06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਮੱਧਕਾਲੀਨ ਸਾਹਿਤ ਦੀ ਖੋਜ ਸੰਬੰਧੀ ਬੇਮਿਸਾਲ ਹੈ ਡਾ. ਰਤਨ ਸਿੰਘ ਜੱਗੀ ਦਾ ਯੋਗਦਾਨ

Ad Position 21
No active advertisement
ਅਜੀਤ ਡੈਸਕ 22-05-2026

ਅੱਜ ਬਰਸੀ 'ਤੇ ਵਿਸ਼ੇਸ਼

 

ਪ੍ਰਸਿੱਧ ਸਾਹਿਤਕਾਰ ਡਾ. ਰਤਨ ਸਿੰਘ ਜੱਗੀ ਦਾ ਨਾਂਅ ਪੰਜਾਬੀ ਤੇ ਹਿੰਦੀ ਸਾਹਿਤ ਦੇ ਉੱਘੇ ਵਿਦਵਾਨਾਂ ਅਤੇ ਗੁਰਮਤਿ ਤੇ ਭਗਤੀ ਲਹਿਰ ਦੇ ਮਾਹਿਰਾਂ ਵਿਚ ਸ਼ੁਮਾਰ ਹੈ। ਉਨ੍ਹਾਂ ਦ੍ਰਿੜ੍ਹ ਇਰਾਦੇ ਨਾਲ ਆਪਣਾ ਸਮੁੱਚਾ ਜੀਵਨ ਪੰਜਾਬੀ ਤੇ ਹਿੰਦੀ ਦੋਵੇਂ ਭਾਸ਼ਾਵਾਂ ਵਿਚ ਮੱਧਕਾਲੀਨ ਸਾਹਿਤ ਦਾ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਅਧਿਐਨ ਕਰਨ, ਲਿਖਣ ਤੇ ਆਲੋਚਨਾਤਮਿਕ ਵਿਸ਼ਲੇਸ਼ਣ ਕਰਨ ਅਤੇ ਸਿੱਖ ਗੁਰੂ ਸਾਹਿਬਾਨਾ ਦੀ ਬਾਣੀ ਤੇ ਭਗਤੀ ਲਹਿਰ ਸੰਬੰਧੀ ਵੱਖ-ਵੱਖ ਪਹਿਲੂਆਂ ਦੀ ਖੋਜ ਕਰਨ ਲਈ ਸਮਰਪਿਤ ਕਰਦਿਆਂ ਭਰਪੂਰ ਯੋਗਦਾਨ ਪਾਇਆ।
ਡਾ. ਰਤਨ ਸਿੰਘ ਜੱਗੀ ਦਾ ਜਨਮ 27 ਜੁਲਾਈ 1927 ਨੂੰ ਪੱਛਮੀ ਪੰਜਾਬ (ਹੁਣ ਪਾਕਿਸਤਾਨ 'ਚ) ਦੇ ਪਿੰਡੀਘੇਬ ਕਸਬੇ ਵਿਚ ਹੋਇਆ। ਉਨ੍ਹਾਂ ਨੇ ਦੇਸ਼ ਦੀ ਵੰਡ ਤੋਂ ਬਾਅਦ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਆਪਣੀ ਅੱਗੇ ਪੜ੍ਹਨ ਦੀ ਤਮੰਨਾ ਨੂੰ ਜਾਰੀ ਰੱਖਦਿਆਂ ਦਿੱਲੀ ਜਾ ਕੇ ਐਮ.ਏ ਪੰਜਾਬੀ (1955) ਅਤੇ ਐਮ.ਏ ਹਿੰਦੀ (1957) ਦੇ ਇਮਤਿਹਾਨ ਪਾਸ ਕਰਨ ਉਪਰੰਤ ਪੱਤਰਕਾਰੀ 'ਚ ਡਿਪਲੋਮਾ ਵੀ ਹਾਸਿਲ ਕੀਤਾ। ਉਨ੍ਹਾਂ ਵਾਧੂ ਵਿਸ਼ੇ ਵਜੋਂ ਸੰਸਕ੍ਰਿਤ ਤੇ ਫਾਰਸੀ ਦੀਆਂ ਪ੍ਰੀਖਿਆਵਾਂ ਵੀ ਪਾਸ ਕੀਤੀਆਂ। ਉਨ੍ਹਾਂ 1957 'ਚ ਹਿੰਦੂ ਕਾਲਜ, ਸੋਨੀਪਤ ਵਿਖੇ ਲੈਕਚਰਾਰ ਵਜੋਂ ਨੌਕਰੀ ਸ਼ੁਰੂ ਕੀਤੀ, ਉਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਚੁਣੇ ਜਾਣ 'ਤੇ ਸਰਕਾਰੀ ਕਾਲਜ ਹਿਸਾਰ ਵਿਚ 1958 'ਚ ਲੈਕਚਰਾਰ ਲੱਗ ਗਏ। ਫਿਰ ਉਨ੍ਹਾਂ 1963 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਲੈਕਚਰਾਰ ਵਜੋਂ ਨੌਕਰੀ ਸ਼ੁਰੂ ਕੀਤੀ ਅਤੇ 1987 ਵਿਚ ਇਥੋਂ ਪ੍ਰੋਫੈਸਰ ਤੇ ਮੁਖੀ ਪੰਜਾਬੀ ਸਾਹਿਤ ਅਧਿਐਨ ਵਿਭਾਗ ਅਤੇ ਮੁੱਖ ਸੰਪਾਦਕ 'ਖੋਜ ਪਤ੍ਰਿਕਾ' ਵਜੋਂ ਸ਼ਾਨਦਾਰ ਸੇਵਾਵਾਂ ਨਿਭਾਉਂਦਿਆ ਸੇਵਾਮੁਕਤ ਹੋਏ। ਉਹ ਅੰਗਰੇਜ਼ੀ, ਹਿੰਦੀ, ਪੰਜਾਬੀ, ਉਰਦੂ, ਫਾਰਸੀ ਤੇ ਸੰਸਕ੍ਰਿਤ ਦੀ ਗੂੜ੍ਹੀ ਸੂਝ ਤੇ ਮੁਹਾਰਤ ਰੱਖਣ ਵਾਲੀ ਬਹੁਪੱਖੀ ਸ਼ਖ਼ਸੀਅਤ ਸਨ। ਉਨ੍ਹਾਂ ਨੇ ਕਿਤਾਬਾਂ, ਟੀਕਾਕਾਰੀ ਤੇ ਵਿਸ਼ਵਕੋਸ਼ ਵਰਗੀਆਂ ਬੇਮਿਸਾਲ ਰਚਨਾਵਾਂ ਨਾਲ ਸਾਹਿਤ ਦੇ ਖੇਤਰ 'ਚ ਵਿਆਪਕ ਤੇ ਗਿਆਨ ਭਰਪੂਰ ਯੋਗਦਾਨ ਪਾਇਆ। ਡਾ. ਜੱਗੀ ਨੇ 1962 'ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 'ਦਸਮ ਗ੍ਰੰਥ ਕੀ ਪੌਰਾਣਿਕ ਪ੍ਰਿਸ਼ਟਭੂਮੀ '(ਦਸਮ ਗ੍ਰੰਥ ਵਿਚਲੀਆਂ ਪੌਰਾਣਿਕ ਕ੍ਰਿਤੀਆਂ ਦਾ ਆਲੋਚਨਾਤਮਿਕ ਅਧਿਐਨ) ਵਿਸ਼ੇ 'ਤੇ ਪੀ.ਐਚ.ਡੀ. ਕੀਤੀ ਅਤੇ 'ਦਸਮ ਗ੍ਰੰਥ ਦਾ ਪੌਰਾਣਿਕ ਅਧਿਐਨ' ਨਾਮੀ ਪੁਸਤਕ 1965 ਵਿਚ ਸਾਹਿਤ ਜਗਤ ਦੀ ਝੋਲੀ ਪਾਈ, ਜਿਸ ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ 13 ਅਪ੍ਰੈਲ 1999 'ਚ ਖਾਲਸੇ ਦੀ ਤੀਜੀ ਜਨਮ ਸ਼ਤਾਬਦੀ ਮੌਕੇ 5 ਜਿਲਦਾਂ ਵਿਚ 'ਦਸਮ ਗ੍ਰੰਥ' ਦਾ ਟੀਕਾ ਪੇਸ਼ ਕਰਨ ਉਪਰੰਤ ਹਿੰਦੀ ਵਿਚ ਵੀ 5 ਜਿਲਦਾਂ ਵਿਚ ਇਹ ਟੀਕਾ ਕੀਤਾ। ਡਾ. ਜੱਗੀ ਨੇ 1973 ਵਿਚ ਮਗਧ ਯੂਨੀਵਰਸਿਟੀ, ਬੋਧ-ਗਯਾ ਤੋਂ ਹਿੰਦੀ ਵਿਚ 'ਗੁਰੂ ਨਾਨਕ: ਵਿਅਕਤਿਤਵ, ਕ੍ਰਿਤਿਤਵ ਔਰ ਚਿੰਤਨ' (ਗੁਰੂ ਨਾਨਕ: ਸ਼ਖਸੀਅਤ, ਰਚਨਾ ਤੇ ਸਿੱਖਿਆਵਾਂ) ਵਿਸ਼ੇ 'ਤੇ ਡੀ.ਲਿਟ. ਦੀ ਡਿਗਰੀ ਹਾਸਿਲ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਪੁਸਤਕ 'ਗੁਰੂ ਨਾਨਕ ਬਾਣੀ: ਪਾਠ ਤੇ ਵਿਆਖਿਆ' ਨੂੰ ਪੰਜਾਬੀ ਤੇ ਹਿੰਦੀ 'ਚ ਪ੍ਰਕਾਸ਼ਿਤ ਕਰਵਾਇਆ। ਡਾ. ਜੱਗੀ ਨੇ 'ਤੁਲਸੀ ਰਾਮਾਇਣ' (ਰਾਮ ਚਰਿਤ ਮਾਨਸ) ਦਾ ਪੰਜਾਬੀ ਵਿਚ ਲਿਪੀਅੰਤਰਨ ਤੇ ਅਨੁਵਾਦ ਕੀਤਾ, ਇਹ ਕਿਤਾਬ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ 1977 'ਚ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਕਿਤਾਬ ਲਈ ਡਾ. ਜੱਗੀ ਨੂੰ 1989 'ਚ ਸਾਹਿਤ ਅਕਾਦਮੀ ਨਵੀਂ ਦਿੱਲੀ ਵਲੋਂ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਉਨ੍ਹਾਂ ਵਲੋਂ 1989 ਵਿਚ ਤਿਆਰ ਕੀਤੇ ਪਹਿਲੇ ਵਿਸ਼ਵਕੋਸ਼ 'ਸਾਹਿਤ ਕੋਸ਼' ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰਕਾਸ਼ਿਤ ਕੀਤਾ ਸੀ। ਉਨ੍ਹਾਂ 1998 ਤੋਂ 2002 ਦੌਰਾਨ 5 ਜਿਲਦਾਂ ਵਿਚ 'ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ' ਤਿਆਰ ਕੀਤਾ, ਜਦਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਦੇਣ ਲਈ ਇਕ ਵਿਸ਼ਵਕੋਸ਼ ਦੀ ਲੋੜ ਮਹਿਸੂਸ ਕਰਦਿਆਂ 2002 ਵਿਚ 'ਗੁਰੂ ਗ੍ਰੰਥ ਵਿਸ਼ਵਕੋਸ਼' ਤਿਆਰ ਕੀਤਾ ਜਿਸ ਨੂੰ ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ਿਤ ਕੀਤਾ। ਉਨ੍ਹਾਂ ਦੀਆਂ ਸਿੱਖ ਧਰਮ ਨਾਲ ਸੰਬੰਧਤ ਮਹੱਤਵਪੂਰਨ ਰਚਨਾਵਾਂ 'ਸਿੱਖ ਪੰਥ ਵਿਸ਼ਵਕੋਸ਼' ਨੂੰ 2005 ਵਿਚ 5 ਸਿੰਘ ਸਾਹਿਬਾਨ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਵਿਖੇ ਜਾਰੀ ਕੀਤਾ ਸੀ। ਉਨ੍ਹਾਂ 2007 'ਚ 'ਅਰਥਬੋਧ ਸ੍ਰੀ ਗੁਰੂ ਗ੍ਰੰਥ ਸਾਹਿਬ' ਤਿਆਰ ਕੀਤਾ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 5 ਜਿਲਦਾਂ 'ਚ ਸੰਪੂਰਨ ਟੀਕਾ ਹੈ। ਡਾ. ਜੱਗੀ ਨੇ 2013 ਵਿਚ 'ਭਾਵ ਪ੍ਰਬੋਧਨੀ ਟੀਕਾ-ਸ੍ਰੀ ਗੁਰੂ ਗ੍ਰੰਥ ਸਾਹਿਬ' 8 ਜਿਲਦਾਂ 'ਚ ਪ੍ਰਕਾਸ਼ਿਤ ਕਰਵਾ ਕੇ ਸਮੁੱਚੀ ਮਨੁੱਖਤਾ ਲਈ ਗੁਰਬਾਣੀ ਦੇ ਖੇਤਰ ਵਿਚ ਆਪਣੀ ਸਭ ਤੋਂ ਵੱਡੀ ਸੇਵਾ ਨਿਭਾਈ। ਉਨ੍ਹਾਂ 2017 'ਚ ਇਸ ਟੀਕੇ ਦੀਆਂ 5 ਜਿਲਦਾਂ ਨੂੰ ਹਿੰਦੀ ਵਿਚ ਵੀ ਪ੍ਰਕਾਸ਼ਿਤ ਕਰਵਾਇਆ।
ਡਾ. ਰਤਨ ਸਿੰਘ ਜੱਗੀ ਨੂੰ 2023 'ਚ ਸਾਹਿਤ ਤੇ ਸਿੱਖਿਆ ਦੇ ਖੇਤਰ ਵਿਚ ਨਿਭਾਈਆਂ ਸੇਵਾਵਾਂ ਬਦਲੇ ਭਾਰਤ ਦੇ ਰਾਸ਼ਟਰਪਤੀ ਵਲੋਂ 'ਪਦਮਸ੍ਰੀ' ਸਨਮਾਨ ਨਾਲ ਨਵਾਜਿਆ ਗਿਆ। ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 2014 ਦੀ ਕਾਨਵੋਕੇਸ਼ਨ ਵਿਚ ਡੀ. ਲਿਟ (ਮਾਨ ਅਰਥ) ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ 2015 ਦੀ ਕਾਨਵੋਕੇਸ਼ਨ ਵਿਚ ਡੀ.ਲਿਟ (ਮਾਨ ਅਰਥ) ਡਿਗਰੀ ਪ੍ਰਦਾਨ ਕੀਤੀ: ਜਦਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ 2023 ਦੀ ਕਾਨਵੋਕੇਸ਼ਨ ਵਿਚ ਡਾ. ਜੱਗੀ ਨੂੰ 'ਗਿਆਨ ਰਤਨ ਅਵਾਰਡ' ਨਾਲ ਸਨਮਾਨਿਤ ਕੀਤਾ। ਸਾਹਿਤ ਅਕਾਦਮੀ ਨਵੀਂ ਦਿੱਲੀ ਨੇ 1989 ਵਿਚ ਰਾਸ਼ਟਰੀ ਅਨੁਵਾਦ ਪੁਰਸਕਾਰ ਦਿੱਤਾ, ਜਦਕਿ ਦਿੱਲੀ ਸਰਕਾਰ ਨੇ 2010 'ਚ 'ਪਰਮ ਸਾਹਿਤ ਸਤਿਕਾਰ ਸਨਮਾਨ' ਨਾਲ ਸਨਮਾਨਿਤ ਕੀਤਾ। ਪੰਜਾਬੀ ਯੂਨੀਵਰਸਿਟੀ ਨੇ 2012 ਵਿਚ ਡਾ. ਜੱਗੀ ਨੂੰ ਆਜੀਵਨ ਫੈਲੋਸ਼ਿਪ ਪ੍ਰਦਾਨ ਕੀਤੀ ਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ 2007 ਵਿਚ ਫੈਲੋਸ਼ਿਪ ਦਿੱਤੀ। ਆਪ ਦੀ ਸਾਹਿਤਕ ਦੇਣ ਨੂੰ ਮੁੱਖ ਰੱਖਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਆਪਣੀ ਸਥਾਪਨਾ ਦਿਵਸ ਦੇ ਮੌਕੇ 'ਤੇ ਵਿਸੇਸ਼ ਰੂਪ ਵਿਚ ਸਨਮਾਨਿਤ ਕੀਤਾ। ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੈਨੇਟ, ਸਿੰਡੀਕੇਟ, ਅਕਾਦਮਿਕ ਬੋਰਡਾਂ, ਫੈਕਲਟੀਆਂ ਦੇ ਮੈਂਬਰ ਰਹੇ ਅਤੇ ਦੂਰਦਰਸ਼ਨ, ਆਕਾਸ਼ਵਾਣੀ ਦੇ ਪ੍ਰੋਗਰਾਮਾਂ ਵਿਚ ਨਿਰੰਤਰ ਭਾਗ ਲੈਂਦੇ ਰਹੇ। ਡਾ. ਰਤਨ ਸਿੰਘ ਜੱਗੀ ਨੇ 150 ਤੋਂ ਵੱਧ ਕਿਤਾਬਾਂ ਲਿਖੀਆਂ ਤੇ ਉਹ 98 ਸਾਲ ਦੀ ਉਮਰ ਤੱਕ ਸਮਾਜ ਨੂੰ ਸੇਧਪੂਰਨ, ਮਿਸਾਲੀ ਸਾਹਿਤਕ ਸੇਵਾਵਾਂ ਪ੍ਰਦਾਨ ਕਰਦੇ ਰਹੇ। ਡਾ. ਰਤਨ ਸਿੰਘ ਜੱਗੀ ਸਾਡੇ ਲਈ ਸਥਾਈ ਵਿਰਾਸਤ ਵਜੋਂ ਵਿਦਵਤਾ, ਨਿਮਰਤਾ ਤੇ ਗਿਆਨ ਦੀ ਸੇਵਾ ਨਿਭਾਉਂਦੇ ਹੋਏ 22 ਮਈ 2025 ਨੂੰ ਸਦੀਵੀ ਵਿਛੋੜਾ ਦੇ ਗਏ।

Ad Position 22
No active advertisement
ਪਿਛਲੀ ਖ਼ਬਰ ਜੈਵ-ਵਿਭਿੰਨਤਾ 'ਤੇ ਹੀ ਨਿਰਭਰ ਹੈ ਮਨੁੱਖੀ ਹੋਂਦ ਅਗਲੀ ਖ਼ਬਰ ਗੁਰਦੁਆਰਾ ਪਾਉਂਟਾ ਸਾਹਿਬ ਦਾ ਸ਼ਹੀਦੀ ਸਾਕਾ
Ad Position 24