01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਵਧ ਰਹੇ ਸਾਈਬਰ ਅਪਰਾਧ-ਸਾਵਧਾਨ ਰਹਿਣ ਦੀ ਲੋੜ

Ad Position 21
No active advertisement
ਅਜੀਤ ਡੈਸਕ 27-07-2026

ਹਾਲ ਹੀ 'ਚ ਦੇਸ਼ ਭਰ 'ਚ ਡਿਜੀਟਲ ਬੈਂਕਿੰਗ ਫ੍ਰਾਡ ਅਤੇ ਐੱਸ.ਐਮ.ਐੱਸ. ਸਕੈਮ ਰਾਹੀਂ ਲੁੱਟ ਤੇ ਠੱਗੀ ਦੇ ਮਾਮਲਿਆਂ 'ਚ ਹੋਏ ਵਾਧੇ ਨੇ ਆਮ ਲੋਕਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਡਿਜੀਟਲ ਤੇ ਬੈਂਕਾਂ ਨਾਲ ਜੁੜੇ ਸਾਈਬਰ ਅਪਰਾਧਾਂ ਦੀ ਜਾਣਕਾਰੀ ਰੱਖਣ ਵਾਲੀ ਸੰਸਥਾ 'ਡਿਜੀਟਲ ਬੈਂਕਿੰਗ ਫ੍ਰਾਡ ਟ੍ਰੇਡਰਜ਼ ਇੰਨ ਇੰਡੀਆ-2026' ਦੀ ਤਾਜ਼ਾ ਰਿਪੋਰਟ ਅਨੁਸਾਰ ਸਾਲ 2026 'ਚ ਪਿਛਲੇ ਸਾਲ ਦੇ ਮੁਕਾਬਲੇ ਅਜਿਹੇ ਮਾਮਲਿਆਂ 'ਚ 146 ਫ਼ੀਸਦੀ ਦਾ ਵਾਧਾ ਹੋਇਆ ਹੈ। ਅਜੋਕੀ ਸਥਿਤੀ ਕਿੰਨੀ ਗੰਭੀਰ ਹੋ ਚੁੱਕੀ ਹੈ, ਇਸ ਦਾ ਅਨੁਮਾਨ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਚਾਲੂ ਸਾਲ ਦੌਰਾਨ ਅਜਿਹੇ ਅਪਰਾਧਾਂ ਨਾਲ ਡਿਜੀਟਲ ਲੁਟੇਰੇ ਲੋਕਾਂ ਨਾਲ 22,000 ਕਰੋੜ ਦੀ ਠੱਗੀ ਮਾਰ ਚੁੱਕੇ ਹਨ। ਡਿਜੀਟਲ ਠੱਗੀ ਨਾਲ ਜੁੜੇ ਅਪਰਾਧਾਂ ਦਾ ਦਾਇਰਾ ਬਹੁਤ ਵਿਸ਼ਾਲ ਹੋ ਚੁੱਕਾ ਹੈ। ਇਨ੍ਹਾਂ ਠੱਗਾਂ ਦੇ ਸੰਪਰਕ ਅੰਤਰਰਾਜੀ ਪੱਧਰ 'ਤੇ ਬਣ ਚੁੱਕੇ ਹਨ ਤੇ ਦੇਸ਼ ਦੇ ਹਰ ਸੂਬੇ 'ਚ ਇਨ੍ਹਾਂ ਦੇ ਅੱਡੇ ਹਨ। ਇਹ ਡਿਜੀਟਲ ਠੱਗ ਆਪਣੇ ਸ਼ਿਕਾਰ ਤੋਂ ਪ੍ਰਾਪਤ ਕੀਤੀ ਰਕਮ ਨੂੰ ਤੁਰੰਤ ਦੂਜੇ ਸੂਬਿਆਂ 'ਚ ਤਬਦੀਲ ਕਰ ਦਿੰਦੇ ਹਨ, ਜਿਸ ਕਰਕੇ ਠੱਗੀ ਦੇ ਸਰੋਤ ਦੀ ਭਾਲ ਤੇ ਠੱਗੀ ਰਕਮ ਦੀ ਵਾਪਸੀ ਦੀ ਪ੍ਰਕਿਰਿਆ ਬਹੁਤ ਕਠਿਨ ਹੋ ਜਾਂਦੀ ਹੈ। ਇਸ ਤੋਂ ਪਹਿਲਾਂ ਇਨ੍ਹਾਂ ਠੱਗ ਗਰੋਹਾਂ ਦੇ ਵੱਡੇ ਸੰਪਰਕ ਸੂਤਰ ਦੱਖਣ-ਪੂਰਬੀ ਏਸ਼ੀਆ ਦੇ ਕਈ ਦੇਸ਼ਾਂ ਤੱਕ ਫੈਲੇ ਹੋਏ ਸਨ। ਪਰ ਹੁਣ ਆਪਣੇ ਹੀ ਦੇਸ਼ 'ਚ ਇਨ੍ਹਾਂ ਠੱਗਾਂ ਵਲੋਂ ਵਿਸ਼ਾਲ ਨੈੱਟਵਰਕ ਸਥਾਪਤ ਕਰ ਲਿਆ ਗਿਆ ਹੈ।
ਸੀ.ਬੀ.ਆਈ. ਦੀ ਇਕ ਰਿਪੋਰਟ ਅਨੁਸਾਰ ਦੇਸ਼ ਭਰ ਦੇ ਬੈਂਕਾਂ ਦੀਆਂ ਘੱਟੋ-ਘੱਟ 700 ਬ੍ਰਾਂਚਾਂ 'ਚ 8.5 ਲੱਖ ਅਜਿਹੇ ਅਣਅਧਿਕਾਰਤ ਖਾਤੇ ਫੜੇ ਗਏ ਹਨ, ਜਿਨ੍ਹਾਂ 'ਚ ਇਸ ਠੱਗੀ ਦੇ ਕਰੋੜਾਂ ਰੁਪਏ ਜਮ੍ਹਾਂ ਕੀਤੇ ਜਾਂਦੇ ਸਨ। ਇਸ ਨਾਲ ਠੱਗੀ ਦੇ ਸ਼ਿਕਾਰ ਲੋਕਾਂ ਨੂੰ ਵੱਡਾ ਨੁਕਸਾਨ ਇਹ ਹੋਇਆ ਕਿ ਪਹਿਲਾਂ ਜਿੱਥੇ ਲੁੱਟ ਦੀ ਰਕਮ ਨੂੰ ਖਪਾਉਣ ਲਈ ਕਈ ਤਰ੍ਹਾਂ ਦੀਆਂ ਰੁਕਾਵਟਾਂ ਪਾਰ ਕਰਨੀਆਂ ਪੈਂਦੀਆਂ ਸਨ, ਉੱਥੇ ਹੁਣ ਠੱਗ ਲੁੱਟੀ ਰਕਮ ਨੂੰ ਬਹੁਤ ਜਲਦ ਟਿਕਾਣੇ ਲਾ ਦਿੰਦੇ ਹਨ। ਸਾਲ 2025 ਦੌਰਾਨ ਅਜਿਹੇ 26.48 ਲੱਖ ਦੋਗਲੇ (ਮਿਊਲ) ਖਾਤਿਆਂ ਦਾ ਪਤਾ ਲੱਗਾ ਤੇ ਠੱਗ ਗਰੋਹ ਇਨ੍ਹਾਂ ਮਿਊਲ ਬੈਂਕ ਖ਼ਾਤਿਆਂ ਨੂੰ ਬਾਕਾਇਦਾ ਕਿਰਾਏ 'ਤੇ ਲੈਂਦੇ ਸਨ। ਦਰਅਸਲ ਆਧੁਨਿਕ ਤਕਨੀਕਾਂ ਤੇ ਈ-ਜਾਣਕਾਰੀ 'ਚ ਵਾਧਾ ਹੋਣ ਨਾਲ ਅਜਿਹੇ ਗਰੋਹ ਵੀ ਅਤਿ ਆਧੁਨਿਕ ਹੁੰਦੇ ਜਾ ਰਹੇ ਹਨ ਤੇ ਆਪਣੀ ਕਾਰਜ ਪ੍ਰਣਾਲੀ ਤੇ ਅਪਰਾਧ ਦੇ ਢੰਗ-ਤਰੀਕਿਆਂ 'ਚ ਤੇਜ਼ੀ ਨਾਲ ਬਦਲਾਅ ਕਰ ਰਹੇ ਹਨ। ਆਸਾਨੀ ਨਾਲ ਪ੍ਰਾਪਤ ਹੋਣ ਵਾਲੀ ਰਾਸ਼ੀ ਦੇ ਲਾਲਚ ਵਿਚ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਠੱਗਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪਹਿਲਾਂ ਅਕਸਰ ਅਜਿਹਾ ਹੁੰਦਾ ਸੀ ਕਿ ਠੱਗ ਆਪਣੇ ਸ਼ਿਕਾਰ ਤੋਂ ਥੋੜ੍ਹੀ-ਥੋੜ੍ਹੀ ਮਾਤਰਾ 'ਚ ਬੈਂਕਾਂ ਦੇ ਜ਼ਰੀਏ ਪੈਸਾ ਲੁੱਟਦੇ ਸਨ, ਪਰ ਹੁਣ ਨਵੀਂ ਤਕਨੀਕ ਨਾਲ ਬਹੁਤ ਹੀ ਆਸਾਨੀ ਨਾਲ ਵੱਡੀ ਰਕਮ ਕਢਵਾ ਲਈ ਜਾਂਦੀ ਹੈ। ਇਹ ਪੈਸਾ ਹੁਣ ਦੇਸ਼ 'ਚ ਹੀ ਰਹਿਣ ਕਰਕੇ ਬਹੁਤ ਆਸਾਨੀ ਨਾਲ ਇਕ ਤੋਂ ਦੂਜੀਆਂ ਬੈਂਕਾਂ ਦੇ ਖ਼ਾਤਿਆਂ 'ਚ ਟਰਾਂਸਫਰ ਹੋਣ ਨਾਲ ਅਪਰਾਧ ਤੇ ਅਪਰਾਧੀ ਬਾਰੇ ਜਲਦੀ ਪਤਾ ਲਾਉਣਾ ਮੁਸ਼ਕਿਲ ਹੋ ਜਾਂਦਾ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ 2025 ਦੌਰਾਨ ਠੱਗੀ ਦੇ ਅਜਿਹੇ ਅਪਰਾਧਾਂ ਜ਼ਰੀਏ ਲੁੱਟੀ ਗਈ 22,496 ਕਰੋੜ ਰੁਪਏ ਦੀ ਰਕਮ ਦਾ ਪਤਾ ਹੀ ਨਹੀਂ ਲੱਗਾ।
ਅਜਿਹੇ ਸਾਈਬਰ ਅਪਰਾਧਾਂ ਕਾਰਨ ਦੇਸ਼ ਦੀ ਕਿੰਨੀ ਵੱਡੀ ਰਕਮ ਪ੍ਰਭਾਵਿਤ ਹੁੰਦੀ ਹੈ, ਇਸ ਦਾ ਅਨੁਮਾਨ ਇਸ ਇਕ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਸਿਰਫ਼ ਤੇਲੰਗਾਨਾ ਤੇ ਕਰਨਾਟਕ ਦੇ ਦੋ ਸੂਬਿਆਂ 'ਚ ਹੀ ਪਿਛਲੇ 5 ਸਾਲਾਂ ਦੌਰਾਨ 55,000 ਕਰੋੜ ਰੁਪਏ ਦੀ ਠੱਗੀ ਹੋ ਚੁੱਕੀ ਹੈ। ਇਹ ਦੋਵੇਂ ਸੂਬੇ ਸਾਈਬਰ ਠੱਗੀ ਤੋਂ ਵਧੇਰੇ ਪ੍ਰਭਾਵਿਤ ਰਹੇ ਹਨ, ਜਦਕਿ ਪੰਜਾਬ ਜਿਹਾ ਸਰਹੱਦੀ ਸੂਬਾ ਵੀ ਅਜਿਹੇ ਅਪਰਾਧਾਂ ਦਾ ਸ਼ਿਕਾਰ ਹੋਣ ਵਾਲਿਆਂ 'ਚ ਮੋਹਰੀ ਹੈ। ਪੰਜਾਬ 'ਚ ਰੋਜ਼ਾਨਾ ਸਾਈਬਰ ਅਪਰਾਧਾਂ ਦੇ 170 ਮਾਮਲੇ ਦਰਜ ਹੁੰਦੇ ਹਨ। ਸੂਬੇ ਦੇ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ਜਿਹੇ ਮਹਾਂਨਗਰਾਂ ਤੋਂ ਇਲਾਵਾ ਹੁਣ ਕਪੂਰਥਲਾ, ਫਗਵਾੜਾ, ਫ਼ਿਰੋਜ਼ਪੁਰ ਤੇ ਤਰਨ ਤਾਰਨ ਜਿਹੇ ਸ਼ਹਿਰਾਂ 'ਚ ਵੀ ਸਾਈਬਰ ਠੱਗੀ ਦੇ ਮਾਮਲੇ ਵਧ ਰਹੇ ਹਨ। ਇਕ ਪੁਲਿਸ ਰਿਪੋਰਟ ਅਨੁਸਾਰ ਪਿਛਲੇ ਇਕ ਸਾਲ ਪੰਜਾਬ 'ਚ ਸਾਈਬਰ ਠੱਗੀ ਦੇ 62,253 ਮਾਮਲੇ ਦਰਜ ਕੀਤੇ ਗਏ ਅਤੇ ਪੁਲਿਸ ਵਲੋਂ ਸਾਈਬਰ ਠੱਗੀ ਨਾਲ ਜੁੜੇ 63,000 ਤੋਂ ਵੱਧ ਬੈਂਕ ਖਾਤਿਆਂ ਨੂੰ ਮੋਹਰਬੰਦ (ਫ੍ਰੀਜ਼) ਕੀਤਾ ਗਿਆ। ਇਕੱਲੇ ਜਲੰਧਰ ਵਿਚ ਹੀ 16,032 ਖਾਤੇ ਬੰਦ ਕੀਤੇ ਗਏ। ਤਸੱਲੀ ਦੀ ਗੱਲ ਇਹ ਹੈ ਕਿ ਪੁਲਿਸ ਤੰਤਰ ਦੀ ਮੁਸਤੈਦੀ ਦੇ ਚਲਦਿਆਂ ਸਾਈਬਰ ਠੱਗਾਂ ਨਾਲ 'ਤੂ ਡਾਲ-ਡਾਲ, ਮੈਂ ਪਾਤ-ਪਾਤ' ਦੀ ਖੇਡ ਜਾਰੀ ਹੈ। ਇਸ ਦੌਰਾਨ ਪੰਜਾਬ ਪੁਲਿਸ ਨੇ ਆਪਣੀ ਤਕਨੀਕੀ ਮੁਹਾਰਤ ਜ਼ਰੀਏ ਵੱਡੀ ਰਕਮ ਬਰਾਮਦ ਕਰਦਿਆਂ ਵੱਡੀ ਗਿਣਤੀ 'ਚ ਸਾਈਬਰ ਠੱਗਾਂ ਨੂੰ ਵੀ ਕਾਬੂ ਕੀਤਾ ਹੈ।
ਅਸੀਂ ਸਮਝਦੇ ਹਾਂ ਕਿ ਤਕਨੀਕੀ ਤੇ ਈ-ਜਾਣਕਾਰੀਆਂ ਕਾਰਨ ਸਾਈਬਰ ਠੱਗ ਅਜਿਹੇ ਅਪਰਾਧਾਂ ਨੂੰ ਬਿਨਾਂ ਕਿਸੇ ਡਰ ਦੇ ਖੁੱਲ੍ਹ ਕੇ ਅੰਜਾਮ ਦੇਣ ਲੱਗੇ ਹਨ, ਪਰ ਪੁਲਿਸ ਪ੍ਰਸ਼ਾਸਨ ਵੀ ਪੂਰੀ ਚੌਕਸੀ ਤੇ ਸਾਵਧਾਨੀ ਨਾਲ ਉਨ੍ਹਾਂ ਦਾ ਪਿੱਛਾ ਕਰ ਰਿਹਾ ਹੈ। ਫਿਰ ਵੀ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਆਮ ਲੋਕਾਂ ਨੂੰ ਸੁਚੇਤ ਕਰਨ ਤੋਂ ਇਲਾਵਾ ਜਨ-ਜਾਗਰੂਕਤਾ ਤੇ ਜਨ-ਸਹਿਯੋਗ ਵੀ ਬਹੁਤ ਜ਼ਰੂਰਤ ਹੈ। ਜਿੱਥੋਂ ਤੱਕ ਸੰਭਵ ਹੋ ਸਕੇ ਪ੍ਰਸ਼ਾਸਨ ਤੇ ਆਮ ਲੋਕਾਂ ਵਿਚਾਲੇ ਅਜਿਹੇ ਮਾਮਲਿਆਂ ਨੂੰ ਲੈ ਕੇ ਸਮੇਂ-ਸਮੇਂ 'ਤੇ ਬੈਠਕਾਂ ਹੋਣੀਆਂ ਚਾਹੀਦੀਆਂ ਹਨ। ਇਸ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਨਾਲ ਲੋਕਾਂ 'ਚ ਸਾਈਬਰ ਅਪਰਾਧਾਂ ਬਾਰੇ ਜਾਗਰੂਕਤਾ ਵਧੇਗੀ ਤੇ ਸਾਈਬਰ ਠੱਗੀਆਂ ਦੀ ਗਿਣਤੀ ਘਟੇਗੀ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਦੀ ਰਿਹਾਇਸ਼ ਸਾਹਮਣੇ ਪਹਿਲਾਂ ਵੀ ਹੁੰਦੇ ਰਹੇ ਹਨ ਪ੍ਰਦਰਸ਼ਨ ਅਗਲੀ ਖ਼ਬਰ ਬੇਈਮਾਨੀ ਨਾਲ ਧਨ ਇਕੱਠਾ ਕਰਨ ਦੀ ਬਜਾਏ ਮੈਂ ਗ਼ਰੀਬ ਰਹਿਣਾ ਪਸੰਦ ਕਰਾਂਗਾ। -ਮਹਾਤਮਾ ਗਾਂਧੀ
Ad Position 24
No active advertisement