ਸ਼ਹੀਦੀ ਜੋੜ ਮੇਲੇ 'ਤੇ ਵਿਸ਼ੇਸ਼
ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ (ਪਾਂਵਟਾ ਸਾਹਿਬ) ਉਹ ਪਵਿੱਤਰ ਅਸਥਾਨ ਹੈ, ਜਿੱਥੇ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ 17 ਵੈਸਾਖ (20 ਅਪ੍ਰੈਲ 1685 ਈ.) ਨੂੰ ਨਾਹਨ ਰਿਆਸਤ ਦੇ ਰਾਜੇ ਮੇਦਨੀ ਪ੍ਰਕਾਸ਼ ਦੇ ਬੇਨਤੀ ਕਰਨ 'ਤੇ ਨਾਹਨ ਪੁੱਜੇ ਸਨ। ਇਹ ਗੁਰਦੁਆਰਾ ਸਾਹਿਬ ਨਾਹਨ, ਜ਼ਿਲ੍ਹਾ ਸਿਰਮੌਰ ਜਮੁਨਾ ਨਦੀ ਦੇ ਤੱਟ 'ਤੇ ਸਥਿਤ ਹੈ। ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ 'ਚ ਪਾਂਵਟਾ ਦਾ ਅਰਥ 'ਜਿੱਥੇ ਪੈਰ ਅਟਕ ਜਾਵੇ' ਦੱਸਦੇ ਹਨ। ਗੁਰੂ ਜੀ ਰਾਜਾ ਮੇਦਨੀ ਪ੍ਰਕਾਸ਼ ਨਾਲ ਸੈਰ 'ਤੇ ਜਾ ਰਹੇ ਸਨ ਤਾਂ ਅਚਾਨਕ ਘੋੜੇ ਦਾ ਪੈਰ ਅਟਕ ਗਿਆ। ਉਹ ਚੁੱਪਚਾਪ ਖਲੋਤਾ ਰਿਹਾ। ਗੁਰੂ ਜੀ ਨੇ ਰਮਣੀਕ ਥਾਂ ਜਾਣ ਇੱਥੇ ਟਿਕਾਣਾ ਕੀਤਾ। ਗੁਰੂ ਜੀ ਨੇ ਰਾਜਾ ਨਾਹਨ ਤੋਂ ਕਿਆਰ ਦੂਨ (ਵਾਦੀ) 'ਚ ਜ਼ਮੀਨ ਲੈ ਕੇ ਸੰਮਤ 1742 ਵਿਚ ਕਿਲ੍ਹਾ ਬਣਵਾਇਆ, ਜਿਸ ਦਾ ਨਾਂਅ ਪਾਂਵਟਾ ਰੱਖਿਆ। ਭੰਗਾਣੀ ਦੀ ਜੰਗ ਇਸ ਕਿਲ੍ਹੇ 'ਚ ਰਹਿਣ ਸਮੇਂ ਹੋਈ ਸੀ। ਇਸ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੋਰ ਵੀ ਇਤਿਹਾਸਕ ਗੁਰਦੁਆਰੇ ਹਨ। ਉਕਤ ਅਸਥਾਨ ਦੀ ਨੀਂਹ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਦੀ ਵੰਸ਼ 'ਚੋਂ ਭਾਈ ਰਾਮ ਕੰਵਰ ਜੀ ਤੋਂ 28 ਅਪ੍ਰੈਲ 1685 ਈ. 'ਚ ਰਖਵਾਈ ਸੀ। ਇਸ ਅਸਥਾਨ 'ਤੇ ਗੁਰੂ ਸਾਹਿਬ ਚਾਰ ਸਾਲ ਰਹੇ। ਕਹਿੰਦੇ ਹਨ ਕਿ ਸ਼ੋਰ ਮਚਾਉਂਦੀ ਯਮੁਨਾ ਵੀ ਇਸ ਜਗ੍ਹਾ ਤੋਂ ਸ਼ਾਂਤ ਹੋ ਕੇ ਗੁਜ਼ਰਦੀ ਹੈ। ਇਸ ਜਗ੍ਹਾ 'ਤੇ ਹੀ ਪੀਰ ਬੁੱਧੂ ਸ਼ਾਹ ਨੇ ਆਪਣੇ ਚਾਰ ਪੁੱਤਰ ਸਤਿਗੁਰਾਂ ਦੇ ਚਰਨਾਂ ਤੋਂ ਕੁਰਬਾਨ ਕਰਕੇ ਕੰਘੇ ਤੇ ਕੇਸਾਂ ਦੀ ਦਾਤ ਮੰਗੀ ਸੀ।
ਜੇ ਅੱਜ ਤੋਂ ਕੋਈ 55 ਕੁ ਵਰ੍ਹੇ ਪਿਛਾਂਹ ਭਾਵ ਸੰਨ 1964 ਵੱਲ ਝਾਤੀ ਮਾਰੀਏ ਤਾਂ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਦੋਂ ਮਹੰਤ ਗੁਰਦੁਆਰਿਆਂ 'ਚ ਮਨ ਆਈਆਂ ਕਰ ਰਹੇ ਸਨ ਤਾਂ ਪੰਥ ਦਰਦੀਆਂ, ਗੁਰਸਿੱਖਾਂ, ਨਿਹੰਗ ਸਿੰਘਾਂ, ਧਾਰਮਿਕ ਸੰਸਥਾਵਾਂ, ਜੁਝਾਰੂ ਜਥੇਬੰਦੀਆਂ ਤੇ ਹੋਰ ਸਿੱਖ ਸੰਗਤਾਂ ਵਲੋਂ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਕੋਲੋਂ ਪੰਥਕ ਹੱਥਾਂ 'ਚ ਦੇਣ ਦਾ ਗੁਰਮਤਾ ਪਾਸ ਕੀਤਾ ਗਿਆ ਸੀ। ਇਸ ਸਮੇਂ ਗੁਰਦੁਆਰਾ ਪਾਉਂਟਾ ਸਾਹਿਬ ਦੀ ਸਾਂਭ-ਸੰਭਾਲ ਮਹੰਤ ਲਹਿਣਾ ਸਿੰਘ ਦੇ ਹੱਥਾਂ 'ਚ ਸੀ। ਲਹਿਣਾ ਸਿੰਘ ਇਕ ਚੰਗਾ ਇਨਸਾਨ ਸੀ। ਜਦ ਉਸ ਨੂੰ ਇਸ ਪਾਸ ਕੀਤੇ ਗੁਰਮਤੇ ਬਾਰੇ ਪਤਾ ਲੱਗਾ ਤਾਂ ਉਹ ਆਪਣੇ-ਆਪ ਹੀ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਲੈ ਕੇ ਸ਼੍ਰੋਮਣੀ ਕਮੇਟੀ ਕੋਲ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ। ਉਸ ਦੀ ਇਸ ਇਮਾਨਦਾਰੀ ਨੂੰ ਮੁੱਖ ਰੱਖਦਿਆਂ ਪ੍ਰਬੰਧਕਾਂ ਨੇ ਵੱਖਰਾ ਮਤਾ ਪਾਸ ਕਰਕੇ ਗੁਰਦੁਆਰਾ ਪਾਉਂਟਾ ਸਾਹਿਬ ਦੀ ਸਾਂਭ-ਸੰਭਾਲ ਦਾ ਜ਼ਿੰਮਾ ਇਨ੍ਹਾਂ ਕੋਲ ਹੀ ਰਹਿਣ ਦਿੱਤਾ। ਮਹੰਤ ਲਹਿਣਾ ਸਿੰਘ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਗੁਰਦਿਆਲ ਸਿੰਘ ਮਹੰਤ ਬਣਿਆ। ਪਰ ਉਹ ਗੁਰਦੁਆਰੇ ਵਿਚ ਮਨ ਆਈਆਂ ਤੇ ਮਾੜੀਆਂ ਹਰਕਤਾਂ ਕਰਨ ਲੱਗ ਪਿਆ। ਉਹ ਸਰਕਾਰੇ-ਦਰਬਾਰੇ ਆਪਣੀ ਪਹੁੰਚ ਵਧਾਉਣ ਲੱਗਾ। ਜਦ ਪ੍ਰਬੰਧਕਾਂ ਨੇ ਉਸ ਤੋਂ ਚਾਬੀਆਂ ਵਾਪਸ ਮੰਗੀਆਂ ਤਾਂ ਉਸ ਨੇ ਨਾਂਹ ਕਰ ਦਿੱਤੀ ਤੇ ਡਰਾਉਣ-ਧਮਕਾਉਣ ਲੱਗ ਪਿਆ। ਗੁਰਦੁਆਰਾ ਪਾਉਂਟਾ ਸਾਹਿਬ ਦੇ ਆਲੇ-ਦੁਆਲੇ ਦੀਆਂ ਸਿੱਖ ਸੰਗਤਾਂ ਮਹੰਤ ਦੇ ਕਾਰਨਾਮਿਆਂ ਤੋਂ ਦੁਖੀ ਸਨ। ਸਿੱਖ ਸੰਗਤਾਂ ਇਕੱਠੀਆਂ ਹੋ ਕੇ ਮਿਸਲ ਸ਼ਹੀਦਾਂ ਤਰਨਾ ਦਲ ਗੁਰਦੁਆਰਾ ਹਰੀਆਂ ਵੇਲਾਂ ਵਾਲੇ ਬਾਬਾ ਹਰਭਜਨ ਸਿੰਘ ਤੇ ਬੁੱਢਾ ਦਲ ਦੇ ਜਥੇਦਾਰ ਬਾਬਾ ਚੇਤ ਸਿੰਘ ਕੋਲ ਪਹੁੰਚੀਆਂ ਅਤੇ ਮਹੰਤ ਗੁਰਦਿਆਲ ਸਿੰਘ ਦੀਆਂ ਕਰਤੂਤਾਂ ਬਾਰੇ ਜਾਣਕਾਰੀ ਦਿੱਤੀ। ਸਿੱਖ ਸੰਗਤ ਨੇ ਦੋਵੇਂ ਜਥੇਦਾਰਾਂ ਨੂੰ ਗੁਰਦੁਆਰਾ ਸਾਹਿਬ ਨੂੰ ਮਹੰਤ ਦੇ ਸ਼ਿਕੰਜੇ 'ਚੋਂ ਆਜ਼ਾਦ ਕਰਾਉਣ ਦੀ ਬੇਨਤੀ ਕੀਤੀ। ਜਥੇਦਾਰਾਂ ਨੇ ਭਰੋਸਾ ਦਿੱਤਾ ਕਿ ਜਲਦ ਹੀ ਗੁਰਦੁਆਰਾ ਸਾਹਿਬ ਨੂੰ ਇਸ ਮਹੰਤ ਤੋਂ ਆਜ਼ਾਦ ਕਰਾ ਲਿਆ ਜਾਵੇਗਾ। ਹੋਲੇ-ਮਹੱਲੇ ਤੋਂ ਬਾਅਦ 10 ਮਾਰਚ 1964 ਨੂੰ ਉੱਥੇ ਪਹੁੰਚ ਕੇ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਲਈ 101 ਅਖੰਡ ਪਾਠਾਂ ਦੀ ਲੜੀ ਆਰੰਭ ਕਰ ਦਿੱਤੀ ਗਈ। ਬਾਬਾ ਜੀ ਨੇ ਸਭ ਸਿੱਖ ਸੰਗਤਾਂ ਨੂੰ ਸ਼ਾਂਤਮਈ ਰੋਸ ਪ੍ਰਦਰਸ਼ਨ ਦੀ ਬੇਨਤੀ ਕੀਤੀ। ਸਰਕਾਰ ਨੇ ਬਾਬਾ ਹਰਭਜਨ ਸਿੰਘ ਨੂੰ ਧੋਖੇ ਨਾਲ ਇਸ ਮੁੱਦੇ 'ਤੇ ਗੱਲਬਾਤ ਕਰਨ ਲਈ ਰੈਸਟ ਹਾਊਸ ਬੁਲਾ ਕੇ ਗ੍ਰਿਫ਼ਤਾਰ ਕਰ ਲਿਆ। ਇਧਰ ਮਹੰਤ ਦਾ ਸਾਥ ਦੇਣ ਲਈ ਸਰਕਾਰ ਨੇ ਗੁਰਦੁਆਰਾ ਸਾਹਿਬ ਨੂੰ ਘੇਰਾ ਪਾ ਲਿਆ। ਗੁਰਦੁਆਰਾ ਸਾਹਿਬ ਦੇ ਅੰਦਰ ਕੋਈ 15 ਕੁ ਸਿੰਘ ਸਨ। ਉਸ ਸਮੇਂ ਤੱਕ ਕੋਈ 22 ਕੁ ਅਖੰਡ ਪਾਠਾਂ ਦੇ ਭੋਗ ਪੈ ਚੁੱਕੇ ਸਨ ਤੇ 23ਵਾਂ ਅਖੰਡ ਪਾਠ ਆਰੰਭ ਕੀਤਾ ਹੋਇਆ ਸੀ।
22 ਮਈ 1964 ਨੂੰ ਪੁਲਿਸ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਖਿੜਕੀਆਂ ਭੰਨ ਕੇ ਅੰਦਰ ਦਾਖਲ ਹੋ ਗਈ। ਉੱਥੋਂ ਦੇ ਡੀ.ਸੀ. ਆਰ. ਕੇ. ਚੰਡੇਲ ਨੇ ਸਿੰਘਾਂ 'ਤੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਪੁਲਿਸ ਵਲੋਂ ਚਲਾਈਆਂ ਗੋਲੀਆਂ ਨਾਲ ਗੁਰਦੁਆਰਾ ਹਰੀਆਂ ਵੇਲਾਂ ਦੇ 11 ਨਿਹੰਗ ਸਿੰਘ ਸ਼ਹੀਦ ਹੋ ਗਏ ਤੇ ਬਾਕੀ ਜ਼ਖ਼ਮੀ ਹੋ ਗਏ। ਸਰਕਾਰ ਦੀ ਇਸ ਕਰਤੂਤ ਦਾ ਪਤਾ ਜਦ ਸਿੱਖ ਸੰਗਤਾਂ ਨੂੰ ਚੱਲਿਆ ਤਾਂ ਗੁਰੂ ਦਾ ਖ਼ਾਲਸਾ ਗੁਰਦੁਆਰਾ ਪਾਉਂਟਾ ਸਾਹਿਬ ਨੂੰ ਆਜ਼ਾਦ ਕਰਾਉਣ ਲਈ ਇਕਜੁੱਟ ਹੋ ਕੇ ਸਰਕਾਰ ਦੇ ਖ਼ਿਲਾਫ਼ ਡਟ ਗਿਆ। ਜਥੇਦਾਰਾਂ ਤੇ ਸਿੱਖ ਸੰਗਤਾਂ ਦੇ ਰੋਹ ਅੱਗੇ ਆਖਰ ਸਰਕਾਰ ਨੂੰ ਝੁਕਣਾ ਪਿਆ। ਇਸ ਤਰ੍ਹਾਂ ਖ਼ਾਲਸੇ ਨੇ ਗੁਰਦੁਆਰਾ ਪਾਉਂਟਾ ਸਾਹਿਬ ਨੂੰ ਸਰਕਾਰ ਤੇ ਮਹੰਤ ਦੇ ਕਬਜ਼ੇ 'ਚੋਂ ਆਜ਼ਾਦ ਕਰਾ ਲਿਆ। ਹਰ ਸਾਲ ਪਾਉਂਟਾ ਸਾਹਿਬ ਵਿਖੇ ਮੁੱਖ ਜਥੇਦਾਰ ਨਿਹਾਲ ਸਿੰਘ (ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵਾਲੇ) ਦੀ ਅਗਵਾਈ 'ਚ 22 ਮਈ ਨੂੰ ਸ਼ਹੀਦਾਂ ਦੀ ਯਾਦ ਵਿਚ ਸਮਾਗਮ ਕਰਵਾਏ ਜਾਂਦੇ ਹਨ।
-ਪਿੰਡ ਤੇ ਡਾਕ-ਚੱਬਾ, ਤਰਨ ਤਾਰਨ ਰੋਡ, ਅੰਮ੍ਰਿਤਸਰ-143022
ਈਮੇਲ : dharmindersinghchabba@gmail.com