ਅਠਾਰ੍ਹਵੀਂ ਸਦੀ ਦੇ ਮਹਾਨ ਗੁਰਸਿੱਖ ਭਾਈ ਤਾਰੂ ਸਿੰਘ ਨੇ ਸੰਸਾਰ ਭਰ ਵਿਚ ਸ਼ਹੀਦੀ ਦੀ ਇਕ ਵੱਖਰੀ ਤੇ ਅਨੋਖੀ ਮਿਸਾਲ ਕਾਇਮ ਕਰਦਿਆਂ ਸਿੱਖੀ ਦਾ ਜੋ ਪਰਚਮ ਲਹਿਰਾਇਆ, ਉਹ ਸਦਾ-ਸਦਾ ਲਈ ਰਹਿੰਦੀ ਦੁਨੀਆ ਤੱਕ ਝੂਲਦਾ ਰਹੇਗਾ ਤੇ ਉਨ੍ਹਾਂ ਦੀ ਕੁਰਬਾਨੀ ਦੀ ਯਾਦ ਦਿਵਾਉਂਦਾ ਰਹੇਗਾ। ਭਾਈ ਤਾਰੂ ਸਿੰਘ ਪਿੰਡ ਪੂਹਲਾ ਦਾ ਰਹਿਣ ਵਾਲਾ ਗੁਰਸਿੱਖ ਸੀ। ਇਨ੍ਹਾਂ ਦੇ ਪਿਤਾ ਵੀ ਗੁਰੂ ਘਰ ਦੇ ਪ੍ਰੇਮੀ ਸਨ, ਜੋ ਮੁਕਤਸਰ ਸਾਹਿਬ ਦੀ ਲੜਾਈ ਵਿਚ ਸ਼ਹੀਦੀ ਦਾ ਜਾਮ ਪੀ ਗਏ ਸਨ। ਘਰ ਵਿਚ ਮਾਤਾ ਸੀ ਤੇ ਇਕ ਭੈਣ, ਜੋ ਵਿਆਹੀ ਸੀ, ਪਰ ਉਸ ਦਾ ਪਤੀ ਗੁਜ਼ਰ ਚੁੱਕਾ ਸੀ ਤੇ ਉਹ ਵੀ ਆਪਣੇ ਭਰਾ ਤੇ ਮਾਂ ਕੋਲ ਹੀ ਰਹਿੰਦੀ ਸੀ। ਭਾਈ ਸਾਹਿਬ ਸ਼ਾਂਤ ਸੁਭਾਅ ਦੇ ਮਾਲਕ ਸਨ। ਸਦਾ ਉਸ ਪਰਮਾਤਮਾ ਦੀ ਬੰਦਗੀ ਹੀ ਉਨ੍ਹਾਂ ਦਾ ਧਰਮ-ਕਰਮ ਸੀ। ਖੇਤਾਂ ਵਿਚ ਜੋ ਵਾਹੁੰਦੇ-ਬੀਜਦੇ, ਉਸ ਦਾ ਸਰਬੱਤ ਦੇ ਭਲੇ ਲਈ ਲੰਗਰ ਲਾ ਛੱਡਦੇ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਲਈ ਬੜੇ ਮਾੜੇ ਹਾਲਾਤ ਬਣ ਗਏ ਸਨ। ਪਿੰਡ ਪੂਹਲੇ ਦੇ ਲਾਗੇ ਹੀ ਇਕ ਰੱਖ ਵਿਚ ਕਦੇ ਕਦਾਈਂ ਕੁਝ ਸਿੰਘ ਆ ਕੇ ਠਹਿਰ ਜਾਂਦੇ ਸਨ, ਜੋ ਹਕੂਮਤ ਨਾਲ ਗਾਹੇ-ਬਗਾਹੇ ਟੱਕਰ ਲੈਂਦੇ ਸਨ। ਭਾਈ ਸਾਹਿਬ ਲੰਗਰ ਤਿਆਰ ਕਰਕੇ ਉਸ ਰੱਖ ਵਿਚ ਰਾਤ ਨੂੰ ਉਨ੍ਹਾਂ ਸਿੱਖਾਂ ਨੂੰ ਛਕਾ ਆਉਂਦੇ ਤੇ ਨਾਲੇ ਹੋਰ ਵੀ ਕਈ ਪ੍ਰਕਾਰ ਦੀ ਮਦਦ (ਸੂਹ ਵਗੈਰਾ) ਦੇ ਆਉਂਦੇ। ਜਦ ਇਸ ਸਾਰੀ ਗੱਲ ਦਾ ਪਤਾ ਜ਼ਾਲਮ ਹਕੂਮਤ ਦੇ ਮੁਖਬਰ ਜੰਡਿਆਲਾ ਨਿਵਾਸੀ ਹਰਭਗਤ ਨਿਰੰਜਨੀਏ ਨੂੰ ਲੱਗਾ ਤਾਂ ਉਸ ਨੇ ਝੱਟ ਜਾ ਕੇ ਸੂਬੇਦਾਰ ਜ਼ਕਰੀਆ ਖ਼ਾਂ ਨੂੰ ਇਤਲਾਹ ਦੇ ਦਿੱਤੀ। ਜ਼ਕਰੀਆ ਖ਼ਾਂ ਦੇ ਹੁਕਮ ਮੁਤਾਬਿਕ ਭਾਈ ਤਾਰੂ ਸਿੰਘ ਨੂੰ ਫੜ ਕੇ ਲਾਹੌਰ ਲਿਆਂਦਾ ਗਿਆ। ਭਾਈ ਤਾਰੂ ਸਿੰਘ ਨੂੰ ਜ਼ਕਰੀਆ ਖ਼ਾਂ ਦੀ ਕਚਹਿਰੀ ਵਿਚ ਪੇਸ਼ ਕਰਨ ਉਪਰੰਤ ਹਕੂਮਤ ਨੇ ਬਾਗੀ ਸਿੰਘਾਂ ਨੂੰ ਆਪਣੇ ਕੋਲ ਪਨਾਹ ਦੇਣ, ਲੁੱਟਾਂ-ਖੋਹਾਂ ਕਰਨ, ਚੋਰੀਆਂ ਡਾਕੇ ਤੇ ਹੋਰ ਕਈ ਤਰ੍ਹਾਂ ਦੇ ਮਨਘੜਤ ਮੁਕੱਦਮੇ ਉਨ੍ਹਾਂ 'ਤੇ ਪਾਏ ਗਏ। ਮੁਕੱਦਿਮਆਂ ਤੋਂ ਬਚਣ ਲਈ ਜਦ ਉਨ੍ਹਾਂ ਨੂੰ ਕੇਸ ਕਤਲ ਕਰਾ ਕੇ ਮੁਸਲਮਾਨ ਬਣ ਜਾਣ ਲਈ ਕਿਹਾ ਤਾਂ ਭਾਈ ਸਾਹਿਬ ਨੇ ਲਲਕਾਰ ਕੇ ਕਿਹਾ ਕਿ ਇਹ ਕਦੇ ਨਹੀਂ ਹੋ ਸਕਦਾ, ਇਸ ਸਿੱਖ ਦਾ ਸਿਦਕ ਕੇਸਾਂ-ਸੁਆਸਾਂ ਦੇ ਨਾਲ ਹੀ ਨਿਭੇਗਾ। ਭਾਈ ਸਾਹਿਬ ਦੇ ਨਾਂਹ ਕਰਨ 'ਤੇ ਅੰਤ ਵਿਚ ਫ਼ਤਵਾ ਜਾਰੀ ਕਰ ਦਿੱਤਾ ਗਿਆ ਕਿ ਇਸ ਦੀ ਖੋਪਰੀ ਉਤਾਰ ਦਿੱਤੀ ਜਾਵੇ। ਜੱਲਾਦਾਂ ਨੇ ਰੰਬੀ ਨਾਲ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰ ਦਿੱਤੀ। ਖੂਨ ਦੀਆਂ ਧਾਰਾਂ ਭਾਈ ਸਾਹਿਬ ਦੇ ਸਰੀਰ ਉੱਪਰ ਵਹਿ ਤੁਰੀਆਂ, ਪਰ ਉਹ ਅਡੋਲ ਚਿੱਤ ਜਪੁ ਜੀ ਸਾਹਿਬ ਦਾ ਪਾਠ ਕਰਦੇ ਰਹੇ।
ਭਾਈ ਤਾਰੂ ਸਿੰਘ ਨੂੰ ਕਚਹਿਰੀ ਦੇ ਬਾਹਰ ਸੁੱਟ ਦਿੱਤਾ ਗਿਆ। ਉੱਥੋਂ ਕੁਝ ਸਿੱਖ ਸਰਕਾਰੀ ਕਾਰਵਾਈ ਪੂਰੀ ਕਰਕੇ ਭਾਈ ਸਾਹਿਬ ਨੂੰ ਨੇੜੇ ਦੀ ਧਰਮਸ਼ਾਲਾ ਵਿਚ ਲੈ ਗਏ। ਉੱਥੇ ਭਾਈ ਤਾਰੂ ਸਿੰਘ ਦਾ ਇਲਾਜ ਸ਼ੁਰੂ ਕੀਤਾ ਗਿਆ। ਥੋੜ੍ਹੇ ਦਿਨਾਂ ਬਾਅਦ ਹੀ ਜ਼ਕਰੀਆ ਖ਼ਾਂ ਦਾ ਪਿਸ਼ਾਬ ਬੰਦ ਹੋ ਗਿਆ। ਜ਼ਕਰੀਆ ਖ਼ਾਂ ਬਹੁਤ ਔਖਾ ਹੋ ਗਿਆ। ਕਾਜ਼ੀ ਮੁਲਾਣਿਆਂ ਨੇ ਬਥੇਰੇੇ ਓਹੜ-ਪੋਹੜ ਕੀਤੇ, ਪਰ ਸਭ ਬੇਅਸਰ ਗਏ। ਕਿਸੇ ਸਿਆਣੇ ਦੇ ਕਹਿਣ 'ਤੇ ਭਾਈ ਤਾਰੂ ਸਿੰਘ ਨੂੰ ਜ਼ਕਰੀਆ ਖ਼ਾਂ ਨੂੰ ਮੁਆਫ਼ ਕਰਨ ਲਈ ਕਿਹਾ ਗਿਆ। ਭਾਈ ਤਾਰੂ ਸਿੰਘ ਨੇ ਕਿਹਾ ਕਿ ਜੋ ਹੋਣਾ ਸੀ ਉਹ ਹੋ ਗਿਆ, ਹੁਣ ਮੈਂ ਕੁਝ ਨਹੀਂ ਕਰ ਸਕਦਾ, ਖ਼ਾਲਸਾ ਪੰਥ ਹੀ ਕੁਝ ਕਰ ਸਕਦਾ ਹੈ। ਖ਼ਾਲਸਾ ਪੰਥ ਤੱਕ ਪਹੁੰਚ ਕਰਨ ਲਈ ਭਾਈ ਸ਼ਹਿਬਾਜ਼ ਸਿੰਘ ਜੰਬਰ ਨੂੰ ਕਿਹਾ ਗਿਆ ਤਾਂ ਉਹ ਖ਼ਾਲਸਾ ਪੰਥ ਤੱਕ ਜੰਗਲਾਂ ਵਿਚ ਪਹੁੰਚੇ ਤਾਂ ਖ਼ਾਲਸਾ ਪੰਥ ਨੇ ਸਾਰੀ ਗੱਲ ਸੁਣ ਕੇ ਕਿਹਾ ਕਿ ਪਹਿਲਾਂ ਤਾਂ ਜ਼ਕਰੀਆ ਖ਼ਾਂ ਸਿੱਖਾਂ 'ਤੇ ਜ਼ੁਲਮ ਕਰਨੇ ਬੰਦ ਕਰੇ। ਦੂਜਾ ਸ਼ਹੀਦ ਹੋਏ ਸਿੱਖਾਂ ਦੇ ਸਸਕਾਰ ਕੀਤੇ ਜਾਣ। ਤੀਜਾ ਭਾਈ ਤਾਰੂ ਸਿੰਘ ਦਾ ਜੁੱਤਾ ਜ਼ਕਰੀਆ ਖ਼ਾਂ ਦੇ ਸਿਰ ਵਿਚ ਮਾਰਿਆ ਜਾਵੇ। ਇਸੇ ਤਰ੍ਹਾਂ ਹੀ ਕੀਤਾ ਗਿਆ। ਪਹਿਲਾਂ ਤਾਂ ਜੁੱਤਾ ਰੇਸ਼ਮੀ ਕੱਪੜੇ ਵਿਚ ਲਪੇਟ ਕੇ ਮਾਰਿਆ ਗਿਆ ਤੇ ਥੋੜ੍ਹਾ ਜਿਹਾ ਪਿਸ਼ਾਬ ਆਇਆ। ਫਿਰ ਕੱਪੜੇ 'ਚੋਂ ਕੱਢ ਕੇ ਜੁੱਤਾ ਜ਼ਕਰੀਆ ਖ਼ਾਂ ਦੇ ਸਿਰ ਵਿਚ ਮਾਰਿਆ ਤਾਂ ਖੁੱਲ੍ਹ ਕੇ ਪਿਸ਼ਾਬ ਆ ਗਿਆ। ਹਰ ਵਾਰੀ ਇਸੇ ਤਰ੍ਹਾਂ ਹੀ ਕੀਤਾ ਗਿਆ। ਅਗਲੇ ਦਿਨਾਂ 'ਚ ਜ਼ਕਰੀਆ ਖ਼ਾਂ ਦੀ ਇਸੇ ਰੋਗ ਕਾਰਨ ਮੌਤ ਹੋ ਗਈ।
ਇਤਿਹਾਸ ਵਿਚ ਆਉਂਦਾ ਹੈ ਕਿ ਖੋਪਰੀ ਉਤਾਰਨ ਤੋਂ 22 ਦਿਨ ਬਾਅਦ 16 ਜੁਲਾਈ 1745 ਈ: ਨੂੰ ਭਾਈ ਤਾਰੂ ਸਿੰਘ ਜੀ ਸ਼ਹੀਦ ਹੋ ਗਏ। ਉਨ੍ਹਾਂ ਦਾ ਸਸਕਾਰ ਲਾਹੌਰ ਦੇ ਸ਼ਹੀਦ ਗੰਜ ਵਾਲੇ ਅਸਥਾਨ 'ਤੇ ਕੀਤਾ ਗਿਆ। ਉਨ੍ਹਾਂ ਨੇ ਸਿੱਖੀ ਕੇਸਾਂ-ਸੁਆਸਾਂ ਸੰਗ ਨਿਭਾਅ ਕੇ ਇਸ ਸੰਸਾਰ ਵਿਚ ਇਕ ਵੱਖਰੀ ਮਿਸਾਲ ਕਾਇਮ ਕਰ ਦਿੱਤੀ। ਉਨ੍ਹਾਂ ਦੀ ਸ਼ਹੀਦੀ ਲਾਮਿਸਾਲ ਹੈ। ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ ਕੋਟਿਨ-ਕੋਟਿ ਪ੍ਰਣਾਮ।
-ਪਿੰਡ ਤੇ ਡਾਕ: ਚੱਬਾ, ਤਰਨ ਤਾਰਨ ਰੋਡ, ਅੰਮ੍ਰਿਤਸਰ।
ਈਮੇਲ : dharmindersinghchabba@gmail.com