02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਲਪਟਾਂ ਵਿਚ ਘਿਰੀ ਦੁਨੀਆ

Ad Position 21
No active advertisement
ਅਜੀਤ ਡੈਸਕ 15-07-2026

ਅਮਰੀਕਾ-ਇਜ਼ਰਾਈਲ ਨੇ ਈਰਾਨ 'ਤੇ 28 ਫਰਵਰੀ ਨੂੰ ਹਮਲਾ ਕੀਤਾ ਸੀ, ਉਸ ਤੋਂ ਬਾਅਦ ਇਹ ਲੜਾਈ ਪੂਰੇ ਪੱਛਮੀ ਏਸ਼ੀਆ ਵਿਚ ਫੈਲ ਗਈ ਸੀ। ਈਰਾਨ ਵਲੋਂ ਹੋਰਮੁਜ਼ ਸਮੁੰਦਰੀ ਰਸਤੇ ਨੂੰ ਬੰਦ ਕਰਨ ਨੇ ਸਥਿਤੀ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਸੀ। ਇਸ ਰਸਤੇ ਰਾਹੀਂ ਦੁਨੀਆ ਦੇ 20 ਫ਼ੀਸਦੀ ਤੇਲ ਅਤੇ ਕੁਦਰਤੀ ਗੈਸ ਦਾ ਵਪਾਰ ਹੁੰਦਾ ਹੈ। ਹੋਰਾਂ ਦੇਸ਼ਾਂ ਨਾਲ ਭਾਰਤ ਵੀ ਇਸ ਤੋਂ ਬੇਹੱਦ ਪ੍ਰਭਾਵਿਤ ਹੋਇਆ। ਦੁਨੀਆ ਭਰ ਦੇ ਬਹੁਤੇ ਦੇਸ਼ ਇਸ ਸਮੁੰਦਰੀ ਲਾਂਘੇ ਨੂੰ ਕੌਮਾਂਤਰੀ ਵਪਾਰਕ ਲਾਂਘਾ ਮੰਨਦੇ ਹਨ, ਜਿਸ ਦੇ ਦੂਸਰੇ ਪਾਸੇ ਕਿਨਾਰੇ ਓਮਾਨ ਨਾਲ ਲਗਦੇ ਹਨ, ਪਰ ਈਰਾਨ ਵਲੋਂ ਵੀ ਇਸ ਲਾਂਘੇ 'ਤੇ ਆਪਣਾ ਹੱਕ ਜਤਾਏ ਜਾਣ ਨਾਲ ਸਥਿਤੀ ਦੇ ਹੋਰ ਵਿਗੜਨ ਦਾ ਖਦਸ਼ਾ ਬਣ ਗਿਆ ਹੈ। ਇਨ੍ਹਾਂ ਦੋਵਾਂ ਦੇਸ਼ਾਂ ਵਿਚਕਾਰ 17 ਜੂਨ ਨੂੰ ਇਕ ਸਮਝੌਤਾ ਹੋਇਆ ਸੀ, ਜਿਸ ਵਿਚ ਦੋਵਾਂ ਵਲੋਂ ਕੁਝ ਸ਼ਰਤਾਂ ਤਹਿਤ ਇਸ ਜੰਗ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਸੀ, ਪਰ ਈਰਾਨ ਦੇ ਉੱਚ ਆਗੂ ਆਇਤੁੱਲਾ ਖਾਮੇਨੇਈ ਦੇ ਮਾਰੇ ਜਾਣ ਤੋਂ ਬਾਅਦ ਪਿਛਲੇ ਦਿਨੀਂ ਉਸ ਨੂੰ ਦਫ਼ਨਾਉਣ ਸਮੇਂ ਈਰਾਨ ਵਿਚ ਜਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਹੈ, ਉਸ ਨੂੰ ਵੇਖਦਿਆਂ ਇਸ ਲੜਾਈ ਦੇ ਛੇਤੀ ਬੰਦ ਹੋਣ ਦੀ ਸੰਭਾਵਨਾ ਖ਼ਤਮ ਹੁੰਦੀ ਜਾ ਰਹੀ ਹੈ।
ਈਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਸਮੇਤ ਯੂਰਪ ਦੇ ਕਈ ਵੱਡੇ ਆਗੂਆਂ ਨੂੰ ਖੁੱਲ੍ਹੇ ਤੌਰ 'ਤੇ ਆਪਣਾ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ। ਉਸ ਨੇ ਓਮਾਨ ਦੇ ਤੱਟ ਨੇੜੇ ਖੜ੍ਹੇ ਇਕ ਮਾਲ-ਵਾਹਕ ਜਹਾਜ਼ ਨੂੰ ਆਪਣਾ ਨਿਸ਼ਾਨਾ ਬਣਾਇਆ, ਜਿਸ ਦੇ ਕਰਮਚਾਰੀਆਂ 'ਚ ਕੁਝ ਭਾਰਤੀ ਵੀ ਸ਼ਾਮਿਲ ਸਨ। ਇਸ ਦੇ ਪ੍ਰਤੀਕਰਮ ਵਜੋਂ ਅਮਰੀਕਾ ਨੇ ਈਰਾਨ ਦੇ 140 ਦੇ ਕਰੀਬ ਟਿਕਾਣਿਆਂ 'ਤੇ ਲੜਾਕੂ ਜਹਾਜ਼ਾਂ ਅਤੇ ਡਰੋਨਾਂ ਨਾਲ ਹਮਲੇ ਕੀਤੇ, ਜਿਸ ਦੇ ਜਵਾਬ ਵਿਚ ਈਰਾਨ ਨੇ ਵੀ ਉਨ੍ਹਾਂ 6 ਖਾੜੀ ਦੇਸ਼ਾਂ 'ਤੇ ਫੇਰ ਹਮਲੇ ਕੀਤੇ, ਜਿਨ੍ਹਾਂ ਵਿਚ ਅਮਰੀਕੀ ਫ਼ੌਜੀ ਅੱਡੇ ਬਣੇ ਹੋਏ ਹਨ। ਇਸ ਦੇ ਨਾਲ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਹੋਰਮੁਜ਼ ਰਸਤੇ 'ਤੇ ਆਪਣਾ ਅਧਿਕਾਰ ਕਾਇਮ ਕਰ ਲਿਆ ਹੈ ਅਤੇ ਇਹ ਵੀ ਕਿਹਾ ਹੈ ਕਿ ਇਸ ਰਸਤੇ ਰਾਹੀਂ ਲੰਘਣ ਵਾਲੇ ਜਹਾਜ਼ਾਂ ਤੋਂ ਹੁਣ ਅਮਰੀਕਾ ਟੈਕਸ ਵਸੂਲੇਗਾ। ਇਸ ਤੋਂ ਪਹਿਲਾਂ ਈਰਾਨ ਵੀ ਇਸ ਲਾਂਘੇ ਵਿਚੋਂ ਲੰਘਣ ਵਾਲੇ ਜਹਾਜ਼ਾਂ ਤੋਂ ਟੈਕਸ ਵਸੂਲਣ ਦੇ ਦਾਅਵੇ ਕਰਦਾ ਰਿਹਾ ਹੈ। ਭਾਰਤ ਨੇ ਇਸ ਜਲ ਮਾਰਗ ਨੂੰ ਕੌਮਾਂਤਰੀ ਕਾਨੂੰਨਾਂ ਦੇ ਤਹਿਤ ਹੋਣ ਕਰਕੇ ਇਹ ਵਤੀਰਾ ਧਾਰਨ ਕੀਤਾ ਹੈ ਕਿ ਇਸ 'ਚੋਂ ਲੰਘਣ ਵਾਲੇ ਸਾਰੇ ਮਾਲ-ਵਾਹਕ ਜਹਾਜ਼ਾਂ ਨੂੰ ਸੁਰੱਖਿਅਤ ਆਵਾਜਾਈ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਇਸ ਲਈ ਭਾਰਤ ਵਲੋਂ ਇਸ ਲਾਂਘੇ 'ਤੇ ਕੋਈ ਵੀ ਟੈਕਸ ਦੇਣ ਤੋਂ ਇਨਕਾਰ ਕੀਤਾ ਗਿਆ ਹੈ। ਪਿਛਲੇ ਸਾਰੇ ਸਮੇਂ ਵਿਚ ਆਪਣੀਆਂ ਨੀਤੀਆਂ ਵਿਚ ਵੱਡੀਆਂ ਤਬਦੀਲੀਆਂ ਕਰਕੇ ਭਾਰਤ ਨੇ ਤੇਲ ਅਤੇ ਗੈਸ ਦੀ ਦਰਾਮਦ ਲਈ ਲੰਮੇ ਸੁਰੱਖਿਅਤ ਸਮੁੰਦਰੀ ਮਾਰਗਾਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ।
ਪਹਿਲਾਂ ਭਾਰਤ ਕਰੀਬ 60 ਫ਼ੀਸਦੀ ਕੱਚਾ ਤੇਲ ਤੇ ਗੈਸ ਹੋਰਮੁਜ਼ ਰਸਤੇ ਤੋਂ ਦਰਾਮਦ ਕਰਦਾ ਸੀ, ਪਰ ਹੁਣ ਇਹ ਸਪਲਾਈ ਇਧਰੋਂ ਘਟ ਕੇ 20 ਫ਼ੀਸਦੀ ਰਹਿ ਗਈ ਹੈ, ਪਰ ਇਹ ਯਕੀਨੀ ਹੈ ਕਿ ਜੇਕਰ ਇਹ ਲੜਾਈ ਜਾਰੀ ਰਹਿੰਦੀ ਹੈ ਤਾਂ ਦੁਨੀਆ ਭਰ ਵਿਚ ਊਰਜਾ ਸੰਕਟ ਪੈਦਾ ਹੋ ਜਾਏਗਾ, ਜਿਸ ਦਾ ਅਸਰ ਭਾਰਤ 'ਤੇ ਪੈਣਾ ਵੀ ਯਕੀਨੀ ਹੈ। ਖ਼ਬਰਾਂ ਅਨੁਸਾਰ ਹੁਣ ਰੂਸ ਨੇ ਵੀ ਆਪਣੇ ਵਿਸ਼ੇਸ਼ ਲੜਾਕੂ ਜਹਾਜ਼ ਤਹਿਰਾਨ ਭੇਜਣੇ ਸ਼ੁਰੂ ਕਰ ਦਿੱਤੇ ਹਨ, ਜਿਸ ਲਈ ਇਸ ਜੰਗ ਦੇ ਹੋਰ ਵੀ ਫੈਲਣ ਦਾ ਖ਼ਤਰਾ ਬਣ ਗਿਆ ਹੈ, ਕਿਉਂਕਿ ਚੀਨ ਵੀ ਇਸ ਮਸਲੇ 'ਤੇ ਈਰਾਨ ਨਾਲ ਖੜ੍ਹੇ ਹੋਣ ਨੂੰ ਤਰਜੀਹ ਦੇ ਰਿਹਾ ਹੈ। ਇਸ ਦੇ ਨਾਲ ਇਹ ਗੱਲ ਵੀ ਯਕੀਨੀ ਹੈ ਕਿ ਜੇਕਰ ਈਰਾਨ ਹੋਰਮੁਜ਼ ਤੋਂ ਆਪਣਾ ਦਾਅਵਾ ਨਹੀਂ ਛੱਡਦਾ ਤਾਂ ਦੁਨੀਆ ਦੇ ਬਹੁਤੇ ਮੁਲਕ ਇਸ ਮਸਲੇ 'ਤੇ ਉਸ ਦੇ ਖ਼ਿਲਾਫ਼ ਖੜ੍ਹੇ ਹੋ ਜਾਣਗੇ, ਕਿਉਂਕਿ ਕੋਈ ਵੀ ਇਸ ਸਮੁੰਦਰੀ ਕੌਮਾਂਤਰੀ ਰਸਤੇ 'ਤੇ ਕਿਸੇ ਦੇਸ਼ ਦੇ ਦਾਅਵੇ ਨੂੰ ਨਹੀਂ ਮੰਨ ਸਕਦਾ। ਇਸ ਲਈ ਹੁਣ ਵੱਡੇ ਕੌਮਾਂਤਰੀ ਯਤਨਾਂ ਦੀ ਜ਼ਰੂਰਤ ਹੋਵੇਗੀ, ਜਿਸ ਨਾਲ ਇਕ ਖ਼ਤਰਨਾਕ ਮੋੜ 'ਤੇ ਆ ਖੜ੍ਹੀ ਹੋਈ ਇਸ ਲੜਾਈ ਨੂੰ ਰੋਕਿਆ ਜਾ ਸਕੇ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਵਿਰੋਧੀ ਧਿਰਾਂ ਲੋਕਤੰਤਰ ਦੀ ਮਜ਼ਬੂਤੀ ਲਈ ਅੱਗੇ ਆਉਣ ਅਗਲੀ ਖ਼ਬਰ ਮੌਕੇ ਅਨੁਸਾਰ ਸਮਝਦਾਰੀ ਨਾਲ ਅਮਲ ਕਰਨਾ ਸਭ ਤੋਂ ਉੱਚੀ ਸਿਆਣਪ ਹੈ। -ਹੋਰੇਸ ਵਾਲਪੋਲ
Ad Position 24
No active advertisement