋਦਰ ਸਾਵਰਕਰ ਤੇ ਹਿੰਦੂ ਮਹਾਂ ਸਭਾ ਵੀ ਇਸ ਦੇ ਪ੍ਰਮੁੱਖ ਪ੍ਰਚਾਰਕ ਸਨ। ਹਾਲਾਂਕਿ ਦੇਸ਼ ਦੀ ਵੰਡ ਦਾ ਸਭ ਤੋਂ ਵੱਧ ਨੁਕਸਾਨ ਮੁਸਲਮਾਨਾਂ ਨੂੰ ਹੀ ਹੋਇਆ ਹੈ। ਇਸ ਵੇਲੇ ਭਾਰਤ ਵਿਚ ਕਰੀਬ 110 ਕਰੋੜ ਹਿੰਦੂਆਂ ਦੇ ਮੁਕਾਬਲੇ 20-22 ਕਰੋੜ ਮੁਸਲਮਾਨ ਹੋਣਗੇ। ਇਸ ਵੰਡ ਨੇ ਭਾਰਤੀ ਮੁਸਲਮਾਨਾਂ ਨੂੰ ਤਿੰਨ ਹਿੱਸਿਆਂ ਵਿਚ ਵੰਡ ਦਿੱਤਾ, ਜੇ ਭਾਰਤ ਵੰਡਿਆ ਨਾ ਜਾਂਦਾ ਤਾਂ ਅੱਜ ਸਾਂਝੇ ਭਾਰਤ ਵਿਚ ਮੁਸਲਮਾਨਾਂ ਦੀ ਗਿਣਤੀ 60 ਕਰੋੜ ਦੇ ਨੇੜੇ-ਤੇੜੇ ਹੁੰਦੀ। ਉਂਜ ਵੀ ਜੇ ਇਹ ਵੰਡ ਨਾ ਹੁੰਦੀ ਤਾਂ ਪੰਜਾਬੀ ਕੌਮੀਅਤ ਦਾ ਝੰਡਾ ਦੇਸ਼ ਵਿਚ ਬੁਲੰਦ ਰਹਿੰਦਾ ਜੋ ਨਹੀਂ ਰਿਹਾ। ਇਸ ਵੰਡ ਨੇ ਭਾਵੇਂ ਬੰਗਾਲੀਆਂ ਦਾ ਵੀ ਨੁਕਸਾਨ ਕੀਤਾ ਤੇ ਕਰੀਬ 10 ਹਜ਼ਾਰ ਬੰਗਾਲੀ ਮਾਰੇ ਵੀ ਗਏ, ਪਰ ਪੰਜਾਬੀ ਤਾਂ 8 ਲੱਖ ਦੇ ਨੇੜੇ-ਤੇੜੇ ਕਤਲ ਹੋਏ। ਪੰਜਾਬੀਆਂ, ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਨੂੰ ਆਪਣੇ ਘਰ ਬਾਰ ਛੱਡ ਕੇ ਬੇ-ਯਾਰੋ ਮਦਦਗਾਰ ਰੁਲਣਾ ਪਿਆ। ਇਸ ਦਰਮਿਆਨ ਭਾਰਤ-ਪਾਕਿ ਜੰਗਾਂ ਨੇ ਵੀ ਦੋਵਾਂ ਦਸ਼ਾਂ ਦਾ ਨੁਕਸਾਨ ਕੀਤਾ, ਪਰ ਹਰ ਵਾਰ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੀ ਹੋਇਆ ਹੈ। ਨਤੀਜੇ ਵਜੋਂ ਵਾਰ-ਵਾਰ ਭਾਰਤ-ਪਾਕਿ ਸਰਹੱਦਾਂ ਵਾਹਗਾ ਅਟਾਰੀ ਤੇ ਹੁਸੈਨੀਵਾਲਾ ਰਾਹੀਂ ਹੁੰਦਾ ਵਪਾਰ ਰੋਕ ਦਿੱਤਾ ਜਾਂਦਾ ਹੈ। ਇਸ ਨਾਲ ਪੰਜਾਬ, ਹਰਿਆਣਾ ਅਤੇ ਉੱਤਰੀ ਭਾਰਤ ਨੂੰ ਲੱਖਾਂ ਕਰੋੜਾਂ ਦਾ ਘਾਟਾ ਹੀ ਨਹੀਂ ਪੈਂਦਾ ਸਗੋਂ ਬੇਰੁਜ਼ਗਾਰੀ ਵੀ ਵਧਦੀ ਹੈ। ਭਾਰਤ ਨੇ ਪਾਕਿਸਤਾਨ ਵੱਲ ਖੁੱਲ੍ਹਦੇ ਸਾਰੇ ਖਿੜਕੀਆਂ-ਦਰਵਾਜ਼ੇ ਬੰਦ ਕਰ ਲਏ ਹਨ। ਪਰ ਹੈਰਾਨੀ ਤੇ ਖੁਸ਼ੀ ਭਰੀ ਗੱਲ ਇਹ ਹੈ ਕਿ ਭਾਜਪਾ ਦੇ ਪਿੱਤਰੀ ਸੰਗਠਨ ਆਰ.ਐਸ.ਐਸ. ਦੇ ਕੌਮੀ ਸਰ-ਕਾਰਿਆਵਾਹ ਭਾਵ ਸੰਗਠਨ ਜਨਰਲ ਸਕੱਤਰ ਤੇ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਤੋਂ ਬਾਅਦ ਸਭ ਤੋਂ ਸ਼ਕਤੀਸ਼ਾਲੀ ਨੇਤਾ ਦੱਤਾਤ੍ਰੇਯ ਹੋਸਬਾਲੇ ਨੇ ਅਪੀਲ ਕੀਤੀ ਹੈ ਕਿ ਭਾਵੇਂ ਪਾਕਿਸਤਾਨ ਦੇ ਅੱਤਵਾਦ ਦਾ ਠੋਕ ਕੇ ਜਵਾਬ ਦੇਣਾ ਠੀਕ ਨੀਤੀ ਹੈ, ਪਰ ਪਾਕਿਸਤਾਨ ਤੇ ਭਾਰਤ ਦੇ ਲੋਕਾਂ ਵਿਚਲੇ ਆਪਸੀ ਸੰਬੰਧ, ਵਪਾਰ, ਵੀਜ਼ਾ, ਖੇਡਾਂ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਵਧਾਉਣਾ ਚਾਹੀਦਾ ਹੈ। ਬੇਸ਼ੱਕ ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਪਾਕਿਸਤਾਨ ਦੀ ਫ਼ੌਜ ਤੇ ਰਾਜਨੀਤਕ ਨੇਤਾਵਾਂ 'ਤੇ ਭਰੋਸਾ ਨਹੀਂ ਹੈ, ਪਰ ਗੱਲਬਾਤ ਦਾ ਰਸਤਾ ਪੂਰੀ ਤਰ੍ਹਾਂ ਬੰਦ ਨਹੀਂ ਹੋਣਾ ਚਾਹੀਦਾ। ਅਸੀਂ ਸਮਝਦੇ ਹਾਂ ਕਿ ਆਰ.ਐਸ.ਐਸ. ਦਾ ਏਨਾ ਵੱਡਾ ਆਗੂ ਅਜਿਹਾ ਬਿਆਨ ਬਿਨਾਂ ਕਿਸੇ ਸੋਚ ਵਿਚਾਰ ਤੇ ਭਾਜਪਾ ਸਰਕਾਰ ਦੀ ਸਲਾਹ ਬਿਨਾਂ ਨਹੀਂ ਦੇ ਸਕਦਾ। ਇਸ ਦਾ ਸਾਫ਼ ਮਤਲਬ ਹੈ ਕਿ ਭਾਜਪਾ ਪਾਕਿਸਤਾਨ ਪ੍ਰਤੀ ਆਪਣੀ ਨੀਤੀ ਵਿਚ ਕਿਸੇ ਵੱਡੇ ਬਦਲਾਅ ਦੀ ਤਿਆਰੀ ਕਰ ਰਹੀ ਹੈ, ਭਾਵੇਂ ਇਸ ਇਕੱਲੇ ਬਿਆਨ ਨਾਲ ਭਾਰਤ ਤੇ ਪਾਕਿਸਤਾਨ ਦੇ ਸੰਬੰਧਾਂ 'ਤੇ ਛਾਈ ਘੁੱਪ-ਹਨੇਰੀ ਰਾਤ ਖ਼ਤਮ ਨਹੀਂ ਹੋਣ ਲੱਗੀ, ਪਰ ਇਹ ਬਿਆਨ ਘੁੱਪ ਹਨੇਰੀ ਰਾਤ ਵਿਚ ਇਕ ਚਮਕਦੀ ਚਾਨਣ ਦੀ ਕਿਰਨ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੈ। ਇਰਫ਼ਾਨ ਸੱਦੀਕੀ ਦੇ ਲਫ਼ਜ਼ਾਂ ਵਿਚ:
ਰਾਤ ਕੋ ਜੀਤ ਤੋ ਪਾਤਾ ਨਹੀਂ ਲੇਕਿਨ ਯੇ ਚਰਾਗ਼
ਕਮ ਸੇ ਕਮ ਰਾਤ ਕਾ ਨੁਕਸਾਨ ਬਹੁਤ ਕਰਤਾ ਹੈ।
ਭਾਰਤ-ਪਾਕਿ ਸੰਬੰਧਾਂ ਵਿਚ ਸੁਧਾਰ-ਸਵਰਗ ਦਾ ਰਾਹ

ਆਰ.ਐਸ.ਐਸ. ਨੇਤਾ ਦੱਤਾਤ੍ਰੇਯ ਹੋਸਬਾਲੇ ਨੇ ਕਿਹਾ ਕਿ ਭਾਰਤ ਪਾਕਿਸਤਾਨ ਵਿਚ ਤਾਲਮੇਲ ਨੂੰ ਆਰਥਿਕ ਲਾਭ ਵਿਚ ਬਦਲਣਾ ਚਾਹੀਦਾ ਹੈ। ਇਹ ਸੱਚਮੁੱਚ ਭਾਰਤ ਪਾਕਿਸਤਾਨ ਦੋਵਾਂ ਗੁਆਂਢੀਆਂ ਲਈ ਸਵਰਗ ਬਣਨ ਦਾ ਰਾਹ ਹੈ। ਇਕ ਪਾਸੇ ਹੌਲੀ-ਹੌਲੀ ਹਥਿਆਰਾਂ ਦੀ ਦੌੜ ਘਟੇਗੀ ਤੇ ਉਹੀ ਪੈਸਾ ਦੇਸ਼ਾਂ ਅਤੇ ਲੋਕਾਂ ਦੀ ਤਰੱਕੀ ਲਈ ਵਰਤਿਆ ਜਾ ਸਕੇਗਾ ਤੇ ਦੂਸਰੇ ਪਾਸੇ ਜੇਕਰ ਭਾਰਤ ਪਾਕਿਸਤਾਨ ਦੀਆਂ ਜ਼ਮੀਨੀ ਸਰਹੱਦਾਂ ਵਪਾਰ ਲਈ ਖੋਲ੍ਹ ਦਿੱਤੀਆਂ ਜਾਂਦੀਆਂ ਹਨ ਤਾਂ ਇਹ ਪੰਜਾਬ-ਹਰਿਆਣਾ ਤੇ ਉੱਤਰੀ ਭਾਰਤ ਦੇ ਕਿਸਾਨਾਂ, ਉਦਯੋਗਪਤੀਆਂ, ਮਜ਼ਦੂਰਾਂ ਤੇ ਟਰਾਂਸਪੋਰਟਰਾਂ ਲਈ ਅਤੇ ਨੌਜਵਾਨਾਂ ਦੇ ਰੁਜ਼ਗਾਰ ਲਈ ਇਕ ਵਰਦਾਨ ਤੋਂ ਘੱਟ ਨਹੀਂ ਹੋਵੇਗਾ। ਵੱਖ-ਵੱਖ ਅੰਦਾਜ਼ਿਆਂ ਅਨੁਸਾਰ ਇਸ ਰਸਤੇ ਪਾਕਿਸਤਾਨ, ਅਫ਼ਗਾਨਿਸਤਾਨ ਤੇ ਈਰਾਨ ਨਾਲ ਕਰੀਬ 37 ਬਿਲੀਅਨ ਡਾਲਰ ਦਾ ਵਪਾਰ ਹੋ ਸਕਦਾ ਹੈ। ਜੇ ਇਸ ਨੂੰ ਭਾਰਤ ਦੇ ਸੰਭਾਵਿਤ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਕਾਰੀਡੋਰ ਨਾਲ ਜੋੜ ਲਿਆ ਜਾਵੇ ਤਾਂ ਇਹ ਹੋਰ ਵੀ ਕਿਤੇ ਵੱਡਾ ਵਪਾਰਕ ਰਸਤਾ ਬਣ ਜਾਵੇਗਾ। ਹੁਣ ਵੀ ਜ਼ਰਾ ਦੇਖੋ ਅਫ਼ਗਾਨਿਸਤਾਨ, ਈਰਾਨ ਜਾਂ ਕਿਸੇ ਤੀਸਰੇ ਦੇਸ਼ ਰਾਹੀਂ ਭਾਰਤੀ ਮਾਲ ਪਾਕਿਸਤਾਨ ਭੇਜਣ ਲਈ ਲੁਧਿਆਣਾ ਤੋਂ ਗੁਜਰਾਤ ਦੀ ਮੁੰਦਰਾ ਪੋਰਟ ਤੱਕ ਜਾਣ ਲਈ 1200 ਕਿਲੋਮੀਟਰ ਤੋਂ ਵਧੇਰੇ ਰਸਤਾ ਤੈਅ ਕਰਨਾ ਪੈਂਦਾ ਹੈ, ਫਿਰ ਸਮੁੰਦਰੀ ਖਰਚਾ। ਜਦੋਂ ਕਿ ਲੁਧਿਆਣਾ ਤੋਂ ਪਾਕਿਸਤਾਨ ਸਿਰਫ਼ 200 ਕਿਲੋਮੀਟਰ ਦੂਰ ਹੈ ਤੇ ਈਰਾਨ ਤੇ ਅਫ਼ਗਾਨਿਸਤਾਨ ਵਿਚ ਮਾਲ ਤਾਜ਼ਾ ਤੇ ਜਲਦੀ ਪੁੱਜ ਸਕਦਾ ਹੈ। ਜਿਸ ਨਾਲ ਪੰਜਾਬ, ਹਰਿਆਣਾ ਤੇ ਹੋਰ ਉੱਤਰੀ ਰਾਜਾਂ ਤੋਂ ਸਬਜ਼ੀਆਂ ਫਲ ਆਦਿ ਜਲਦੀ ਖਰਾਬ ਹੋਣ ਵਾਲੇ ਉਤਪਾਦ ਭੇਜੇ ਜਾ ਸਕਦੇ ਹਨ, ਇਹ ਪੰਜਾਬ ਨੂੰ ਝੋਨੇ-ਕਣਕ ਦੇ ਫ਼ਸਲੀ ਚੱਕਰ ਵਿਚੋਂ ਵੀ ਕੱਢ ਸਕਦੇ ਹਨ। ਸਾਡੇ ਸਾਹਮਣੇ ਹੈ ਕਿ ਹੋਰਮੂਜ਼ ਜਲਡਮਰੂ ਦੇ ਬੰਦ ਹੋਣ ਕਾਰਨ ਭਾਰਤੀ ਚੌਲ ਬਰਾਮਦਕਾਰਾਂ ਨੂੰ ਕਿੰਨਾ ਨੁਕਸਾਨ ਹੋਇਆ ਹੈ ਤੇ ਪਾਕਿਸਤਾਨ ਦੇ ਚੌਲ ਨਿਰਯਾਤਕਾਂ ਨੂੰ ਕਿੰਨਾ ਫਾਇਦਾ।
ਦੱਤਾਤ੍ਰੇਯ ਦੀ ਅਪੀਲ ਭਾਜਪਾ ਦੀ ਰਾਜਨੀਤੀ ਨੂੰ ਇਕ ਨਵੀਂ ਦਿਸ਼ਾ ਦਿਖਾ ਰਹੀ ਹੈ। ਇਸ ਨੂੰ ਕਮਜ਼ੋਰੀ ਨਹੀਂ, ਸਗੋਂ ਅਮਨ ਦਾ ਇਕ ਰਸਤਾ ਮੰਨਿਆ ਜਾਣਾ ਚਾਹੀਦਾ ਹੈ। ਲੋਕਾਂ ਵਿਚਾਲੇ ਸੰਬੰਧ ਸੁਧਰਨੇ ਅੱਗੇ ਚੱਲ ਕੇ ਅਖੰਡ ਭਾਰਤ ਦੇ ਸੁਪਨੇ ਨੂੰ ਯੂਰਪੀਅਨ ਯੂਨੀਅਨ ਦੀ ਤਰਜ਼ 'ਤੇ ਸਾਕਾਰ ਕਰਨ ਦਾ ਮੁੱਢ ਬਣ ਸਕਦਾ ਹੈ। ਵੱਡੀ ਗੱਲ ਹੈ ਕਿ ਇਸ ਅਪੀਲ ਨੂੰ ਭਾਰਤ ਦੇ ਸਾਬਕਾ ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਨੇ ਵੀ ਸਲਾਹਿਆ ਹੈ। ਇਕ ਜਾਣਕਾਰੀ ਮੁਤਾਬਿਕ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੱਖਣੀ ਏਸ਼ੀਆ ਵਿਚ ਸਰਗਰਮ ਹੋਣ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚ ਪਿਛਲੇ ਦਰਵਾਜ਼ੇ ਦੀ ਟਰੈਕ-2 ਗੱਲਬਾਤ ਸ਼ੁਰੂ ਹੋ ਚੁੱਕੀ ਹੈ। ਪਤਾ ਲੱਗਾ ਹੈ ਕਿ ਇਸ ਗ਼ੈਰ-ਰਸਮੀ ਗੱਲਬਾਤ ਵਿਚ ਦੋਵਾਂ ਦੇਸ਼ਾਂ ਦੇ ਸਾਬਕਾ ਰਾਜਦੂਤ ਤੇ ਭਾਜਪਾ ਨਾਲ ਸੰਬੰਧਿਤ ਹਸਤੀਆਂ ਵੀ ਸ਼ਾਮਿਲ ਸਨ। ਅਜਿਹੀ ਗੱਲਬਾਤ ਥਾਈਲੈਂਡ ਵਰਗੇ ਤੀਸਰੇ ਦੇਸ਼ ਵਿਚ ਹੁੰਦੀ ਹੈ, ਪਰ ਭਾਰਤ ਵੱਡਾ ਤੇ ਤਾਕਤਵਰ ਦੇਸ਼ ਹੈ ਇਸ ਲਈ ਅਮਨ ਦੀ ਪਹਿਲ ਵੀ ਉਸ ਨੂੰ ਹੀ ਕਰਨੀ ਪੈਣੀ ਹੈ ਕਿ ਗੁਆਂਢੀਆਂ ਨੂੰ ਉਸ ਤੋਂ ਡਰਨ ਦੀ ਲੋੜ ਨਹੀਂ।
ਘਰ ਕੀ ਦੀਵਾਰ ਕੋ ਇਤਨਾ ਭੀ ਤੂ ਊਚਾ ਨ ਬਨਾ,
ਤੇਰਾ ਹਮ-ਸਾਇਆ ਤੇਰੇ ਸਾਏ ਸੇ ਡਰਤਾ ਜਾਏ।
(ਇਫ਼ਤਖਾਰ ਨਸੀਮ)
ਮਨਪ੍ਰੀਤ ਸਿੰਘ ਇਆਲੀ ਦਾ ਅਸਤੀਫ਼ਾ

ਮਨਪ੍ਰੀਤ ਸਿੰਘ ਇਆਲੀ ਭਾਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ 5 ਮੈਂਬਰੀ ਭਰਤੀ ਕਮੇਟੀ ਦੇ ਪ੍ਰਮੁੱਖ ਮੈਂਬਰ ਸਨ, ਪਰ ਉਹ ਅਕਾਲੀ ਦਲ (ਪੁਨਰ ਸੁਰਜੀਤ) ਭਾਈ ਅੰਮ੍ਰਿਤਪਾਲ ਸਿੰਘ ਦੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਨਾਲ ਵੀ ਤਾਲਮੇਲ ਕਰਕੇ ਚੱਲਦੇ ਰਹੇ ਹਨ। ਉਹ ਇਸ ਕੰਮ ਲਈ ਦੋਵਾਂ ਦਲਾਂ ਦੀ 8 ਮੈਂਬਰੀ ਕਮੇਟੀ ਦੇ ਕੋਆਰਡੀਨੇਟਰ ਵੀ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਅਹੁਦੇ ਦਾ ਕੋਈ ਲਾਲਚ ਨਹੀਂ ਹੈ ਪਰ ਅਕਾਲੀ ਦਲ (ਪੁਨਰ ਸੁਰਜੀਤ) ਦੇ ਨੇਤਾ ਕੋਈ ਚੰਗੀ ਸਲਾਹ ਸੁਣਨ ਨੂੰ ਵੀ ਤਿਆਰ ਨਹੀਂ। ਜਿਸ ਤਰ੍ਹਾਂ ਉਨ੍ਹਾਂ ਨੇ ਅਕਾਲੀ ਦਲ (ਪੁਨਰ ਸੁਰਜੀਤ) ਤੋਂ ਅਸਤੀਫ਼ਾ ਦੇਣ ਲੱਗਿਆਂ ਸਾਫ਼ ਕੀਤਾ ਹੈ ਕਿ ਉਹ 'ਆਪ', ਭਾਜਪਾ ਜਾਂ ਕਾਂਗਰਸ ਜਾਂ ਅਕਾਲੀ ਦਲ (ਬਾਦਲ) ਵਿਚ ਨਹੀਂ ਜਾਣਗੇ ਤਾਂ ਸਾਫ਼ ਹੈ ਕਿ ਉਨ੍ਹਾਂ ਕੋਲ ਇਕੋ ਇਕ ਰਸਤਾ ਬਚਿਆ ਹੈ ਕਿ ਉਹ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਿਚ ਚਲੇ ਜਾਣ। ਉਂਝ ਵੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇਤਾ ਉਨ੍ਹਾਂ ਨੂੰ ਜੀ ਆਇਆਂ ਕਹਿਣ ਲਈ ਤਿਆਰ ਦਿਸਦੇ ਹਨ। ਪਰ ਰਾਜਨੀਤੀ ਬੜੀ ਸਿਤਮਗ਼ਰ ਹੁੰਦੀ ਹੈ। ਇਹ ਵਕਤ ਹੀ ਦੱਸੇਗਾ ਕਿ ਉਨ੍ਹਾਂ ਦਾ ਅਗਲਾ ਕਦਮ ਕੀ ਹੋਵੇਗਾ ਤੇ ਉਨ੍ਹਾਂ ਨਾਲ ਉਨ੍ਹਾਂ ਦੇ ਕਿਹੜੇ ਕਿਹੜੇ ਹੋਰ ਸਾਥੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਛੱਡਦੇ ਹਨ। ਕਿਉਂਕਿ:
ਸਮਝਨੇ ਹੀ ਨਹੀਂ ਦੇਤੀ ਸਿਆਸਤ ਹਮ ਕੋ ਸੱਚਾਈ,
ਕਭੀ ਚਿਹਰਾ ਨਹੀਂ ਮਿਲਤਾ ਕਭੀ ਦਰਪਣ ਨਹੀਂ ਮਿਲਤਾ।
'ਆਪ' ਵਿਚ ਦਿੱਲੀ ਤੇ ਪੰਜਾਬ ਦੇ ਤਕਰਾਰ ਸ਼ੁਰੂ

ਲੁਧਿਆਣਾ ਵਿਚ ਹੋਈ ਇਕ ਮੀਟਿੰਗ ਵਿਚ ਪੰਜਾਬ ਦੇ ਇਕ ਮੰਤਰੀ ਅਤੇ 'ਆਪ' ਦੇ ਇਕ ਵੱਡੇ ਨੇਤਾ ਦਰਮਿਆਨ ਕਾਫੀ ਗਰਮਾ-ਗਰਮੀ ਦੀਆਂ ਖ਼ਬਰਾਂ ਹਨ। ਹਾਲਤ ਇਹ ਹੈ ਕਿ ਇਸ ਤੋਂ ਤੁਰੰਤ ਬਾਅਦ ਹਾਲਤ ਨੂੰ ਸੰਭਾਲਣ ਲਈ 'ਆਪ' ਦੇ ਸੁਪਰੀਮ ਨੇਤਾ ਅਰਵਿੰਦ ਕੇਜਰੀਵਾਲ ਨੂੰ ਖ਼ੁਦ ਪੰਜਾਬ ਆਉਣਾ ਪਿਆ। ਪਤਾ ਲੱਗਾ ਹੈ ਕਿ ਪੰਜਾਬ ਦੇ ਕਈ ਵਿਧਾਇਕਾਂ ਤੇ ਹੋਰ ਵੱਡੇ ਨੇਤਾਵਾਂ ਦੀ ਹਾਜ਼ਰੀ ਵਿਚ ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਵਿਧਾਇਕ ਜਗਰੂਪ ਗਿੱਲ ਨੇ ਵਿਧਾਇਕਾਂ ਦੀ ਮਰਜ਼ੀ ਦੇ ਖਿਲਾਫ਼ ਨਗਰ ਕੌਂਸਲ ਟਿਕਟਾਂ ਦੇਣ ਦਾ ਵਿਰੋਧ ਪੰਜਾਬ 'ਆਪ' ਦੇ ਇੰਚਾਰਜ ਮਨੀਸ਼ ਸਿਸੋਦੀਆ ਕੋਲ ਜਤਾਇਆ। ਇਸ 'ਤੇ ਸਿਸੋਦੀਆ ਨੇ ਖੁੱਡੀਆਂ ਨੂੰ ਆਪਣੇ ਹਲਕੇ ਲੰਬੀ ਤੱਕ ਸੀਮਤ ਰਹਿਣ ਲਈ ਕਿਹਾ, ਜਿਸ 'ਤੇ ਕਾਫੀ ਗਰਮਾ-ਗਰਮੀ ਹੋਈ। ਦੱਸਿਆ ਜਾਂਦਾ ਹੈ ਕਿ ਜੇਕਰ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਤੇ ਹੋਰ ਵਿਚ-ਵਿਚਾਲਾ ਨਾ ਕਰਦੇ ਤਾਂ ਮਸਲਾ ਹੋਰ ਵੀ ਜ਼ਿਆਦਾ ਵਿਗੜ ਸਕਦਾ ਸੀ।
ਸਵਾਲ ਯੇ ਹੈ ਹਵਾ ਆਈ ਕਿਸ ਇਸ਼ਾਰੇ ਪਰ,
ਚਰਾਗ਼ ਕਿਸ ਕੇ ਬੁਝੇ ਯੇ ਸਵਾਲ ਥੋੜ੍ਹੀ ਹੈ।
(ਨਾਦਿਮ ਨਦੀਮ)

-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E. mail : hslall@ymail.com

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਪਾਉਂਟਾ ਸਾਹਿਬ ਦਾ ਸ਼ਹੀਦੀ ਸਾਕਾ ਅਗਲੀ ਖ਼ਬਰ 'ਬਾਤ ਨਿਕਲੀ ਹੈ ਤੋ ਫਿਰ...'
Ad Position 24