ਬਚਪਨ ਤੋਂ ਹੀ ਮੈਨੂੰ ਸ੍ਰੀ ਜਗਨਨਾਥ ਦੀਆਂ ਕਈ ਪ੍ਰਾਰਥਨਾਵਾਂ ਤੇ ਭਜਨ ਯਾਦ ਹਨ। ਸਕੂਲ ਤੇ ਕਾਲਜ 'ਚ ਪੜ੍ਹਦਿਆਂ ਮੈਂ ਗੀਤ ਗਾਇਆ ਕਰਦੀ ਸੀ। ਜਗਨਨਾਥ ਦਾ ਭਜਨ ਗਾ ਕੇ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਸੀ। ਮਹਾਂਪ੍ਰਭੂ ਨੂੰ ਆਪਣੇ ਨੇੜੇ ਮਹਿਸੂਸ ਕਰਦੀ ਸੀ। ਮੈਨੂੰ ਲੱਗਦਾ ਹੈ ਕਿ ਮਹਾਂਪ੍ਰਭੂ ਹਰ ਵੇਲੇ ਮੇਰੇ ਆਲੇ-ਦੁਆਲੇ ਹੀ ਰਹਿੰਦੇ ਹਨ। ਔਖੀ ਘੜੀ ਵਿਚ ਮੇਰੀ ਮਦਦ ਕਰਦੇ ਹਨ। ਭਗਤ ਕਵੀ ਮਧੂਸੂਦਨ ਰਾਓ ਦਾ ਗੀਤ ਅੱਜ ਵੀ ਮੈਂ ਮਨ ਹੀ ਮਨ ਗਾਉਂਦੀ ਹਾਂ:-
ਮੇਰੇ ਪਾਸ ਦਿਨ-ਰਾਤ ਰਹਿਤੇ ਹੈਂ
ਮਹਾਂਪ੍ਰਭੂ ਪਰਮੇਸ਼ਵਰ,
ਯਹ ਬਾਤ ਯਾਦ ਕਰ ਹਰਿਦਯ
ਮੇਂ ਪੂਜੂੰਗਾ ਉਨ੍ਹੇਂ ਨਿਰੰਤਰ।
ਜਦੋਂ ਤੱਕ ਮੈਂ ਕੁਝ ਸਮਝਣ-ਬੁੱਝਣ ਦੀ ਉਮਰ ਤੱਕ ਪਹੁੰਚੀ, ਮੈਂ ਜਗਨਨਾਥ ਬਾਰੇ ਜਾਣਨ ਲੱਗ ਪਈ ਸੀ। ਸਾਡੇ ਘਰ ਵਿਚ ਅਕਸਰ ਜਗਨਨਾਥ ਦੀਆਂ ਗੱਲਾਂ ਹੁੰਦੀਆਂ ਸਨ। ਜਦੋਂ ਮੈਂ ਪਿੰਡ ਦੇ ਸਕੂਲ 'ਚ ਪੜ੍ਹਦੀ ਸੀ ਤਾਂ ਭਗਤ ਸਾਲਬੇਗ ਦੀ 'ਆਹੇ ਨੀੜੋ ਸ਼ੋਇੜੋ' ਪ੍ਰਾਰਥਨਾ ਗਾਈ ਜਾਂਦੀ ਸੀ। ਪੁਰੀ ਵਿਚ ਵੱਡਾ ਮੰਦਰ ਹੈ, ਇੰਨਾ ਵੱਡਾ ਮੰਦਰ ਹੋਰ ਕਿਤੇ ਨਹੀਂ ਹੈ। ਮੰਦਰ ਵਿਚ ਸ੍ਰੀ ਜਗਨਨਾਥ ਦੀ ਪੂਜਾ ਉਨ੍ਹਾਂ ਦੀ ਭੈਣ ਸੁਭੱਦਰਾ ਤੇ ਵੱਡੇ ਭਰਾ ਬਲਭੱਦਰ ਦੇ ਨਾਲ ਕੀਤੀ ਜਾਂਦੀ ਹੈ। ਮਯੂਰਭੰਜ ਦੇ ਉਪਰਬੇੜਾ ਪਿੰਡ ਤੋਂ ਪੁਰਸ਼ੋਤਮ ਖੇਤਰ ਪੁਰੀ ਦੀ ਦੂਰੀ ਕਾਫ਼ੀ ਜ਼ਿਆਦਾ ਸੀ। ਭਲਾ ਦੇਖਣ ਦਾ ਮੌਕਾ ਮੈਨੂੰ ਕਿੱਥੇ ਮਿਲਣਾ ਸੀ। ਪਰ ਮੈਂ ਭੁਵਨੇਸ਼ਵਰ ਗਈ ਤੇ ਯੂਨਿਟ-2 ਦੇ ਗਰਲਜ਼ ਹਾਈ ਸਕੂਲ 'ਚ ਦਾਖ਼ਲਾ ਲਿਆ। ਹੋਸਟਲ ਵਿਚ ਰਹਿਣ ਲੱਗੀ। ਉਸ ਤੋਂ ਬਾਅਦ ਮੈਂ ਪੁਰੀ, ਭੁਵਨੇਸ਼ਵਰ ਤੇ ਕੋਣਾਰਕ ਦੇਖਿਆ। ਪਹਿਲੀ ਵਾਰ ਜਗਨਨਾਥ ਦੇ ਦਰਸ਼ਨਾਂ ਦੀ ਯਾਦ ਮੇਰੇ ਮਨ 'ਚੋਂ ਕਦੇ ਨਹੀਂ ਮਿਟੀ।
ਕੀ ਉਨ੍ਹਾਂ ਦੀ ਰੱਥ ਯਾਤਰਾ ਭੁਲਾਈ ਜਾ ਸਕਦੀ ਹੈ? ਸ੍ਰੀਖੇਤਰ ਵਿਚ 12 ਮਹੀਨਿਆਂ ਦੌਰਾਨ ਤੇਰਾਂ ਤਿਉਹਾਰ ਮਨਾਏ ਜਾਂਦੇ ਹਨ। ਪਰ ਰੱਥ ਯਾਤਰਾ ਦੀ ਰੌਣਕ ਤਾਂ ਨਿਰਾਲੀ ਹੀ ਹੁੰਦੀ ਹੈ। ਪੂਰਾ ਸਾਲ ਭਗਤ ਇੱਥੇ ਆ ਕੇ ਮੰਦਰ ਦੇ ਅੰਦਰ ਜਾ ਕੇ ਮਹਾਂਪ੍ਰਭੂ ਦੇ ਦਰਸ਼ਨ ਕਰਦੇ ਹਨ। ਪਰ ਸਾਲ ਵਿਚ ਇਕ ਵਾਰ ਮਹਾਂਪ੍ਰਭੂ ਆਪਣੇ ਸ਼ਾਨਦਾਰ ਮੰਦਰ ਤੋਂ ਬਾਹਰ 'ਵਿਸ਼ਾਲ ਮਾਰਗ' (ਬੋੜੋ ਦਾਂਡੋ) 'ਤੇ ਆਉਂਦੇ ਹਨ। ਭਗਤਾਂ ਨੂੰ ਦਰਸ਼ਨ ਦਿੰਦੇ ਹਨ। ਤਿੰਨ ਰੱਥਾਂ 'ਤੇ ਤਿੰਨ ਠਾਕੁਰ ਬੈਠ ਕੇ ਚੱਕਰਰਾਜ ਸੁਦਰਸ਼ਨ ਦੇ ਨਾਲ ਗੁੰਡਿਚਾ ਮੰਦਰ ਵੱਲ ਯਾਤਰਾ ਕਰਦੇ ਹਨ। ਉੱਥੇ ਸੱਤ ਦਿਨਾਂ ਤੱਕ ਰਹਿ ਕੇ ਵਾਪਸ ਪਰਤ ਆਉਂਦੇ ਹਨ। ਮਹਾਂਪ੍ਰਭੂ ਦਾ ਇਹ ਮਹਾਂਪੁਰਬ ਬੇਮਿਸਾਲ ਹੈ। ਬਚਪਨ ਤੋਂ ਹੀ ਮੈਂ ਜਗਨਨਾਥ ਦੀ ਭਗਤ ਹਾਂ। ਉਹ ਹਮੇਸ਼ਾ ਮੇਰੇ ਪਰਮ ਇਸ਼ਟ ਹਨ। ਮੇਰੇ ਜੀਵਨ ਦੇ ਉਤਰਾਅ-ਚੜ੍ਹਾਅ ਦੇ ਉਹ ਹੀ ਸੰਚਾਲਕ ਹਨ। ਰਾਸ਼ਟਰਪਤੀ ਅਹੁਦੇ ਲਈ ਮੈਨੂੰ ਉਮੀਦਵਾਰ ਬਣਾਉਣ ਦਾ ਐਲਾਨ ਹੁੰਦਿਆਂ ਹੀ ਮੈਂ ਮਹਾਂਪ੍ਰਭੂ ਨੂੰ ਯਾਦ ਕੀਤਾ। ਇੰਨੀ ਉਚਾਈ 'ਤੇ ਮੈਨੂੰ ਲੈ ਕੇ ਜਾ ਰਹੇ ਹੋ ਪ੍ਰਭੂ, ਕਦਮ-ਕਦਮ 'ਤੇ ਮੈਨੂੰ ਸਹਾਰਾ ਦੇਣਾ, ਹਮੇਸ਼ਾ ਮੇਰੇ ਕੋਲ ਰਹਿਣਾ, ਇਹ ਮੇਰੀ ਪ੍ਰਾਰਥਨਾ ਸੀ। ਉਨ੍ਹਾਂ ਨੇ ਮੇਰੀ ਪ੍ਰਾਰਥਨਾ ਸੁਣੀ, ਸੁਣ ਵੀ ਰਹੇ ਹਨ। ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਵਜੋਂ ਦਿੱਲੀ ਵਿਚ ਰਹਿਣ ਦੌਰਾਨ ਰੱਥ ਯਾਤਰਾ ਦਾ ਮਹਾਂਪੁਰਬ ਆਇਆ। ਪਰ ਪੁਰੀ ਜਾਣਾ ਸੰਭਵ ਨਹੀਂ ਸੀ। ਰੱਥ ਯਾਤਰਾ ਵਾਲੇ ਦਿਨ ਅੰਮ੍ਰਿਤ ਵੇਲੇ ਦਿੱਲੀ ਦੇ ਹੌਜ਼ਖ਼ਾਸ ਵਿਚ ਬਣੇ ਜਗਨਨਾਥ ਮੰਦਰ ਜਾ ਕੇ ਮੈਂ ਮਹਾਂਪ੍ਰਭੂ ਦੇ ਦਰਸ਼ਨ ਕੀਤੇ। ਮਨ ਆਨੰਦ ਨਾਲ ਭਰ ਗਿਆ। ਉਨ੍ਹਾਂ ਦਾ ਅਸ਼ੀਰਵਾਦ ਮੇਰੇ 'ਤੇ ਵਰ੍ਹ ਗਿਆ। ਬੜੇ ਆਤਮਵਿਸ਼ਵਾਸ ਨਾਲ ਮੈਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਬਹੁਤ ਉਤਸ਼ਾਹ ਨਾਲ ਚੋਣ ਮੁਹਿੰਮ 'ਚ ਹਿੱਸਾ ਲਿਆ। 25 ਜੁਲਾਈ 2022 ਨੂੰ ਸੰਸਦ ਦੇ ਸੈਂਟਰਲ ਹਾਲ ਵਿਚ ਸਹੁੰ ਚੁੱਕਣ ਜਾਂਦੇ ਸਮੇਂ ਮੈਂ ਜਗਨਨਾਥ ਅੱਗੇ ਪ੍ਰਾਰਥਨਾ ਕਰਦੀ ਜਾ ਰਹੀ ਸੀ। ਉਨ੍ਹਾਂ ਦੇ ਅਸ਼ੀਰਵਾਦ ਨਾਲ ਮੇਰਾ ਸਹੁੰ ਚੁੱਕ ਸਮਾਗਮ ਬਹੁਤ ਵਧੀਆ ਢੰਗ ਨਾਲ ਨੇਪਰੇ ਚੜ੍ਹਿਆ। ਰਾਸ਼ਟਰਪਤੀ ਵਜੋਂ ਮੇਰੇ ਪਹਿਲੇ ਭਾਸ਼ਨ ਵੇਲੇ ਵੀ ਮੰਨੋ ਕਿ ਉਹ ਮੇਰੇ ਨਾਲ ਹੀ ਸਨ।
ਪੁਰੀ ਜਾ ਕੇ ਮਹਾਂਪ੍ਰਭੂ ਦੇ ਦਰਸ਼ਨਾਂ ਲਈ ਮੇਰਾ ਮਨ ਬੇਚੈਨ ਹੋ ਉੱਠਿਆ। ਦਿਨ ਬੀਤਦੇ ਗਏ, ਪਰ ਮੈਂ ਪੁਰੀ ਨਾ ਜਾ ਸਕੀ। ਮੈਨੂੰ ਲੱਗਿਆ ਕਿ ਉਨ੍ਹਾਂ ਦੇ ਸੱਦੇ ਤੋਂ ਬਿਨਾਂ ਕੋਈ ਉਨ੍ਹਾਂ ਕੋਲ ਕਿਵੇਂ ਜਾ ਸਕਦਾ ਹੈ। ਕੁਝ ਹੀ ਦਿਨਾਂ ਵਿਚ ਪੁਰੀ ਜਾਣ ਦਾ ਪ੍ਰੋਗਰਾਮ ਤੈਅ ਹੋ ਗਿਆ। ਉਹ ਦਿਨ 10 ਨਵੰਬਰ, 2022 ਸੀ। ਪੁਰੀ ਪਹੁੰਚਣ ਤੋਂ ਬਾਅਦ ਮੇਰਾ ਕਾਫ਼ਲਾ ਸ੍ਰੀਮੰਦਰ ਵੱਲ ਚੱਲ ਪਿਆ। ਕਾਫਲੇ ਦੇ ਪੁਰੀ ਦੇ ਖੁੱਲ੍ਹੇ ਅਤੇ ਪਵਿੱਤਰ ਮਾਰਗ 'ਤੇ ਪਹੁੰਚਦਿਆਂ ਹੀ ਮੇਰੇ ਅੰਦਰ ਇਕ ਅਨੋਖੀ ਭਾਵਨਾ ਜਾਗ ਉੱਠੀ। ਇਹ ਵਿਸ਼ਾਲ ਮਾਰਗ ਮਹਾਂਪ੍ਰਭੂ ਜਗਨਨਾਥ ਦਾ ਹੀ ਹੈ। ਇੱਥੇ ਪ੍ਰੋਟੋਕੋਲ ਦੀ ਕੀ ਲੋੜ ਹੈ? ਪੁਰੀ ਤਾਂ ਖੇਤਰਰਾਜ ਵਜੋਂ ਮਸ਼ਹੂਰ ਹੈ। ਮਹਾਂਪ੍ਰਭੂ ਦੇਵਾਧੀਦੇਵ ਹਨ। ਹੋਰ ਕੁਝ ਸੋਚਣ ਤੋਂ ਪਹਿਲਾਂ ਮੈਂ ਗੱਡੀ ਰੁਕਵਾ ਦਿੱਤੀ। ਮੇਰੀ ਗੱਡੀ ਰੁਕਣ 'ਤੇ ਪਿੱਛੇ ਆ ਰਹੀਆਂ ਸਾਰੀਆਂ ਗੱਡੀਆਂ ਰੁਕ ਗਈਆਂ। ਕਿਸੇ ਦੇ ਕੁਝ ਸਮਝਣ ਤੋਂ ਪਹਿਲਾਂ ਹੀ ਮੈਂ ਪਵਿੱਤਰ ਮਾਰਗ 'ਤੇ ਨੰਗੇ ਪੈਰੀਂ ਤੁਰਨਾ ਸ਼ੁਰੂ ਕਰ ਦਿੱਤਾ। ਸ੍ਰੀਮੰਦਰ ਲਗਭਗ ਦੋ ਕਿੱਲੋਮੀਟਰ ਦੂਰ ਸੀ। ਮੰਦਰ ਦੇ ਨੀਲ-ਚੱਕਰ ਅਤੇ ਪਤਿਤ-ਪਾਵਨ ਝੰਡੇ ਨੂੰ ਦੇਖਦਿਆਂ ਹੋਇਆਂ ਮੈਂ ਅੱਗੇ ਵਧਦੀ ਗਈ।
ਰਸਤੇ ਦੇ ਦੋਵੇਂ ਪਾਸੇ ਖੜ੍ਹੇ ਬੱਚਿਆਂ, ਔਰਤਾਂ, ਨੌਜਵਾਨ ਵਿਦਿਆਰਥੀਆਂ ਅਤੇ ਬਜ਼ੁਰਗਾਂ ਨੂੰ ਮੈਂ ਨਮਸਕਾਰ ਵੀ ਕਰਦੀ ਜਾ ਰਹੀ ਸੀ। ਮੇਰਾ ਧਿਆਨ ਜਗਨਨਾਥ ਵੱਲ ਸੀ। ਸ੍ਰੀਮੰਦਰ ਦੇ ਸਿੰਘ-ਦੁਆਰ ਕੋਲ ਪਹੁੰਚਦਿਆਂ ਹੀ ਮੇਰੇ ਜਜ਼ਬਾਤ ਕਾਬੂ ਵਿਚ ਨਾ ਰਹੇ। ਉਦੋਂ ਤੱਕ ਮੈਂ ਆਪਣੇ ਆਪ ਨੂੰ ਭੁੱਲ ਚੁੱਕੀ ਸੀ। ਪਵਿੱਤਰ ਮਾਰਗ ਦੀ ਧੂੜ ਵਿਚ ਡੰਡਾਉਤ ਪ੍ਰਣਾਮ ਕਰਕੇ ਮੈਂ ਮਹਾਂਪ੍ਰਭੂ ਨੂੰ ਮੱਥਾ ਟੇਕਿਆ। ਉਸ ਤੋਂ ਬਾਅਦ ਮੰਦਰ ਵਿਚ ਦਾਖ਼ਲ ਹੋਈ। ਗਰਭਗ੍ਰਹਿ ਵਿਚ ਪਹੁੰਚ ਕੇ ਚਤੁਰਧਾ (ਚਾਰ) ਮੂਰਤੀਆਂ ਦੇ ਦਰਸ਼ਨ ਕਰਦਿਆਂ ਹੀ ਮੈਂ ਅਨੰਦ ਨਾਲ ਗਦਗਦ ਹੋ ਗਈ। ਮਹਾਂਪ੍ਰਭੂ ਜਗਤ ਦੇ ਨਾਥ ਹਨ, ਅਨਾਥਾਂ ਦੇ ਨਾਥ ਹਨ। ਜਗਤ ਦੇ ਲੋਕਾਂ ਦਾ ਦੁੱਖ ਦੂਰ ਕਰਨ ਲਈ ਉਹ ਹਮੇਸ਼ਾ ਤਿਆਰ ਰਹਿੰਦੇ ਹਨ। ਇਸੇ ਲਈ ਉਨ੍ਹਾਂ ਦੀਆਂ ਗੋਲ-ਗੋਲ ਅੱਖਾਂ ਦੀਆਂ ਪਲਕਾਂ ਕਦੇ ਨਹੀਂ ਝਪਕਦੀਆਂ। ਉਨ੍ਹਾਂ ਲਈ ਕੋਈ ਛੋਟਾ-ਵੱਡਾ ਨਹੀਂ ਹੈ। ਉਹ ਸਭ ਨੂੰ ਬਰਾਬਰ ਨਜ਼ਰ ਨਾਲ ਦੇਖਦੇ ਹਨ, ਬਰਾਬਰੀ ਦੇ ਮੰਤਰ ਨਾਲ ਸਭ ਨੂੰ ਜੋੜਦੇ ਹਨ। ਉਨ੍ਹਾਂ ਦੀ ਮਿਹਰ ਨਾਲ ਹੀ ਮੈਂ ਸਮਾਜ ਦੇ ਹਰ ਵਰਗ ਦੀ ਸੇਵਾ ਵਿਚ ਖ਼ੁਦ ਨੂੰ ਸਮਰਪਿਤ ਕੀਤਾ ਹੈ। ਗੋਲ-ਗੋਲ ਅੱਖਾਂ ਵਾਲੇ ਵੱਲ ਦੇਖਦਿਆਂ ਹੱਥ ਜੋੜ ਕੇ ਬੋਲੀ, ਤੁਹਾਡੇ ਅਸ਼ੀਰਵਾਦ ਨਾਲ ਮੇਰੀ ਇਹ ਸਮਰਪਣ ਭਾਵਨਾ ਹਮੇਸ਼ਾ ਬਣੀ ਰਹੇ, ਹੇ ਮਹਾਂਬਾਹੂ। ਦੇਸ਼ ਅਤੇ ਦੁਨੀਆ 'ਤੇ ਆਪਣੀ ਛਤਰ-ਛਾਇਆ ਬਣਾਈ ਰੱਖਣਾ, ਹੇ ਕ੍ਰਿਪਾਨਿਧੀ! ਇਹ ਕਹਿੰਦਿਆਂ ਹੀ ਮੈਂ ਭਗਤੀ ਭਾਵ ਵਿਚ ਲੀਨ ਹੋ ਗਈ।
-੦-