05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਜੈਵ-ਵਿਭਿੰਨਤਾ 'ਤੇ ਹੀ ਨਿਰਭਰ ਹੈ ਮਨੁੱਖੀ ਹੋਂਦ

Ad Position 21
No active advertisement
ਅਜੀਤ ਡੈਸਕ 22-05-2026

ਜੈਵਿਕ ਵਿਭਿੰਨਤਾ ਦਿਵਸ 'ਤੇ ਵਿਸ਼ੇਸ਼

ਜੈਵਿਕ ਵੰਨ-ਸੁਵੰਨਤਾ, ਧਰਤੀ 'ਤੇ ਜੀਵਨ ਦੇ ਆਧਾਰ ਦਾ ਵਿਗਿਆਨਕ ਸਰੋਤ ਹੈ। ਵਿਭਿੰਨ ਪੌਦੇ ਤੇ ਜੀਵ ਸਾਨੂੰ ਬਹੁ-ਪਰਤੀ ਜ਼ਰੂਰੀ ਸੇਵਾਵਾਂ ਤੇ ਸਾਂਵਾ ਜੀਵਨ ਪ੍ਰਦਾਨ ਕਰਦੇ ਹਨ। ਪੌਦਿਆਂ, ਜੀਵਾਂ, ਵਾਤਾਵਰਨ, ਕੁਦਰਤੀ ਸੋਮਿਆਂ ਤੇ ਮਨੁੱਖੀ ਸਰਗਰਮੀਆਂ ਦਾ ਪ੍ਰਸਪਰ ਸੰਬੰਧ ਹੈ। ਇਹੀ ਉਹ ਕੜੀ ਹੈ ਜਿਸ ਨੂੰ ਅਸੀਂ ਬੁੱਝ ਨਹੀਂ ਰਹੇ, ਸਿੱਟੇ ਵਜੋਂ ਪੌਦਿਆਂ ਤੇ ਜੀਵਾਂ ਦੀਆਂ ਅਨੇਕਾਂ ਕਿਸਮਾਂ ਲੁਪਤ ਹੋ ਗਈਆਂ ਹਨ। ਜੋ ਮਨੁੱਖ ਲਈ ਖ਼ਤਰੇ ਦੀ ਘੰਟੀ ਹੈ। ਧਰਾਤਲੀ ਬਣਤਰ, ਜਲਵਾਯੂ, ਬਨਸਪਤੀ ਦੀ ਕਿਸਮ ਤੇ ਘਣਤਾ, ਜਲ ਸੋਮਿਆਂ ਦੀ ਮਿਕਦਾਰ ਤੇ ਡੂੰਘਾਈ ਅਤੇ ਮਿੱਟੀ ਦੀ ਕਿਸਮ 'ਤੇ ਕਿਸੇ ਖਿੱਤੇ ਦੀ ਕੁਦਰਤੀ ਬਨਸਪਤੀ ਵੀ ਪ੍ਰਭਾਵ ਪਾਉਂਦੇ ਹਨ। ਸਮੁੱਚਾ ਜੀਵੀ ਮੰਡਲ ਪ੍ਰਿਥਵੀ ਦੀ ਸਤ੍ਹਾ ਉੱਪਰ ਜਾਂ ਇਸ ਦੇ ਨੇੜੇ ਹੀ ਰਹਿੰਦਾ ਹੈ। ਮਹਾਂਸਾਗਰ ਵਿਚ 6.4 ਕਿਲੋਮੀਟਰ ਦੀ ਗਹਿਰਾਈ ਤੱਕ ਤੇ ਅਕਾਸ਼ ਵੱਲ ਇਹ ਸੀਮਾ ਵੱਧ ਤੋਂ ਵੱਧ 3.8 ਕਿਲੋਮੀਟਰ ਹੈ। ਹਵਾ, ਨਮੀ, ਧੁੱਪ, ਮਿੱਟੀ ਤੇ ਪਾਣੀ ਤੱਕ ਸਾਰਾ ਤਾਣਾਬਾਣਾ ਹੀ ਪੌਦਿਆਂ-ਪ੍ਰਾਣੀਆਂ ਦੀਆਂ ਨਸਲਾਂ ਤੇ ਉਨ੍ਹਾਂ ਦੇ ਇਕ-ਦੂਜੇ ਨਾਲ ਗੂੜ੍ਹੇ ਸੰਬੰਧਾਂ ਨਾਲ ਇਕ ਆਦਰਸ਼ਕ ਸੰਤੁਲਨ ਵਜੋਂ ਜੁੜਿਆ ਹੋਇਆ ਹੈ।
ਅਫਸੋਸ! ਹੁਣ ਮਨੁੱਖ ਨੇ ਇਸ ਸੰਤੁਲਨ ਨੂੰ ਵਿਗਾੜ ਕੇ ਰੱਖ ਦਿਤਾ ਹੈ। ਸਿੱਟਾ ਧਰਤੀ ਤੋਂ ਕੁੱਲ ਪੌਦ ਤੇ ਜੀਵ ਨਸਲਾਂ, ਖਾਸ ਕਰਕੇ ਸੂਖਮ ਤੇ ਜਲਚਰ ਨਸਲਾਂ ਦੀ ਗਿਣਤੀ ਨੇ ਪਿੱਛਲ ਮੋੜਾ ਲੈ ਲਿਆ ਹੈ। ਬਹੁਤ ਸਾਰੀਆਂ ਪ੍ਰਜਾਤੀਆਂ ਖ਼ਤਮ ਹੋ ਗਈਆਂ ਹਨ। ਅਜੋਕੇ ਮਨੁੱਖ ਨੇ ਜੈਵਿਕ-ਵਿਭਿੰਨਤਾ ਨੂੰ ਖਤਮ ਕਰਨ ਵਿਚ ਸਿੱਧਾ ਤੇ ਅਸਿੱਧਾ ਰੋਲ ਨਿਭਾਇਆ ਹੈ, ਸਿੱਧੇ ਤੌਰ 'ਤੇ ਵਧਦੀ ਆਬਾਦੀ, ਜੰਗਲਾਂ ਦਾ ਉਜਾੜਾ, ਆਧੁਨਿਕ ਖੇਤੀ, ਪਦਾਰਥਿਕ ਸਹੂਲਤਾਂ ਤੇ ਧੰਨ-ਕੁਬੇਰੀ ਪ੍ਰਵਿਰਤੀਆਂ ਸ਼ਾਮਿਲ ਹਨ। ਜਦਕਿ ਅਸਿੱਧੇ ਰੂਪ ਵਿਚ; ਪ੍ਰਦੂਸ਼ਿਤ ਵਾਤਾਵਰਨ ਦੀ ਸਿਰਜਣਾ, ਅੱਗਜ਼ਨੀ, ਰੌਲਾ-ਗੌਲਾ, ਰਸਾਇਣਾਂ ਦੀ ਦੁਰਵਰਤੋਂ, ਕੁਦਰਤੀ ਸੋਮਿਆਂ ਦਾ ਘਾਣ ਤੇ 'ਹਰ ਵਸਤ ਮਨੁੱਖ ਲਈ' ਵਾਲੀ ਧਾਰਨਾ ਹੈ। ਬਨਸਪਤੀ ਤੇ ਜੀਵਾਂ ਤੋਂ ਮਨੁੱਖੀ ਜੀਵਨ ਨੂੰ ਪ੍ਰਾਪਤ ਹੋਣ ਵਾਲੇ ਸਿੱਧੇ ਲਾਭਾਂ ਤੋਂ ਤਾਂ ਤਕਰੀਬਨ ਅਸੀਂ ਸਾਰੇ ਜਾਣੂ ਹਾਂ, ਪੌਦ-ਸੰਦਰਭ 'ਪਘੂੰੜੇ ਤੋਂ ਲੈ ਕੇ ਅਰਥੀ ਤੱਕ ਸਾਡਾ ਬਹੁ-ਪੱਖੀ ਸਾਥ ਨਿਭਾਉਂਦੇ ਹਨ'। ਜੈਵ-ਵਿਭਿੰਨਤਾ ਨੇ ਹੀ ਸਮੁੱਚੀ ਮਨੁੱਖ ਜਾਤੀ ਨੂੰ ਕੁੱਲੀ, ਗੁੱਲੀ ਤੇ ਜੁੱਲੀ ਪ੍ਰਦਾਨ ਕੀਤੀ ਹੈ। ਦਰਅਸਲ ਅਸਿੱਧੇ ਲਾਭਾਂ ਦੀ ਬਦੌਲਤ ਹੀ ਮਨੁੱਖ ਜਿਉਂਦਾ ਹੈ। ਬਨਸਪਤੀ ਮਿੱਟੀ ਨੂੰ ਸੰਭਾਲਦੀ ਤੇ ਜ਼ਰਖੇਜ਼ ਬਣਾਉਂਦੀੇ ਹੈ, ਇਹ ਵਰਖਾ ਤੇ ਜਲ-ਭੰਡਾਰਾਂ ਦੀ ਜ਼ਾਮਨੀ ਹੈ।
ਬੋਹੜ ਦਾ ਰੁੱਖ ਇਕ ਦਿਨ ਵਿਚ 400 ਲੀਟਰ ਪਾਣੀ ਹਵਾ ਵਿਚ ਰਲਾ ਦਿੰਦਾ ਹੈ। ਇਕ ਵਰਗ ਕਿਲੋਮੀਟਰ ਜੰਗਲ 50,000 ਲੀਟਰ ਪਾਣੀ ਆਪਣੀ ਜੜ੍ਹਾਂ ਰਾਹੀਂ ਸਾਡੇ ਲਈ ਸੰਭਾਲ ਦਿੰਦਾ ਹੈ। ਇਕ ਹੈਕਟੇਅਰ ਰਕਬਾ ਵਾਯੂਮੰਡਲ ਦੀ 30 ਟਨ ਧੂੜ ਤੇ 3.7 ਮੀਟਰ ਟਨ ਕਾਰਬਨ ਡਾਇਆਕਸਾਈਡ ਸਮੇਟ ਸਕਦਾ ਹੈ, ਜਦਕਿ ਵੀਰਾਨ ਭੂਮੀ ਹਰ ਸਾਲ 30 ਟਨ ਮਿੱਟੀ ਗੁਆ ਬਹਿੰਦੀ ਹੈ। ਪਰਾਗਦਾਨੀਆਂ ਅਸਿੱਧੇ ਲਾਭਾਂ ਦੀ ਇਕ ਖੂਬਸੂਰਤ ਉਦਾਹਰਨ ਹੈ। ਪੌਦਿਆਂ ਦਾ ਜੀਵਨ-ਚੱਕਰ ਬਣੇ ਰਹਿਣ ਵਿਚ ਕੀਟਾਂ, ਤਿੱਤਲੀਆਂ, ਸ਼ਹਿਦ ਦੀਆਂ ਮੱਖੀਆਂ ਤੇ ਪੰਛੀ ਪੌਦਿਆਂ/ਬੀਜ/ਫਲ ਦੀ ਪ੍ਰਫੁਲਤਾ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਧਰਤੀ 'ਤੇ 2,50,000 ਕਿਸਮਾਂ ਦੇ ਫੁੱਲਾਂ ਵਾਲੇ ਪੌਦਿਆਂ 'ਚੋਂ 60 ਫੀਸਦੀ ਪੌਦੇ, ਪਰਾਗਦਾਨੀ ਜੀਵਾਂ ਦੀ ਮਦਦ ਨਾਲ ਫਲ ਤੇ ਬੀਜ ਪੈਦਾ ਕਰਦੇ ਹਨ। ਪਰਾਗਦਾਨੀਆਂ ਦੀ ਮਦਦ ਤੋਂ ਬਿਨਾਂ ਪੌਦਿਆਂ ਅੰਦਰ ਨਰ ਤੇ ਮਾਦਾ ਵੰਨਗੀਆਂ ਦਾ ਆਪਸੀ ਸੁਮੇਲ ਸੰਭਵ ਨਹੀਂ ਹੁੰਦਾ। ਅਨਾਜ ਦੀ ਹਰ ਤੀਜੀ ਵੰਨਗੀ ਤੇ ਫਲਾਂ ਦੀਆਂ ਤਕਰੀਬਨ ਸਾਰੀਆਂ ਵੰਨਗੀਆਂ ਨੂੰ ਪਰਾਗਦਾਨੀਆਂ ਦੀ ਮਦਦ ਦੀ ਲੋੜ ਪੈਂਦੀ ਹੈ। ਅਰਥਾਤ ਪਰ-ਪਰਾਗਣ ਲਈ ਨਰ-ਫੁੱਲ ਤੋਂ ਪਰਾਗ-ਕਣ, ਉਸੇ ਵੰਨਗੀ ਦੇ ਮਾਦਾ ਫੁੱਲ ਦੇ ਸਟਿਗਮਾ 'ਤੇ ਪਹੁੰਚਾਉਣ ਦੀ ਕਿਰਿਆ-ਪ੍ਰਕਿਰਿਆ ਨੂੰ ਪਰਾਗਦਾਨ ਕਿਹਾ ਜਾਂਦਾ ਹੈ, ਜਿਸ ਬਿਨਾਂ ਜਨਣ-ਕ੍ਰਿਆ ਅਤੇ ਪੈਦਾਵਾਰ ਦੀ ਮਿਆਰੀ-ਗੁਣਵੰਤਾ ਸੰਭਵ ਨਹੀਂ। ਵਿਸ਼ਵ ਵਿਚ ਲਗਪਗ ਦੋ ਲੱਖ ਕਿਸਮਾਂ ਦੇ ਜੀਵ-ਜੰਤੂ ਪਰਾਗਦਾਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ, ਜਿਹੜੇ ਬਨਸਪਤੀ ਤੇ ਪ੍ਰਾਣੀ ਜਗਤ ਦੀ ਵਿਭਿੰਨਤਾ ਬਣਾਈ ਰੱਖਣ ਲਈ ਅਤੀ ਲੋੜੀਂਦੇ ਹਨ। ਮਨੁੱਖੀ ਆਪਹੁਦਰੀਆਂ ਕਾਰਨ ਬਹੁ-ਵੰਨਗੀ ਪਰਾਗਦਾਨੀਆਂ ਦਾ ਖਾਤਮਾ ਹੋ ਰਿਹਾ ਹੈ, ਜਿਸ ਦੇ ਚਲਦਿਆਂ ਅਗਲੇ ਕੁਝ ਦਹਾਕਿਆਂ ਦੌਰਾਨ ਫੁੱਲਾਂ ਵਾਲੇ ਪੌਦਿਆਂ ਦੀ 20,000 ਵੰਨਗੀਆਂ ਖਤਮ ਹੋ ਜਾਣਗੇ।
ਜੀਵ-ਵਿਭਿੰਨਤਾ ਇਕ ਕ੍ਰਿਆਸ਼ੀਲ ਪ੍ਰਣਾਲੀ ਹੋਣ ਕਰਕੇ ਇਸ ਵਿਚ ਤਬਦੀਲੀ ਜਾਰੀ ਰਹਿੰਦੀ ਹੈ, ਵਿਭਿੰਨ ਵੰਨਗੀਆਂ ਦਾ ਖਤਮ ਹੋ ਜਾਣਾ ਇਕ ਕੁਦਰਤੀ ਵਰਤਾਰਾ ਹੈ। ਲੱਖਾਂ ਸਾਲਾਂ ਦੀ ਉਥਲ-ਪੁਥਲ ਤੇ ਵਿਕਾਸ ਉਪਰੰਤ ਕੁਦਰਤ ਨੇ ਜੀਵਤ ਤੇ ਅਜੀਵਤ ਵਾਤਾਵਰਨ/ਹਾਲਤਾਂ ਵਿਚਕਾਰ ਬੜੀ ਸਿਆਣਪ ਨਾਲ ਨਾਪ-ਤੋਲ ਕਰਕੇ ਹਾਂ-ਪੱਖੀ ਸੰਤੁਲਨ ਕਾਇਮ ਕੀਤਾ ਹੈ। ਭਾਵੇਂ, ਮਨੁੱਖ, ਪੌਦਿਆਂ ਤੇ ਪਾਲਤੂ ਜਾਨਵਰਾਂ 'ਤੇ ਵਿਗਿਆਨਕ/ਪਦਾਰਥੀ ਸਹੂਲਤਾਂ ਕਾਰਨ ਇਹ ਵਰਤਾਰਾ ਹੁਣ ਉਵੇਂ ਸੰਭਵ ਨਹੀਂ ਜਿਵੇਂ ਦੂਸਰੇ ਕੁਦਰਤੀ ਜੈਵਿਕ-ਵਿਭਿੰਨਤਾ ਲਈ ਹੈ। ਮਨੁੱਖੀ ਅਧੋਗਤੀ ਕਾਰਨ ਜਿਸ ਤੇਜ਼ੀ ਨਾਲ ਇਹ ਜੀਵ ਤੇ ਪੌਦ ਵੰਨਗੀਆਂ ਲੁਪਤ ਹੋ ਰਹੀਆਂ ਹਨ ਬੇਹੱਦ ਚਿੰਤਾ ਦਾ ਵਿਸ਼ਾ ਹੈ। ਅੰਤਰਰਾਸ਼ਟਰੀ ਕੁਦਰਤ ਸਰੰਖਿਅਣ ਸੰਘ ਅਨੁਸਾਰ ਵਿਸ਼ਵ ਪੱਧਰ 'ਤੇ: ਜਲ-ਥਲੀ ਜੀਵਾਂ ਦੀਆਂ 57, ਸਖਤ ਖੋਲ ਵਾਲਿਆਂ ਦੀਆਂ 126, ਐਨੇਲਿੱਡ ਵਰਮਜ਼ (ਗੰਡੋਏ, ਜੋਕਾਂ, ਚੀਚਵਹੁਟੀ ਆਦਿ) ਦੀਆਂ 139, ਕੋਰਲ ਤੇ ਸਪੰਜ਼ 154, ਰੀਂਗਣ ਵਾਲੇ 169, ਘੋਗੇ-ਸਿੱਪੀਆਂ 409, ਦੁਧਾਰੂ ਜੀਵਾਂ ਦੀਆਂ 507, ਮੱਛੀਆਂ ਦੀਆਂ 713, ਪੰਛੀਆਂ ਦੀਆਂ 1029 ਤੇ ਕੀੜੇ-ਮਕੌੜਿਆ ਦੀਆਂ 1093 ਕਿਸਮਾਂ ਸਦਾ ਲਈ ਨਸ਼ਟ ਹੋਣ ਦੇ ਕਗਾਰ 'ਤੇ ਖੜ੍ਹੀਆਂ ਹਨ।' ਬਨਸਪਤੀ-ਜਗਤ ਵਿਚ ਭਾਰਤ ਦੀ ਤਸਵੀਰ ਵੀ ਬੇਹੱਦ ਧੁੰਦਲੀ ਹੈ। ਇਸ ਸਦੀ ਦੇ ਅੰਤ ਤੱਕ ਪੌਦਾ ਜਗਤ ਦੀਆਂ 60,000 ਤੋਂ ਵਧੇਰੇ ਕਿਸਮਾਂ ਹਮੇਸ਼ਾ ਲਈ ਲੁਪਤ ਹੋ ਜਾਣਗੀਆਂ।
ਮੁੱਕਦੀ ਗੱਲ; ਸੱਭਿਅਤਾ ਦੇ ਜਿਸ ਮੌਜੂਦਾ ਪੜਾਅ 'ਚੋਂ ਮਨੁੱਖਤਾ ਲੰਘ ਰਹੀ ਹੈ ਉਸ ਵਿਚ ਕੁਦਰਤ ਨਾਲ ਮਨੁੱਖੀ ਰਿਸ਼ਤੇ ਦੇ ਮੁੜ-ਮੁਲਾਂਕਣ ਦੀ ਲੋੜ ਹੈ। ਆਮ ਜ਼ਿੰਦਗੀ ਦੀਆਂ ਬਰਕਤਾਂ ਤੇ ਸਾਡੀ ਕੁੱਲੀ, ਗੁੱਲੀ ਤੇ ਜੁੱਲੀ ਸਿਰਫ਼ ਬਹੁਪਰਤੀ ਬਨਸਪਤੀ ਤੇ ਜੀਵਾਂ ਦੀ ਬਦੌਲਤ ਹੀ ਹਨ। ਧਰਤੀ ਦੀ ਖੂਬਸੂਰਤੀ ਵਧਾਉਣ ਦੇ ਨਾਲ-ਨਾਲ ਇਹ ਵਾਤਾਵਰਨ ਨੂੰ ਸ਼ਾਂਤ-ਸੁਖਾਵਾਂ ਬਣਾਉਣ ਵਿਚ ਅਹਿਮ ਯੋਗਦਾਨ ਪਾਉਂਦੇ ਹਨ। ਜਿਨ੍ਹਾਂ ਕਾਰਨਾਂ ਤੇ ਕਾਰਕਾਂ ਕਰਕੇ ਜੈਵਿਕ-ਵਿਭਿੰਨਤਾ ਖ਼ਤਰੇ ਵਿਚ ਹੈ, ਉਨ੍ਹਾਂ 'ਚੋਂ ਬਹੁਤੇ ਮਨੁੱਖ ਨੇ ਖੁਦ ਸਿਰਜੇ ਹਨ। ਉਨ੍ਹਾਂ ਨੂੰ ਮਨਫ਼ੀ ਕਰਕੇ 'ਸਰਬਤ ਦਾ ਭਲਾ' ਵਾਲੇ ਨਿਜ਼ਾਮ ਦੀ ਲੋੜ ਹੈ। ਕੀ ਹਾਕਮ-ਜਮਾਤਾਂ ਜਾਣਦੀਆਂ ਹਨ ਕਿ 'ਇਕ ਵੰਨਗੀ ਦੇ ਪੌਦ ਜਾਂ ਜੀਵ ਦੇ ਖ਼ਤਮ ਹੋ ਜਾਣ ਨਾਲ ਉਸ 'ਤੇ ਨਿਰਭਰ 20 ਵੰਨਗੀਆਂ ਦਾ ਜੀਵਨ ਖ਼ਤਰੇ ਵਿਚ ਪੈ ਜਾਂਦਾ ਹੈ।' ਜੇਕਰ ਮਨੁੱਖੀ-ਹੋਛਾਪਨ ਇਵੇਂ ਰਿਹਾ ਤਾਂ, ਬੰਦੇ ਦੇ ਸਲਾਮਤ ਰਹਿਣ ਦੀ ਵੀ ਭਲਾ, ਕੀ ਗਾਰੰਟੀ ਹੈ?

-ਮੋਬਾਈਲ : 94634 39075

Ad Position 22
No active advertisement
ਪਿਛਲੀ ਖ਼ਬਰ ਸਦਾਬਹਾਰ ਜਵਾਨੀ ਲਈ ਖਾਓ ਪੁੰਗਰੇ ਅਨਾਜ ਅਗਲੀ ਖ਼ਬਰ ਮੱਧਕਾਲੀਨ ਸਾਹਿਤ ਦੀ ਖੋਜ ਸੰਬੰਧੀ ਬੇਮਿਸਾਲ ਹੈ ਡਾ. ਰਤਨ ਸਿੰਘ ਜੱਗੀ ਦਾ ਯੋਗਦਾਨ
Ad Position 24