02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਮੁਆਫ਼ੀ ਮੰਗਣ ਵਾਲੇ ਨਾਲੋਂ ਮੁਆਫ਼ੀ ਦੇਣ ਵਾਲਾ ਵੱਡਾ ਹੁੰਦੈ

Ad Position 21
No active advertisement
ਅਜੀਤ ਡੈਸਕ 29-07-2026

ਦੂਜਿਆਂ ਨੂੰ ਮੱਤ ਦੇਣੀ ਕਿ ਇਸ ਨੂੰ ਮੁਆਫ਼ ਕਰ ਦਿਓ, ਬੜੀ ਸੌਖੀ ਹੈ, ਪਰ ਹਕੀਕਤ ਵਿਚ ਕਿਸੇ ਨੂੰ ਮੁਆਫ਼ ਕਰਨਾ ਇੰਨਾ ਆਸਾਨ ਵੀ ਨਹੀਂ ਹੁੰਦਾ। ਪਰ ਮੁਆਫ਼ ਕਰ ਦੇਣਾ ਜ਼ਰੂਰੀ ਹੈ ਕਿਉਂਕਿ ਇਸ ਦਾ ਸਿੱਧਾ ਅਸਰ ਸਾਡੀ ਸਰੀਰਕ ਤੇ ਮਾਨਸਿਕ ਸਿਹਤ 'ਤੇ ਪੈਂਦਾ ਹੈ। ਜਦੋਂ ਅਸੀਂ ਕਿਸੇ ਨੂੰ ਮੁਆਫ਼ ਕਰਨ ਬਾਰੇ ਸੋਚਦੇ ਹਾਂ ਜਾਂ ਕਰ ਦਿੰਦੇ ਹਾਂ ਤਾਂ ਸਾਡੀ ਰੂਹ ਤੇ ਸਰੀਰ ਨੂੰ ਸਕੂਨ ਮਿਲਣ ਨਾਲ ਸਰੀਰਕ ਤੇ ਮਾਨਸਿਕ ਸ਼ਾਂਤੀ ਮਿਲਦੀ ਹੈ। ਬਾਬਾ ਫ਼ਰੀਦ ਜੀ ਤਾਂ ਬੁਰੇ ਦਾ ਵੀ ਭਲਾ ਕਰਨ ਤੇ ਮਨ 'ਚ ਕੋਈ ਗੁੱਸਾ ਨਾ ਰੱਖਣ ਦਾ ਉਪਦੇਸ਼ ਦਿੰਦੇ ਹਨ, ਕਿਉਂਕਿ ਗੁੱਸੇ ਕਾਰਨ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ। ਮੁਆਫ਼ੀ ਮੰਗਣ ਵਾਲੇ ਨਾਲੋਂ ਮੁਆਫ਼ ਕਰਨ ਵਾਲਾ ਕਿਤੇ ਵੱਡਾ ਹੁੰਦਾ ਹੈ, ਜਿਸ ਤਰ੍ਹਾਂ ਕੁਝ ਲੈਣ ਵਾਲੇ ਨਾਲੋਂ ਦੇਣ ਵਾਲਾ ਹਮੇਸ਼ਾ ਵੱਡਾ ਹੁੰਦਾ ਹੈ। ਭਲੇ ਲੋਕ ਤਾਂ ਰੱਬ ਅੱਗੇ ਹੱਥ ਅੱਡਣ ਨਾਲੋਂ ਮੁੱਠੀ ਬੰਦ ਕਰਕੇ ਦਾਤ ਮੰਗਦੇ ਹਨ। ਪੁਰਾਣੇ ਸਮੇਂ ਵਿਚ ਸਿਆਣਿਆਂ ਦੀਆਂ ਗੱਲਾਂ ਵਿਚ ਤਰਕ ਹੋਣ ਕਰਕੇ ਹੀ ਉਨ੍ਹਾਂ ਦੀਆਂ ਕਹੀਆਂ ਗੱਲਾਂ ਮੁਹਾਵਰੇ ਬਣ ਜਾਂਦੀਆਂ ਸਨ।
ਦੁਨੀਆ ਵਿਚ ਮੁਆਫ਼ ਕਰਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖੋਜਾਂ ਹੋਈਆਂ ਹਨ। ਇਕ ਅਧਿਐਨ ਵਿਚ 39,104 ਲੋਕਾਂ ਨੂੰ ਸ਼ਾਮਿਲ ਕਰਕੇ ਕੀਤੇ ਵਿਸ਼ਲੇਸ਼ਣ ਤੋਂ ਇਹ ਸਾਹਮਣੇ ਆਇਆ ਕਿ ਮੁਆਫ਼ ਕਰਨ ਵਾਲੇ ਲੋਕ ਜ਼ਿੰਦਗੀ ਵਿਚ ਵਧੇਰੇ ਸੰਤੁਸ਼ਟ ਤੇ ਚੜ੍ਹਦੀ ਕਲਾ ਵਿਚ ਰਹਿੰਦੇ ਹਨ। ਇਸ ਸਾਲ 23 ਦੇਸ਼ਾਂ ਦੇ 2 ਲੱਖ ਤੋਂ ਵੱਧ ਲੋਕਾਂ 'ਤੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਮੁਆਫ ਕਰਨ ਵਾਲੇ ਲੋਕ ਮਾਨਸਿਕ, ਸਮਾਜਿਕ ਤੇ ਭਾਵਨਾਤਮਿਕ ਤੌਰ 'ਤੇ ਵਧੇਰੇ ਤੰਦਰੁਸਤ ਰਹਿੰਦੇ ਹਨ ਤੇ ਉਨ੍ਹਾਂ ਅੰਦਰ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਵਧਦੀ ਹੈ।
ਅਕਸਰ 'ਫੀਲ ਗੁੱਡ' ਕਹਿਣ ਵਾਲੇ ਲੋਕ ਆਰਾਮ ਦੀ ਨੀਂਦ ਸੌਂਦੇ ਹਨ। ਗੁੱਸੇ ਵਿਚ ਮੋਢਿਆਂ ਤੇ ਗਰਦਨ ਦੀਆਂ ਮਾਸਪੇਸ਼ੀਆਂ ਤਣ ਜਾਂਦੀਆਂ ਹਨ ਅਤੇ ਗੁੱਸਾ ਖ਼ਤਮ ਹੋਣ 'ਤੇ ਹੀ ਰਾਹਤ ਮਿਲਦੀ ਹੈ। ਗੁੱਸੇ ਕਾਰਨ ਸਰੀਰ 'ਚ ਖੂਨ ਦਾ ਦਬਾਅ ਵੀ ਵਧ ਜਾਂਦਾ ਹੈ। ਮੁਆਫ਼ ਕਰਨ ਦੀ ਭਾਵਨਾ ਨਾਲ ਦਿਮਾਗ ਅੰਦਰਲੇ ਆਕਸੀਟੋਸ਼ਨ ਹਾਰਮੋਨਸ ਵਧ ਕੇ ਮਨੁੱਖ ਅੰਦਰ ਹਮਦਰਦੀ ਦੀ ਭਾਵਨਾ ਜਗਾਉਂਦੇ ਹਨ ਕਿ ਜ਼ਿੰਦਗੀ ਵਿਚ ਸਮਝੌਤਾ ਵੀ ਜ਼ਰੂਰੀ ਹੈ। ਜ਼ਿੰਦਗੀ 'ਚ ਬਹੁਤ ਸਾਰੇ ਮਸਲੇ ਸਮਝੌਤੇ ਨਾਲ ਹੱਲ ਹੋ ਜਾਂਦੇ ਹਨ। ਮਨੋਚਿਕਤਸਕਾਂ ਦਾ ਕਹਿਣਾ ਹੈ ਕਿ ਕਈ ਕੇਸਾਂ 'ਚ ਸਾਹਮਣੇ ਆਇਆ ਹੈ ਕੁਝ ਲੋਕਾਂ ਲਈ ਮੁਆਫ਼ ਕਰਨਾ ਸੌਖਾ ਨਹੀਂ ਹੁੰਦਾ, ਜਿਸ ਦੀ ਵਜ੍ਹਾ ਛੋਟੇ ਹੁੰਦਿਆਂ ਉਨ੍ਹਾਂ ਨਾਲ ਹੋਈ ਕੋਈ ਵਧੀਕੀ ਜਾਂ ਰਿਸ਼ਤਿਆਂ ਦੀ ਕੜਵਾਹਟ ਹੋ ਸਕਦੀ ਹੈ।
ਜੇ ਕੋਈ ਜ਼ਿਆਦਾ ਉਦਾਸ ਜਾਂ ਗੁੱਸੇ ਵਿਚ ਰਹਿੰਦਾ ਹੈ ਤਾਂ ਉਸ ਲਈ 'ਲਾਈਫ ਸਕਿਲ' ਜਾਂ ਅਧਿਆਤਮਿਕਤਾ ਦਾ ਰਸਤਾ ਲਾਹੇਵੰਦ ਰਹੇਗਾ, ਪਰ ਇਸ ਲਈ ਭਰੋਸਾ ਤੇ ਦ੍ਰਿੜ੍ਹ ਵਿਸ਼ਵਾਸ ਹੋਣਾ ਜ਼ਰੂਰੀ ਹੈ। ਜੇ ਮਨ ਵਿਚ ਕਿਸੇ ਲਈ ਬਦਲੇ ਦੀ ਭਾਵਨਾ ਅੰਦਰੋਂ ਨਾ ਜਾ ਰਹੀ ਹੋਵੇ ਤਾਂ ਬਦਲੇ ਦੀ ਅੱਗ ਵਿਚ ਸੜਨ ਨਾਲੋਂ ਦੂਜਿਆਂ ਨਾਲ ਗੱਲ ਕਰਨੀ ਠੀਕ ਰਹਿੰਦੀ ਹੈ ਕਿਉਂਕਿ ਬਦਲਾ ਲੈਣ ਦੀ ਕੋਸ਼ਿਸ਼ 'ਚ ਰਿਸ਼ਤੇ ਖਰਾਬ ਹੋਣ ਕਰਕੇ ਝਗੜੇ ਹੋਰ ਵਧ ਜਾਂਦੇ ਹਨ। ਗੁੱਸੇ ਵਿਚ ਲਿਆ ਗਿਆ ਕੋਈ ਵੀ ਫ਼ੈਸਲਾ ਕਦੇ ਵੀ ਠੀਕ ਨਹੀਂ ਹੁੰਦਾ ਹੈ। ਮਨੋਰੋਗ ਮਾਹਿਰ ਮੰਨਦੇ ਹਨ ਕਿ ਗੁੱਸਾ ਅੰਦਰ ਰੱਖਣ ਜਾਂ ਕਿਸੇ ਦੀ ਗ਼ਲਤੀ 'ਤੇ ਉਸ ਨੂੰ ਮੁਆਫ ਨਾ ਕਰਨ ਦੀ ਭਾਵਨਾ ਨਾਲ ਉਲਟਾ ਆਪਣੀ ਸਰੀਰਕ ਤੇ ਮਾਨਸਿਕ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਅਜਿਹੀ ਸਥਿਤੀ ਵਿਚ ਦੂਜੇ ਨੂੰ ਮੁਆਫ਼ ਕਰਨ ਦੀ ਜਾਂਚ ਸਿੱਖਣ ਲਈ ਥੈਰੇਪੀ ਲੈਣ ਨਾਲ ਭਾਵਨਾਵਾਂ 'ਤੇ ਕਾਬੂ ਪਾਉਣ ਦੀ ਸਮਰੱਥਾ ਪੈਦਾ ਹੁੰਦੀ ਹੈ। ਜੇਕਰ ਫਿਰ ਵੀ ਨਤੀਜੇ ਹਾਂ ਪੱਖੀ ਨਾ ਮਿਲਣ ਤਾਂ ਕਈ ਹਾਲਾਤ ਵਿਚ ਦਵਾਈ ਲੈਣ ਤੱਕ ਦੀ ਲੋੜ ਪੈਂਦੀ ਹੈ। ਜ਼ਿਆਦਾ ਸਮਾਂ ਤਣਾਅ ਵਿਚ ਰਹਿਣ ਵਾਲੇ ਮਨੁੱਖ ਦਾ ਸਰੀਰ ਵਧੇਰੇ ਥਕਾਵਟ ਮਹਿਸੂਸ ਕਰਨ ਲੱਗਦਾ ਹੈ ਤੇ ਉਸ ਦੀ ਯਾਦਾਸ਼ਤ 'ਤੇ ਵੀ ਅਸਰ ਪੈਂਦਾ ਹੈ।
ਕਈ ਵਾਰ ਜਲਦਬਾਜ਼ੀ 'ਚ ਕਿਸੇ ਗੱਲ ਨੂੰ ਲੈ ਕੇ ਤੁਸੀਂ ਗੁੱਸੇ ਹੋ ਜਾਂਦੇ ਹੋ, ਪਰ ਸ਼ਾਂਤੀ ਨਾਲ ਵਿਚਾਰ ਕਰਨ 'ਤੇ ਪਤਾ ਲੱਗਦਾ ਹੈ ਕਿ ਗੱਲ ਦਾ ਅਸਲ ਮਤਲਬ ਤਾਂ ਕੁਝ ਹੋਰ ਹੀ ਸੀ। ਅਸੀਂ ਗੁੱਸੇ 'ਚ ਕਿਸੇ ਦੀ ਗੱਲ ਨੂੰ ਪੂਰੀ ਤਰ੍ਹਾਂ ਸੁਣੇ ਜਾਂ ਸਮਝੇ ਬਗੈਰ ਹੀ ਬਹੁਤੀ ਵਾਰ ਉਸ ਦੇ ਅਰਥ ਕੁਝ ਹੋਰ ਕੱਢ ਲੈਂਦੇ ਹਾਂ, ਜਿਸ ਨਾਲ ਚੰਗੇ ਭਲੇ ਰਿਸ਼ਤੇ ਵੀ ਵਿਗੜ ਜਾਂਦੇ ਹਨ। ਕਿਸੇ ਵੀ ਗ਼ਲਤਫਹਿਮੀ ਦਾ ਮਿਲ ਬੈਠ ਕੇ ਹੀ ਹੱਲ ਕੱਢਣਾ ਠੀਕ ਹੁੰਦਾ ਹੈ।
ਅੱਜ ਜਦੋਂ ਗੁੱਸਾ ਹਰ ਬੰਦੇ ਦੇ ਨੱਕ 'ਤੇ ਪਿਆ ਹੈ ਤਾਂ ਬਹਿਸ ਕਰਨ ਦੀ ਬਜਾਏ ਚੁੱਪ ਰਹਿਣ 'ਚ ਭਲਾਈ ਹੈ। ਇਸ ਲਈ ਸੋਚ ਸਮਝ ਕੇ ਬੋਲਣ ਨੂੰ ਆਪਣੇ ਸੁਭਾਅ ਦਾ ਹਿੱਸਾ ਬਣਾ ਲੈਣਾ ਚਾਹੀਦਾ ਹੈ। ਸਾਨੂੰ ਰੋਜ਼ਾਨਾ ਚੜ੍ਹਦੇ ਤੇ ਡੁੱਬਦੇ ਸੂਰਜ ਤੋਂ ਸਬਕ ਲੈਣਾ ਚਾਹੀਦਾ ਹੈ ਕਿਉਂਕਿ ਮਨੁੱਖੀ ਜ਼ਿੰਦਗੀ 'ਚ ਵੀ ਕਦੇ ਖੁਸ਼ੀ ਕਦੇ ਗਮ ਤੇ ਕਦੇ ਧੁੱਪ ਕਦੇ ਛਾਂ ਆਉਂਦੀ ਜਾਂਦੀ ਰਹਿੰਦੀ ਹੈ। ਸਾਨੂੰ ਹਰ ਮਸਲੇ ਬਾਰੇ ਠੰਢੇ ਦਿਲ ਨਾਲ ਵਿਚਾਰ ਕਰਕੇ ਫ਼ੈਸਲੇ ਲੈਣ ਦੀ ਆਦਤ ਬਣਾ ਲੈਣੀ ਚਾਹੀਦੀ ਹੈ।
ਗੁਰੂ ਨਾਨਕ ਦੇਵ ਜੀ ਵਲੋਂ ਸਦੀਆਂ ਪਹਿਲਾਂ ਦਿੱਤਾ ਉਪਦੇਸ਼- 'ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ'॥ ਨੂੰ ਮਨ ਵਿਚ ਵਸਾਉਣ ਨਾਲ ਹਰ ਮਸਲੇ ਹੱਲ ਹੋ ਸਕਦਾ ਹੈ। ਵਿਸ਼ਵ ਮੁਆਫ਼ੀ ਦਿਵਸ ਵੀ ਇਸੇ ਸੁਨੇਹੇ ਨੂੰ ਦ੍ਰਿੜ੍ਹ ਕਰਵਾਉਣ ਲਈ ਮਨਾਇਆ ਜਾਂਦਾ ਹੈ ਕਿ ਭਾਵੇਂ ਮੁਆਫ਼ ਕਰਨਾ ਸੌਖਾ ਨਹੀਂ ਹੁੰਦਾ, ਫਿਰ ਵੀ ਮੁਆਫ਼ੀ ਮੰਗਣ ਵਾਲੇ ਨਾਲੋਂ ਮੁਆਫ਼ ਕਰਨ ਵਾਲਾ ਹਮੇਸ਼ਾ ਵੱਡਾ ਮੰਨਿਆ ਜਾਂਦਾ ਹੈ।

-ਮੋਬਾਈਲ : 98147 34035

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦਾ ਮਾਣਮੱਤਾ ਸਫ਼ਰ ਅਗਲੀ ਖ਼ਬਰ ਪੰਜਾਬ ਨੂੰ ਇਕ ਸੱਚ ਅਤੇ ਸੁਲ੍ਹਾ-ਸਫਾਈ ਕਮਿਸ਼ਨ ਦੀ ਲੋੜ
Ad Position 24
No active advertisement