17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਸਦਾਚਾਰਕ ਕਦਰਾਂ-ਕੀਮਤਾਂ ਦਾ ਨਿਘਾਰ

Ad Position 21
No active advertisement
ਅਜੀਤ ਡੈਸਕ 19-06-2026

ਅਪ੍ਰੈਲ ਦੇ ਮਹੀਨੇ ਰਾਜ ਸਭਾ ਵਿਚ ਆਮ ਆਦਮੀ ਪਾਰਟੀ ਦੀ ਪ੍ਰਤੀਨਿਧਤਾ ਕਰ ਰਹੇ 6 ਰਾਜ ਸਭਾ ਮੈਂਬਰਾਂ ਨੇ ਵੱਖਰਾ ਗਰੁੱਪ ਬਣਾ ਕੇ ਪਾਰਟੀ ਤੋਂ ਬਗ਼ਾਵਤ ਕਰਕੇ ਭਾਜਪਾ ਨਾਲ ਆਪਣਾ ਨਾਤਾ ਜੋੜ ਲਿਆ ਸੀ। 'ਆਪ' ਦੇ ਰਾਜ ਸਭਾ ਵਿਚ 9 ਮੈਂਬਰ ਸਨ। ਦਲ-ਬਦਲੀ ਕਾਨੂੰਨ ਅਨੁਸਾਰ ਜੇ ਦੋ ਤਿਹਾਈ ਮੈਂਬਰ ਆਪਣਾ ਪਾਲਾ ਬਦਲਦੇ ਹਨ, ਤਾਂ ਉਨ੍ਹਾਂ ਦੀ ਮੈਂਬਰਸ਼ਿਪ ਖ਼ਤਮ ਨਹੀਂ ਹੁੰਦੀ। ਦਲ-ਬਦਲੀ ਕਾਨੂੰਨ ਇਸ ਕਰਕੇ ਹੀ ਬਣਾਇਆ ਗਿਆ ਸੀ, ਕਿ ਦੇਸ਼ ਭਰ ਵਿਚ ਲਗਾਤਾਰ ਮੌਕਾਪ੍ਰਸਤੀ ਦੀ ਰਾਜਨੀਤੀ ਦਾ ਬੋਲਬਾਲਾ ਹੋ ਰਿਹਾ ਸੀ। ਬਹੁਤ ਸਾਰੇ ਸਿਆਸਤਦਾਨ ਇਸ ਤਰ੍ਹਾਂ ਦੀ ਰਾਜਨੀਤੀ ਕਰਦੇ ਹਨ ਕਿ ਸਮਾਂ ਮਿਲਦਿਆਂ ਹੀ ਜਿੱਧਰ ਲਾਭ ਮਿਲੇ, ਉਧਰ ਹੀ ਸਿਆਸੀ ਪੀਂਘ ਦੇ ਝੂਟੇ ਲੈਣ ਲਈ ਤਿਆਰ ਹੋ ਜਾਂਦੇ ਹਨ। ਇਨ੍ਹਾਂ ਸੰਸਦਾਂ ਦੇ ਪਾਲ਼ਾ ਬਦਲਣ 'ਤੇ 'ਆਪ' ਨੇ ਪੰਜਾਬ ਭਰ ਵਿਚ ਮੁਜ਼ਾਹਰੇ ਕੀਤੇ ਸਨ ਅਤੇ ਇਨ੍ਹਾਂ ਨੂੰ 'ਗ਼ੱਦਾਰ' ਤੇ 'ਮੌਕਾਪ੍ਰਸਤ' ਕਿਹਾ ਸੀ। ਪਰ ਉਨ੍ਹਾਂ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ ਤੇ ਅੱਜ ਵੀ ਉਹ ਸਾਰੇ ਥਾਂ-ਥਾਂ ਦਨਦਨਾਉਂਦੇ ਫਿਰਦੇ ਹਨ।
ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਨੂੰ ਕਰਾਰੀ ਹਾਰ ਮਿਲਣ ਤੋਂ ਬਾਅਦ ਲੋਕ ਸਭਾ ਅੰਦਰਲੇ ਇਸ ਦੇ ਬਹੁਤੇ ਮੈਂਬਰਾਂ ਨੇ ਬਗ਼ਾਵਤ ਕਰ ਦਿੱਤੀ ਅਤੇ ਇਕ ਨਾਮ 'ਨਿਹਾਦ' ਪਾਰਟੀ 'ਨੈਸ਼ਨਲਿਸਟ ਸਿਟੀਜ਼ਨਜ਼ ਆਫ਼ ਇੰਡੀਆ' ਦੇ ਝੰਡੇ ਹੇਠ ਇਕੱਠੇ ਹੋ ਗਏ ਅਤੇ ਉੱਥੋਂ ਦੀ ਵਿਧਾਨ ਸਭਾ ਦੇ ਬਹੁਤੇ ਵਿਧਾਇਕ ਵੀ ਆਪਣਾ ਸਿਆਸੀ ਪਾਲ਼ਾ ਵੀ ਬਦਲ ਚੁੱਕੇ ਹਨ। ਉਨ੍ਹਾਂ ਨੇ ਆਪਣਾ ਅਲੱਗ ਗੁੱਟ ਬਣਾ ਕੇ ਆਪਣੇ-ਆਪ ਨੂੰ ਅਸਲੀ ਤ੍ਰਿਣਾਮੂਲ ਕਾਂਗਰਸ ਦੇ ਵਿਧਾਇਕ ਦੱਸਿਆ ਹੈ। ਇਹ ਸਪੱਸ਼ਟ ਹੈ ਕਿ ਅੱਜ ਦੀ ਸਿਆਸਤ ਵਿਚ ਸ਼ਰਮ ਨਾਂਅ ਦੀ ਕੋਈ ਚੀਜ਼ ਨਹੀਂ ਰਹੀ ਅਤੇ ਨਾ ਹੀ ਪ੍ਰਤੀਬੱਧਤਾ ਬਚੀ ਰਹਿ ਸਕੀ ਹੈ। ਜਿਸ ਪਾਰਟੀ ਤੋਂ ਇਹ ਟੁੱਟ ਕੇ ਗਏ ਹਨ, ਉਸ ਦੇ ਆਗੂ ਇਨ੍ਹਾਂ 'ਤੇ ਦਬਾਅ ਹੇਠ ਜਾਂ ਵਿਕਾਊ ਹੋਣ ਕਰਕੇ ਪਾਰਟੀ ਬਦਲਣ ਦੇ ਦੋਸ਼ ਲਾ ਰਹੇ ਹਨ। ਪਰ ਅੱਜ ਦੇਸ਼ ਦੀ ਸਮੁੱਚੀ ਸਿਆਸਤ ਜਿਸ ਤਰ੍ਹਾਂ ਚੱਲ ਰਹੀ ਹੈ, ਉਸ ਵਿਚ ਸਦਾਚਾਰਕ ਕਦਰਾਂ-ਕੀਮਤਾਂ ਉੱਡ-ਪੁੱਡ ਗਈਆਂ ਹਨ। ਜੇ ਸਾਡੇ ਪ੍ਰਤੀਨਿਧ ਸਿਆਸਤਦਾਨ ਹੀ ਮੌਕਾਪ੍ਰਸਤੀ ਦੀ ਖੇਡ ਖੇਡਦੇ ਹੋਏ ਸ਼ਰਮ ਨਹੀਂ ਕਰਦੇ ਤੇ ਬਾਅਦ ਵਿਚ ਲੋਕ ਵੀ ਇਨ੍ਹਾਂ ਦੀਆਂ ਹਰਕਤਾਂ ਨੂੰ ਭੁੱਲ-ਭੁਲਾ ਜਾਂਦੇ ਹਨ ਤਾਂ ਇਨ੍ਹਾਂ ਨੇ ਸਮਾਜ ਸਾਹਮਣੇ ਕਿਹੜਾ ਮਾਡਲ ਪੇਸ਼ ਕਰਨਾ ਹੈ, ਲੋਕਾਂ 'ਤੇ ਇਸ ਦਾ ਕੀ ਅਸਰ ਪੈਣਾ ਹੈ, ਇਸ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਕੁਰਾਹੇ ਪਈ ਅਜਿਹੀ ਰਾਜਨੀਤੀ ਨੇ ਅੱਜ ਵੱਡੀ ਹੱਦ ਤੱਕ ਆਮ ਲੋਕਾਂ ਨੂੰ ਵੀ ਮੌਕਾਪ੍ਰਸਤੀ ਦਾ ਰਾਹ ਦਿਖਾ ਦਿੱਤਾ ਹੈ। ਇਸੇ ਤਰ੍ਹਾਂ ਦੀਆਂ ਖ਼ਬਰਾਂ ਹੀ ਹੁਣ ਮਹਾਰਾਸ਼ਟਰ ਤੋਂ ਮਿਲ ਰਹੀਆਂ ਹਨ, ਜਿੱਥੇ 4 ਸਾਲਾਂ ਵਿਚ ਸ਼ਿਵ ਸੈਨਾ ਵਰਗੀ ਮਜ਼ਬੂਤ ਪਾਰਟੀ ਦੂਜੀ ਵਾਰ ਟੁੱਟਣ ਦੇ ਕਿਨਾਰੇ 'ਤੇ ਹੈ। ਖ਼ਬਰਾਂ ਇਹ ਵੀ ਹਨ ਕਿ ਊਧਵ ਠਾਕਰੇ ਦੀ ਸ਼ਿਵ ਸੈਨਾ (ਯੂ.ਬੀ.ਟੀ.) ਵਿਚ ਵੱਡੀਆਂ ਤਰੇੜਾਂ ਪਈਆਂ ਦਿਖਾਈ ਦੇਣ ਲੱਗੀਆਂ ਹਨ। ਇਸ ਪਾਰਟੀ ਦੇ ਲੋਕ ਸਭਾ ਵਿਚ 9 ਮੈਂਬਰ ਹਨ, ਜਿਨ੍ਹਾਂ ਵਿਚੋਂ 6 ਸੰਸਦ ਮੈਂਬਰਾਂ ਨੇ ਬਗ਼ਾਵਤ ਕਰਕੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਵਿਚ ਜਾਣ ਦਾ ਇਰਾਦਾ ਪ੍ਰਗਟਾਇਆ ਹੈ। ਇਹ ਮੈਂਬਰ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਵੀ ਮਿਲ ਕੇ ਆਏ ਹਨ। ਇਸ ਨਾਲ ਊਧਵ ਠਾਕਰੇ ਦੀ ਸ਼ਿਵ ਸੈਨਾ ਹੋਰ ਵੀ ਕਮਜ਼ੋਰ ਹੋਈ ਦਿਖਾਈ ਦਿੰਦੀ ਹੈ। ਊਧਵ ਦੀ ਪਾਰਟੀ ਦੇ ਆਗੂ ਅਤੇ ਬੁਲਾਰੇ ਸੰਜੈ ਰਾਊਤ ਨੇ ਇਹ ਇਲਜ਼ਾਮ ਲਗਾਇਆ ਹੈ ਕਿ ਇਨ੍ਹਾਂ ਲੋਕ ਸਭਾ ਮੈਂਬਰਾਂ ਨੂੰ 50-50 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਗਈ ਹੈ। ਅਜਿਹੀਆਂ ਖ਼ਬਰਾਂ ਦਾ ਆਮ ਵਿਅਕਤੀ ਦੀ ਮਾਨਸਿਕਤਾ 'ਤੇ ਕੀ ਅਸਰ ਪੈਂਦਾ ਹੈ, ਇਸ ਦਾ ਸਭ ਨੂੰ ਅਹਿਸਾਸ ਹੈ।
ਗੱਲ ਇਥੇ ਹੀ ਖ਼ਤਮ ਨਹੀਂ ਹੋ ਰਹੀ, ਹੁਣ ਉੱਤਰ ਪ੍ਰਦੇਸ਼ ਦੀ ਵੱਡੀ ਅਤੇ ਮਜ਼ਬੂਤ ਸਮਾਜਵਾਦੀ ਪਾਰਟੀ ਵੀ ਟੁੱਟਣ ਦੇ ਕਿਨਾਰੇ 'ਤੇ ਹੈ। ਇੱਥੇ ਦੀ ਇਕ ਹੋਰ ਪਾਰਟੀ 'ਸੁਹੇਲ ਦੇਵ ਭਾਰਤੀ ਸਮਾਜ ਪਾਰਟੀ' ਦੇ ਮੁਖੀ ਅਤੇ ਉੱਤਰ ਪ੍ਰਦੇਸ਼ ਸਰਕਾਰ ਵਿਚ ਪੰਚਾਇਤੀ ਰਾਜ ਮੰਤਰੀ ਓਮ ਪ੍ਰਕਾਸ਼ ਰਾਜਭਰ ਨੇ ਸਮਾਜਵਾਦੀ ਪਾਰਟੀ ਦੇ ਟੁੱਟਣ ਦਾ ਦਾਅਵਾ ਕੀਤਾ ਹੈ। ਰਾਜਭਰ ਨੇ ਇਹ ਦੋਸ਼ ਲਾਇਆ ਹੈ ਕਿ ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਰਾਸ਼ਟਰੀ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਰਾਮ ਗੋਪਾਲ ਯਾਦਵ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਕ ਚਿੱਠੀ ਲਿਖੀ ਹੈ, ਜਿਸ ਵਿਚ ਉਸ ਨੇ ਸਮਾਜਵਾਦੀ ਪਾਰਟੀ ਦੇ ਸੰਦਰਭ ਵਿਚ ਮਾਈਨਿੰਗ ਘੁਟਾਲਾ ਅਤੇ ਗੋਮਤੀ ਰਿਵਰ ਫਰੰਟ ਘੁਟਾਲੇ ਦਾ ਜ਼ਿਕਰ ਕਰਦਿਆਂ, ਇਨ੍ਹਾਂ ਤੋਂ ਰਾਹਤ ਮੰਗਦਿਆਂ ਸਮਾਜਵਾਦੀ ਪਾਰਟੀ ਦੇ ਕੁਝ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਭਾਜਪਾ ਵਿਚ ਲੈਣ ਦੀ ਮੰਗ ਕੀਤੀ ਹੈ। ਇਸੇ ਹੀ ਤਰ੍ਹਾਂ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਵੀ ਕਾਨ੍ਹਪੁਰ ਵਿਚ ਦਾਅਵਾ ਕੀਤਾ ਕਿ ਸਮਾਜਵਾਦੀ ਪਾਰਟੀ ਦੇ 25-26 ਲੋਕ ਸਭਾ ਦੇ ਮੈਂਬਰ ਟੁੱਟਣ ਲਈ ਤਿਆਰ ਹਨ। ਲੋਕ ਸਭਾ ਵਿਚ ਸਮਾਜਵਾਦੀ ਪਾਰਟੀ ਦੇ 37 ਲੋਕ ਸਭਾ ਮੈਂਬਰ ਹਨ। ਇਸ ਤਰ੍ਹਾਂ ਦੀ ਹੋ ਰਹੀ ਟੁੱਟ-ਭੱਜ ਦਾ ਲਾਭ ਮੋਦੀ ਸਰਕਾਰ ਨੂੰ ਹੀ ਮਿਲਦਾ ਨਜ਼ਰ ਆ ਰਿਹਾ ਹੈ, ਕਿਉਂਕਿ ਦੋਵਾਂ ਹੀ ਸਦਨਾਂ ਵਿਚ ਹੋਰਾਂ ਪਾਰਟੀਆਂ ਤੋਂ ਟੁੱਟ ਕੇ ਆਉਣ ਵਾਲਿਆਂ ਨਾਲ ਇਸ ਦੀਆਂ ਭਾਈਵਾਲ ਪਾਰਟੀਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਆਪਣਾ ਸਪੱਸ਼ਟ ਬਹੁਤ ਪ੍ਰਾਪਤ ਕਰਨ ਤੋਂ ਪਛੜ ਗਈ ਸੀ। ਉਸ ਸਮੇਂ ਉਸ ਨੂੰ ਬਹੁਮਤ ਲਈ ਤੇਲਗੂ ਦੇਸ਼ਮ ਪਾਰਟੀ ਤੇ ਜਨਤਾ ਦਲ (ਯੂਨਾਈਟਡ) ਦਾ ਸਹਾਰਾ ਲੈਣਾ ਪਿਆ ਸੀ। ਇਸ ਲਈ, ਉਸ ਸਾਲ ਦੇ ਕੇਂਦਰੀ ਬਜਟ ਵਿਚ ਇਨ੍ਹਾਂ ਭਾਈਵਾਲ ਪਾਰਟੀਆਂ ਵਲੋਂ ਪਹਿਲਾਂ ਹੀ ਰੱਖੀਆਂ ਗਈਆਂ ਵੱਡੀਆਂ ਆਰਥਿਕ ਮੰਗਾਂ ਨੂੰ, ਭਾਜਪਾ ਨੂੰ ਮੰਨਣਾ ਪਿਆ ਸੀ।
ਉਸ ਤੋਂ ਬਾਅਦ ਤ੍ਰਿਣਮੂਲ ਦੇ 20 ਲੋਕ ਸਭਾ ਮੈਂਬਰਾਂ ਦੇ ਪਾਰਟੀ ਬਦਲਣ ਅਤੇ ਹੁਣ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਸ਼ਿੰਦੇ ਵਿਚ ਊਧਵ ਠਾਕਰੇ ਦੇ ਲੋਕ ਸਭਾ ਮੈਂਬਰਾਂ ਦੇ ਸ਼ਾਮਿਲ ਹੋਣ ਨਾਲ ਭਾਜਪਾ ਦੀ ਅਗਵਾਈ ਵਾਲੇ ਕੌਮੀ ਲੋਕਤੰਤਰਿਕ ਗੱਠਜੋੜ (ਐਨ.ਡੀ.ਏ.) ਵਿਚ ਨਰਿੰਦਰ ਮੋਦੀ ਦਾ ਪ੍ਰਭਾਵ ਵਧਦਾ ਨਜ਼ਰ ਆ ਰਿਹਾ ਹੈ, ਤੇ ਹੁਣ ਸਮਾਜਵਾਦੀ ਪਾਰਟੀ ਵਿਚ ਟੁੱਟ-ਭੱਜ ਦੀਆਂ ਖ਼ਬਰਾਂ ਨੇ ਕੇਂਦਰ ਸਰਕਾਰ ਦੀ ਤਾਕਤ ਨੂੰ ਹੋਰ ਵੀ ਵਧਾ ਦਿੱਤਾ ਹੈ। ਜੇਕਰ ਦੇਸ਼ ਦੀ ਸਿਆਸਤ ਵਿਚ ਇਸੇ ਤਰ੍ਹਾਂ ਮੌਕਾਪ੍ਰਸਤੀ ਦੀ ਦੌੜ ਜਾਰੀ ਰਹੀ ਤਾਂ ਕੱਲ੍ਹ ਨੂੰ ਇਸ ਗੱਲ ਦੀ ਭਾਰੀ ਸੰਭਾਵਨਾ ਬਣ ਜਾਵੇਗੀ ਕਿ ਦੋਵਾਂ ਸਦਨਾਂ ਵਿਚ ਸਰਕਾਰੀ ਧਿਰ ਦੇ ਸੰਸਦ ਮੈਂਬਰਾਂ ਦੀ ਵਧਦੀ ਗਿਣਤੀ ਦੇ ਸਹਾਰੇ ਭਾਜਪਾ ਸੰਵਿਧਾਨ ਵਿਚ ਮੁਢਲੀਆਂ ਤਬਦੀਲੀਆਂ ਕਰਨ ਦੇ ਸਮਰੱਥ ਹੋ ਜਾਵੇਗੀ। ਭਾਜਪਾ ਇਸੇ ਦਿਸ਼ਾ ਵਿਚ ਕੰਮ ਕਰਦੀ ਨਜ਼ਰ ਆ ਰਹੀ ਹੈ।

ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਕੀ ਹੈ ਭਾਜਪਾ ਦੀ ਰਣਨੀਤੀ? ਅਗਲੀ ਖ਼ਬਰ ਹਰ ਚੰਗੇ ਅਤੇ ਨੇਕ ਇਨਸਾਨ ਲਈ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਉਹ ਮੁਸ਼ਕਿਲ ਆਉਣ 'ਤੇ ਕਰਤੱਵ ਅਤੇ ਧਰਮ ਤੋਂ ਕਦੇ ਵੀ ਨਾ ਡੋਲ...
Ad Position 24