ਕਾਰਗਿਲ ਵਿਜੈ ਦਿਵਸ 'ਤੇ ਕਸ਼ਮੀਰ ਦੇ ਦ੍ਰਾਸ ਖੇਤਰ ਵਿਚ ਬੋਲਦਿਆਂ ਜਿੱਥੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ, ਉੱਥੇ ਇਕ ਵਾਰ ਫਿਰ ਦੁਹਰਾਇਆ ਕਿ ਪਾਕਿਸਤਾਨ ਨਾਲ ਹਾਲੇ ਗੱਲਬਾਤ ਦੀ ਸੰਭਾਵਨਾ ਨਹੀਂ ਹੈ। ਦੇਸ਼ ਭਰ ਵਿਚ ਕਾਰਗਿਲ ਵਿਜੈ ਦਿਵਸ ਦੀ 27ਵੀਂ ਵਰ੍ਹੇਗੰਢ ਮਨਾਈ ਗਈ ਹੈ। ਭਾਰਤ ਅਤੇ ਪਾਕਿਸਤਾਨ ਵਿਚ ਇਹ ਯੁੱਧ ਸਾਲ 1999 ਵਿਚ ਹੋਇਆ ਸੀ। ਚਾਹੇ ਇਹ ਯੁੱਧ ਤਾਂ ਮਹਿਜ਼ 2 ਮਹੀਨੇ ਹੀ ਚੱਲਿਆ ਸੀ, ਪਰ ਇਸ ਦਾ ਭਾਰਤੀ ਮਾਨਸਿਕਤਾ 'ਤੇ ਪ੍ਰਭਾਵ ਉਸੇ ਤਰ੍ਹਾਂ ਕਾਇਮ ਹੈ। ਪਾਕਿਸਤਾਨੀ ਫ਼ੌਜ ਅਤੇ ਘੁਸਪੈਠੀਆਂ ਨੇ ਜੰਮੂ-ਕਸ਼ਮੀਰ ਦੀਆਂ ਕਾਰਗਿਲ, ਦ੍ਰਾਸ, ਬਟਾਲਿਕ ਅਤੇ ਟੈਲੋਲਿੰਗ ਖੇਤਰ ਦੀਆਂ ਉੱਚੀਆਂ ਪਹਾੜੀਆਂ 'ਤੇ ਚੁੱਪਚਾਪ ਘੁਸਪੈਠ ਕਰਕੇ ਕਬਜ਼ਾ ਕਰ ਲਿਆ ਸੀ। ਭਾਰਤ ਨੇ ਪਤਾ ਲੱਗਣ 'ਤੇ ਇਸ ਚੁਣੌਤੀ ਨੂੰ ਕਬੂਲ ਕਰਦਿਆਂ ਇਕ ਬੇਹੱਦ ਮੁਸ਼ਕਿਲ ਮੁਹਿੰਮ ਨਾਲ ਦੁਸ਼ਮਣਾਂ ਨੂੰ ਭਜਾ ਦਿੱਤਾ ਸੀ। ਕਾਰਗਿਲ ਦੀ ਇਹ ਗਾਥਾ ਵੀ ਪਾਕਿਸਤਾਨੀ ਫ਼ੌਜ ਵਲੋਂ ਭਾਰਤ ਨੂੰ ਲਗਾਤਾਰ ਚੁਣੌਤੀ ਦਿੱਤੇ ਜਾਣ ਦੀ ਇਕ ਕੜੀ ਹੈ।
ਪਾਕਿਸਤਾਨ ਵਿਚ ਭਾਵੇਂ ਸਮੇਂ-ਸਮੇਂ ਚੁਣੀਆਂ ਹੋਈਆਂ ਸਰਕਾਰਾਂ ਵੀ ਬਣੀਆਂ ਪਰ ਉਸ ਸਮੇਂ ਵੀ ਇਹ ਪੂਰੀ ਤਰ੍ਹਾਂ ਫ਼ੌਜ ਦੇ ਪ੍ਰਭਾਵ ਵਿਚ ਹੀ ਵਿਚਰਦੀਆਂ ਰਹੀਆਂ ਹਨ। ਇਕ ਤਰ੍ਹਾਂ ਨਾਲ ਦੇਸ਼ ਦੇ ਹੋਂਦ ਵਿਚ ਆਉਣ ਤੋਂ ਬਾਅਦ ਬਹੁਤਾ ਸਮਾਂ ਇਥੋਂ ਦੇ ਲੋਕ ਫ਼ੌਜੀ ਹਕੂਮਤ ਦੇ ਸਾਏ ਵਿਚ ਹੀ ਰਹੇ। ਇਹੀ ਕਾਰਨ ਹੈ ਕਿ ਇਹ ਦੇਸ਼ ਅੱਜ ਵੀ ਅਨੇਕਾਂ-ਅਨੇਕ ਦੁਸ਼ਵਾਰੀਆਂ ਨਾਲ ਜੂਝਦਾ ਦਿਖਾਈ ਦੇ ਰਿਹਾ ਹੈ। ਇਸ ਦੀ ਆਰਥਿਕਤਾ ਬੁਰੀ ਤਰ੍ਹਾਂ ਡੋਲ ਚੁੱਕੀ ਹੈ। ਫ਼ੌਜ ਦੇ ਨਾਲ-ਨਾਲ ਹੁਣ ਅਨੇਕਾਂ ਤਰ੍ਹਾਂ ਦੇ ਅੱਤਵਾਦੀ ਸੰਗਠਨਾਂ ਨੇ ਇੱਥੇ ਆਪਣੀਆਂ ਹਿੰਸਕ ਕਾਰਵਾਈਆਂ ਜਾਰੀ ਰੱਖੀਆਂ ਹੋਈਆਂ ਹਨ। ਦੇਸ਼ ਦੇ ਅੰਦਰ ਵੀ ਵੱਡੀ ਟੁੱਟ-ਭੱਜ ਨਜ਼ਰ ਆ ਰਹੀ ਹੈ। ਪਰ ਸਮੇਂ-ਸਮੇਂ ਫ਼ੌਜੀ ਹਾਕਮਾਂ ਨੇ ਆਪਣੀ ਤੈਅਸ਼ੁਦਾ ਨੀਤੀ ਅਨੁਸਾਰ ਭਾਰਤ ਨਾਲ ਆਪਣੀ ਦੁਸ਼ਮਣੀ ਦੀ ਦਾਸਤਾਨ ਨੂੰ ਲਗਾਤਾਰ ਅੱਗੇ ਵਧਾਇਆ ਹੈ। ਸਾਲ 1999 ਦੀ ਸ਼ੁਰੂਆਤ ਵਿਚ ਨਵਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਸਰਕਾਰ ਨੇ ਭਾਰਤ ਨਾਲ ਦੋਸਤੀ ਲਈ ਕਦਮ ਅੱਗੇ ਵਧਾਏ ਸਨ। ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਨਵਾਜ਼ ਸ਼ਰੀਫ਼ ਦੇ ਸੱਦੇ 'ਤੇ ਬੱਸ ਰਾਹੀਂ ਲਾਹੌਰ ਦੀ ਇਤਿਹਾਸਕ ਯਾਤਰਾ ਵੀ ਕੀਤੀ ਸੀ, ਜਿਸ ਦੀ ਦੁਨੀਆ ਭਰ ਵਿਚ ਕਾਫੀ ਚਰਚਾ ਹੋਈ ਸੀ। ਇੱਥੇ ਹੀ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਲਾਹੌਰ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ, ਜਿਸ ਤੋਂ ਇਹ ਮਹਿਸੂਸ ਹੋਣ ਲੱਗਾ ਸੀ ਕਿ ਇਹ ਦੋਵੇਂ ਗੁਆਂਢੀ ਦੇਸ਼ ਹੁਣ ਦੋਸਤੀ ਅਤੇ ਸਹਿਯੋਗ ਨਾਲ ਅੱਗੇ ਵਧਣਗੇ, ਪਰ ਪਾਕਿਸਤਾਨੀ ਫ਼ੌਜ ਨੂੰ ਅਜਿਹਾ ਮਨਜ਼ੂਰ ਨਹੀਂ ਸੀ। ਉਸ ਸਮੇਂ ਦੇ ਫ਼ੌਜ ਮੁਖੀ ਜਨਰਲ ਪ੍ਰਵੇਜ਼ ਮੁਸ਼ੱਰਫ਼ ਨੇ ਚੁੱਪਚਾਪ ਸਰਦੀਆਂ ਦੀ ਆੜ ਵਿਚ ਕੰਟਰੋਲ ਰੇਖਾ ਪਾਰ ਕਰਕੇ ਕਾਰਗਿਲ, ਦ੍ਰਾਸ, ਬਟਾਲਿਕ, ਮਸ਼ਕੋਹ ਅਤੇ ਕਾਕਸਰ ਦੀਆਂ ਉੱਚੀਆਂ ਪਹਾੜੀਆਂ 'ਤੇ ਕਬਜ਼ਾ ਕਰ ਲਿਆ ਸੀ। ਉਸ ਦੀ ਮੁੱਖ ਮਨਸ਼ਾ ਸ੍ਰੀਨਗਰ ਅਤੇ ਲੱਦਾਖ ਨੂੰ ਜੋੜਨ ਵਾਲੇ ਸ਼ਾਹਰਾਹ 'ਤੇ ਨਜ਼ਰ ਰੱਖਣੀ ਅਤੇ ਲੱਦਾਖ ਨੂੰ ਕਸ਼ਮੀਰ ਤੋਂ ਵੱਖ ਕਰ ਦੇਣ ਦੀ ਸੀ।
ਇਕ ਪਾਸੇ ਚੁਣੀਆਂ ਸਰਕਾਰਾਂ ਵਲੋਂ ਦੋਸਤੀ ਦਾ ਹੱਥ ਵਧਾਉਣਾ ਅਤੇ ਦੂਸਰੇ ਪਾਸੇ ਉਥੋਂ ਦੇ ਜਰਨੈਲਾਂ ਵਲੋਂ ਕੀਤੀ ਅਜਿਹੀ ਕਾਰਵਾਈ ਨਾਲ ਪਾਕਿਸਤਾਨੀ ਅਤੇ ਭਾਰਤੀ ਆਗੂ ਬੇਹੱਦ ਹੈਰਾਨ ਅਤੇ ਪ੍ਰੇਸ਼ਾਨ ਹੋ ਗਏ ਸਨ। 3 ਮਈ, 1999 ਨੂੰ ਬੰਜੂ ਖੇਤਰ ਦੇ ਸਥਾਨਕ ਚਰਵਾਹਿਆਂ ਨੇ ਇਸ ਘੁਸਪੈਠ ਦੀ ਸੂਚਨਾ ਦਿੱਤੀ ਸੀ। 5 ਮਈ ਨੂੰ ਕੈਪਟਨ ਸੌਰਵ ਕਾਲੀਆ ਦਾ ਦਲ ਜਾਂਚ ਲਈ ਰਵਾਨਾ ਹੋਇਆ ਸੀ। ਇਸੇ ਸਰਗਰਮੀ ਵਿਚ ਹੀ 5 ਮਈ ਨੂੰ ਪਾਕਿਸਤਾਨੀ ਫ਼ੌਜੀਆਂ ਨੇ 5 ਭਾਰਤੀ ਸੈਨਿਕਾਂ ਨੂੰ ਮਾਰ ਦਿੱਤਾ ਸੀ। ਇਸ ਘਟਨਾ ਨੂੰ ਲੈ ਕੇ ਹੀ 10 ਮਈ ਨੂੰ 'ਆਪ੍ਰੇਸ਼ਨ ਵਿਜੈ' ਸ਼ੁਰੂ ਕੀਤਾ ਗਿਆ ਸੀ। ਦੁਸ਼ਮਣ ਫ਼ੌਜਾਂ ਪਹਾੜੀਆਂ ਦੀਆਂ ਚੋਟੀਆਂ 'ਤੇ ਬੈਠੀਆਂ ਸਨ ਅਤੇ ਲਗਾਤਾਰ ਗੋਲਾਬਾਰੀ ਕਰ ਰਹੀਆਂ ਸਨ। ਬੇਹੱਦ ਠੰਢ, ਆਕਸੀਜਨ ਦੀ ਘਾਟ ਅਤੇ ਖੁਸ਼ਕ ਪਹਾੜੀ ਇਲਾਕਾ ਹੋਣ ਕਾਰਨ ਭਾਰਤੀ ਫ਼ੌਜ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ, ਪਰ ਇਸ ਸਭ ਕੁਝ ਦੇ ਬਾਵਜੂਦ ਉਸ ਨੇ ਇਨ੍ਹਾਂ ਸਾਰੀਆਂ ਹੀ ਪਹਾੜੀ ਚੋਟੀਆਂ ਨੂੰ ਕਬਜ਼ਾਧਾਰੀਆਂ ਤੋਂ ਆਜ਼ਾਦ ਕਰਵਾ ਲਿਆ ਸੀ। ਇਸ ਲੜਾਈ ਵਿਚ 527 ਭਾਰਤੀ ਸੈਨਿਕ ਸ਼ਹਾਦਤ ਪਾ ਗਏ ਸਨ। ਕੈਪਟਨ ਵਿਕਰਮ ਬੱਤਰਾ, ਗ੍ਰੇਨੇਡੀਅਰ ਯੋਗਿੰਦਰ ਸਿੰਘ ਯਾਦਵ ਅਤੇ ਲੈਫ਼ਟੀਨੈਂਟ ਮਨੋਜ ਕੁਮਾਰ ਪਾਂਡੇ ਨੂੰ ਬਾਅਦ ਵਿਚ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਬਹਾਦਰੀ ਦਿਖਾਉਣ ਦੇ ਏਵਜ਼ ਵਿਚ 'ਵੀਰ ਚੱਕਰ' ਵੀ ਦਿੱਤੇ ਗਏ ਸਨ।
ਅੱਜ 27 ਸਾਲਾਂ ਬਾਅਦ ਵੀ ਗੁਆਂਢੀ ਦੇਸ਼ ਨਾਲ ਹਾਲਾਤ ਉਸੇ ਤਰ੍ਹਾਂ ਦੇ ਹੀ ਬਣੇ ਨਜ਼ਰ ਆ ਰਹੇ ਹਨ। ਉਂਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨਾਲ ਬਿਹਤਰ ਰਿਸ਼ਤੇ ਬਣਾਉਣ ਦੀ ਇੱਛਾ ਨਾਲ ਆਪਣੇ ਪਹਿਲੇ ਸਹੁੰ ਚੁੱਕ ਸਮਾਗਮ 'ਚ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਵੀ ਸ਼ਿਰਕਤ ਲਈ ਸੱਦਾ ਦਿੱਤਾ ਸੀ, ਇਸ ਤੋਂ ਬਾਅਦ ਸ੍ਰੀ ਮੋਦੀ ਨੇ ਅਚਾਨਕ ਹੀ ਦੋਸਤੀ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਲਾਹੌਰ ਦਾ ਦੌਰਾ ਵੀ ਕੀਤਾ ਸੀ, ਪਰ ਉਥੋਂ ਦੀ ਫ਼ੌਜ ਅਤੇ ਬੇਹੱਦ ਤਾਕਤਵਰ ਹੋਏ ਅੱਤਵਾਦੀ ਸੰਗਠਨਾਂ ਨੇ ਸਮੇਂ-ਸਮੇਂ ਇਨ੍ਹਾਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਦਿਖਾਈ ਮਿੱਤਰਤਾ ਦੀ ਭਾਵਨਾ ਨੂੰ ਹਮੇਸ਼ਾ ਤਾਰ-ਤਾਰ ਕੀਤਾ ਹੈ। ਲਗਾਤਾਰ ਚਲਦੀ ਇਹ ਦੁਸ਼ਮਣੀ ਦੀ ਦਾਸਤਾਨ ਦੋਹਾਂ ਦੇਸ਼ਾਂ ਲਈ ਬੇਹੱਦ ਮੰਦਭਾਗੀ ਹੈ, ਜਿਸ ਦਾ ਅਸਰ ਇਸ ਖਿੱਤੇ ਵਿਚ ਵਸਦੇ ਕਰੋੜਾਂ ਲੋਕਾਂ 'ਤੇ ਸਿੱਧੇ ਜਾਂ ਅਸਿੱਧੇ ਰੂਪ ਵਿਚ ਪੈਂਦਾ ਹੈ। ਕਾਰਗਿਲ ਦੀ ਜੰਗ ਨੂੰ ਯਾਦ ਕਰਦਿਆਂ ਇਕ ਵਾਰ ਫਿਰ ਇਹ ਗੱਲ ਮਨ ਵਿਚ ਉੱਠਦੀ ਹੈ ਕਿ ਸ਼ਾਇਦ ਆਉਂਦੇ ਸਮੇਂ ਵਿਚ ਦੋਹਾਂ ਦੇਸ਼ਾਂ ਦੀ ਇਹ ਦੁਸ਼ਮਣੀ ਦੀ ਦਾਸਤਾਨ ਖ਼ਤਮ ਹੋ ਜਾਏ, ਜਿਸ ਨਾਲ ਕਿ ਕਰੋੜਾਂ ਲੋਕਾਂ ਦੀ ਹੋਣੀ ਜੁੜੀ ਹੋਈ ਹੈ। ਦੋਵਾਂ ਦੇਸ਼ਾਂ ਦੇ ਲੋਕ ਵੀ ਅਜਿਹਾ ਹੀ ਚਾਹੁੰਦੇ ਹਨ।
-ਬਰਜਿੰਦਰ ਸਿੰਘ ਹਮਦਰਦ