ਅਮਰੀਕਾ ਤੇ ਈਰਾਨ ਇਸ ਵੇਲੇ ਆਪੋ-ਆਪਣੀ ਹਊਮੈ ਦੇ ਚੱਲਦੇ ਪਿੱਛੇ ਹਟਣ ਦੀ ਬਜਾਏ ਆਹਮੋ-ਸਾਹਮਣੇ ਹਨ, ਜਿਸ ਕਾਰਨ ਤੇਲ ਦੀਆਂ ਕੀਮਤਾਂ ਵਧਣ ਨਾਲ ਦੁਨੀਆ ਮਹਿੰਗਾਈ ਦੀ ਚੱਕੀ 'ਚ ਬੁਰੀ ਤਰ੍ਹਾਂ ਪਿਸ ਰਹੀ ਹੈ | ਇਸ ਪੁਆੜੇ ਦੀ ਜੜ੍ਹ ਈਰਾਨ ਕੋਲ ਵੱਡੀ ਮਾਤਰਾ 'ਚ ਯੂਰੇਨੀਅਮ ਦਾ ਹੋਣਾ ਹੈ ਤੇ ਅਮਰੀਕਾ ਉਸ ਨੂੰ ਹਰ ਹਾਲਤ 'ਚ ਪ੍ਰਮਾਣੂ ਸਮਰੱਥਾ ਪ੍ਰਾਪਤ ਕਰਨ ਤੋਂ ਵਾਂਝਾ ਰੱਖਣਾ ਚਾਹੁੰਦਾ ਹੈ | ਇਹੀ ਦੋ ਨੁਕਤੇ ਮੱਧ ਪੂਰਬ ਵਿਚ ਅਸ਼ਾਂਤੀ ਦੇ ਕਾਰਨ ਤੇ ਵਿਸ਼ਵਵਿਆਪੀ ਚਿੰਤਾਵਾਂ ਦੇ ਆਧਾਰ ਹਨ | ਯੂਰੇਨੀਅਮ ਕੀ ਹੈ? ਕਿਵੇਂ ਕੱਢਿਆ ਜਾਂਦਾ ਹੈ, ਇਸ 'ਤੇ ਚਰਚਾ ਕਰਨ ਤੋਂ ਪਹਿਲਾਂ ਜਾਣਨਾ ਜ਼ਰੂਰੀ ਹੈ, ਕਿ ਇਰਾਨ ਕੋਲ ਕਿੰਨਾ ਕੁ ਯੂਰੇਨੀਅਮ ਹੈ ਤੇ ਇਸ ਦੀ ਕਿੰਨੀ ਕੁ ਪ੍ਰਮਾਣੂ ਸਮਰੱਥਾ ਹੈ? ਇਸ ਸੰਬੰਧੀ ਈਰਾਨੀ ਸੰਘ ਦੀ ਈਰਾਨ ਵਿਗਿਆਨ ਤੇ ਅੰਤਰਰਾਸ਼ਟਰੀ ਸੁਰੱਖਿਆ ਦੀ ਰਿਪੋਰਟ ਅਨੁਸਾਰ ਨਵੰਬਰ 2021 ਦੇ ਅੰਤ ਤੱਕ ਈਰਾਨ ਦੇ ਕੋਲ ਸੋਧੇ ਹੋਏ ਯੂਰੇਨੀਅਮ ਦੇ ਭੰਡਾਰ ਲਗਭਗ 2,182 ਕਿਲੋਗ੍ਰਾਮ ਸੀ | ਜਿਸ ਵਿਚ 5 ਫ਼ੀਸਦੀ ਤੱਕ ਸੋਧਿਆ ਹੋਇਆ ਯੂਰੇਨੀਅਨ ਲਗਭਗ 210 ਕਿਲੋਗ੍ਰਾਮ ਤੇ 20 ਫੀਸਦੀ ਸੋਧਿਆ ਯੂਰੇਨੀਅਮ 25 ਕਿਲੋਗ੍ਰਾਮ 60 ਫੀਸਦੀ ਸੋਧਿਆ ਯੂਰੇਨੀਅਮ ਸ਼ਾਮਿਲ ਹੈ | 2021 ਅਪ੍ਰੈਲ ਤੱਕ ਈਰਾਨ ਨੇ 60 ਫੀਸਦੀ ਤੱਕ ਸੋਧੇ ਹੋਏ ਯੂਰੇਨੀਅਮ ਦਾ ਉਤਪਾਦਨ ਸ਼ੁਰੂ ਕੀਤਾ, ਜੋ ਹਥਿਆਰ-ਗ੍ਰੇਡ (90 ਫੀਸਦੀ) ਤੋਂ ਇਕ ਤਕਨੀਕੀ ਕਦਮ ਦੂਰ ਸੀ | ਈਰਾਨ ਨੇ 20 ਫੀਸਦੀ ਸੋਧੇ ਹੋਏ ਯੂਰੇਨੀਅਮ ਦਾ ਉਤਪਾਦਨ ਮੁੜ ਸ਼ੁਰੂ ਕੀਤਾ ਜੋ ਸਾਲ 2015 ਦੀ ਸੰਯੁਕਤ ਵਿਆਪਕ ਕਾਰਜ ਯੋਜਨਾ 'ਚ ਦਰਸਾਈ ਸੀਮਤ ਵਸਤੂ ਸੂਚੀ ਦੀਆਂ ਸੀਮਾਵਾਂ ਤੋਂ ਕਿਤੇ ਵੱਧ ਹੈ |… ਅਸਲ ਕੁੰਡੀ ਇੱਥੇ ਹੀ ਅੜੀ ਦੱਸੀ ਜਾ ਰਹੀ ਹੀ, ਕਿਉਂਕਿ ਅਮਰੀਕਾ ਇਸ ਨੂੰ ਆਪਣੇ ਲਈ ਵੱਡੀ ਚੁਣੌਤੀ ਮੰਨ ਰਿਹਾ ਹੈ |
ਯੂਰੇਨੀਅਮ ਕੀ ਹੈ?
ਯੂਰੇਨੀਅਮ ਇਕ ਕੁਦਰਤੀ ਰੇਡੀਓ ਐਕਟਿਵ ਤੱਤ ਹੈ, ਜਿਸ ਦੀ ਪ੍ਰਮਾਣੂ ਸੰਖਿਆ 92 ਹੈ ਤੇ ਇਹ ਰਸਾਇਣਕ ਚਿੰਨ੍ਹ 'ਯੂ' ਨਾਲ ਮੇਲ ਖਾਂਦਾ ਹੈ | ਇਹ 'ਐਕਟੀਨਾਈਡਜ਼' ਨਾਮਕ ਤੱਤਾਂ ਦੇ ਇਕ ਵਿਸ਼ੇਸ਼ ਸਮੂਹ ਨਾਲ ਸੰਬੰਧਿਤ ਹੈ, ਜੋ ਇਤਿਹਾਸ ਵਿਚ ਮੁਕਾਬਲਤਨ ਬਹੁਤ ਦੇਰ ਨਾਲ ਖੋਜੇ ਗਏ ਸਨ | ਯੂਰੇਨੀਅਮ ਪ੍ਰਮਾਣੂ ਬਾਲਣ ਦੇ ਉਤਪਾਦਨ ਲਈ ਇਕ ਮਹੱਤਵਪੂਰਨ ਤੱਤ ਹੈ, ਜੋ ਦੁਨੀਆ ਭਰ 'ਚ ਪ੍ਰਮਾਣੂ ਊਰਜਾ ਰਿਐਕਟਰਾਂ 'ਚ ਵਰਤਿਆ ਜਾਂਦਾ ਹੈ | ਹੋਰ ਸਾਰੇ ਐਕਟੀਨਾਈਡਾਂ ਵਾਂਗ ਯੂਰੇਨੀਅਮ ਵੀ 'ਰੇਡੀਓਐਕਟਿਵ' ਹੈ | ਇਹ ਸਮੇਂ ਦੇ ਨਾਲ ਸੜਦਾ ਹੈ ਤੇ ਪ੍ਰਕਿਰਿਆ ਵਜੋਂ ਊਰਜਾ ਛੱਡਦਾ ਹੈ | ਇਸ ਦੀਆਂ ਵਿਸ਼ੇਸ਼ਤਾਵਾਂ ਯੂਰੇਨੀਅਮ ਨੂੰ ਪ੍ਰਮਾਣੂ ਰਿਐਕਟਰਾਂ ਲਈ ਬਾਲਣ ਦਾ ਮੁੱਖ ਸਰੋਤ ਬਣਾਉਂਦੀਆਂ ਹਨ | ਇਹ ਬਹੁਤ ਹੈਰਾਨੀਜਨਕ ਗੱਲ ਹੈ, ਕਿ ਇਕ ਮੁਰਗੀ ਦੇ ਅੰਡੇ ਦੇ ਆਕਾਰ ਦਾ ਯੂਰੇਨੀਅਮ ਬਾਲਣ 88 ਟਨ ਕੋਲੇ ਜਿੰਨੀ ਬਿਜਲੀ ਉਤਪਾਦਨ ਕਰ ਸਕਦਾ ਹੈ | ਯੂਰੇਨੀਅਮ ਧਰਤੀ ਦੀ ਪੇਪੜੀ ਵਿਚ ਵਧੇਰੇ ਕਰਕੇ ਪਾਏ ਜਾਂਦੇ ਤੱਤਾਂ 'ਚੋਂ ਇਕ ਹੈ, ਜੋ ਸੋਨੇ ਨਾਲੋਂ ਲਗਭਗ 500 ਗੁਣਾ ਵੱਧ ਹਨ | ਭਾਵੇਂ ਇਹ ਇਕ ਬਹੁਤ ਹੀ ਦੁਰਲੱਭ ਤੱਤ ਹੈ, ਪਰ ਯੂਰੇਨੀਅਮ ਦੀ ਥੋੜ੍ਹੀ ਮਾਤਰਾ ਹਰ ਜਗ੍ਹਾ- ਚੱਟਾਨਾਂ, ਮਿੱਟੀ, ਪਾਣੀ ਤੇ ਸਾਡੇ ਸਰੀਰਾਂ ਵਿਚ ਵੀ ਮੌਜੂਦ ਹੁੰਦੀ ਹੈ | ਸਮੁੰਦਰ 'ਚ ਵੀ ਬਹੁਤ ਜ਼ਿਆਦਾ ਪਤਲਾ ਯੂਰੇਨੀਅਮ ਲਗਭਗ 4 ਅਰਬ ਟਨ ਮੌਜੂਦ ਹੈ | ਕਿਸੇ ਵੀ ਹੋਰ ਤੱਤ ਵਾਂਗ ਯੂਰੇਨੀਅਮ ਵਿਚ ਵੀ ਕਈ ਭਿੰਨਤਾਵਾਂ ਹਨ, ਜੋ ਪੁੰਜ ਤੇ ਭੌਤਿਕ ਵਿਸ਼ੇਸ਼ਤਾਵਾਂ ਵਿਚ ਭਿੰਨ-ਭਿੰਨ ਹੁੰਦਾ ਹੈ ਪਰ ਇਕੋ ਜਿਹੇ ਰਸਾਇਣਕ ਗੁਣਾਂ ਨੂੰ ਸਾਂਝਾ ਕਰਦਾ ਹੈ | ਇਨ੍ਹਾਂ ਨੂੰ 'ਆਈਸੋਟੋਪ' ਕਿਹਾ ਜਾਂਦਾ ਹੈ |
ਯੂਰੇਨੀਅਮ ਦੇ ਵੱਖ-ਵੱਖ ਆਈਸੋਟੋਪ ਕੀ ਹਨ?
ਯੂ-238 ਧਰਤੀ 'ਤੇ ਯੂਰੇਨੀਅਮ ਦੇ 3 ਕੁਦਰਤੀ ਤੌਰ 'ਤੇ ਹੋਣ ਵਾਲੇ ਆਈਸੋਟੋਪਾਂ 'ਚੋਂ 99 ਫ਼ੀਸਦੀ ਤੋਂ ਵੱਧ ਨੂੰ ਬਣਾਉਂਦਾ ਹੈ | ਯੂਰੇਨੀਅਮ-234 ਤੇ ਯੂਰੇਨੀਅਮ-235 ਯੂਰੇਨੀਅਮ ਸਭ ਤੋਂ ਆਮ ਹਨ, ਜੋ ਧਰਤੀ 'ਤੇ ਪਾਏ ਜਾਣ ਵਾਲੇ ਕੁਦਰਤੀ ਯੂਰੇਨੀਅਮ ਦਾ ਲਗਭਗ 99 ਫ਼ੀਸਦੀ ਹੈ | ਜ਼ਿਆਦਾਤਰ ਪ੍ਰਮਾਣੂ ਰਿਐਕਟਰ ਯੂ-235 ਵਾਲੇ ਬਾਲਣ ਦੀ ਵਰਤੋਂ ਕਰਦੇ ਹਨ, ਹਾਲਾਂਕਿ ਕੁਦਰਤੀ ਯੂਰੇਨੀਅਮ 'ਚ ਆਮ ਤੌਰ 'ਤੇ ਯੂ-235 ਦਾ ਸਿਰਫ਼ 0.72 ਫ਼ੀਸਦੀ ਹੁੰਦਾ ਹੈ, ਜ਼ਿਆਦਾਤਰ ਰਿਐਕਟਰਾਂ ਨੂੰ ਆਪਣੇ ਬਾਲਣ ਵਿਚ ਇਸ ਆਈਸੋਟੋਪ ਦੇ ਉੱਚ ਗਾੜ੍ਹੇਪਣ ਦੀ ਲੋੜ ਹੁੰਦੀ ਹੈ | ਇਸ ਲਈ ਯੂ-235 ਗਾੜ੍ਹੇਪਣ ਨੂੰ ਇਕ ਪ੍ਰਕਿਰਿਆ ਦੁਆਰਾ ਨਕਲੀ ਤੌਰ 'ਤੇ ਵਧਾਇਆ ਜਾਂਦਾ ਹੈ, ਜਿਸ ਨੂੰ 'ਸੰਸ਼ੋਧਨ' ਕਿਹਾ ਜਾਂਦਾ ਹੈ | ਕੈਨੇਡਾ ਦੇ ਰਿਐਕਟਰਾਂ ਨੂੰ ਹੀ ਸਿਰਫ਼ ਗੈਰ-ਸੰਸ਼ੋਧਿਤ ਯੂਰੇਨੀਅਮ ਦਾ ਬਾਲਣ ਦਿੱਤਾ ਜਾਂਦਾ ਹੈ |
ਯੂਰੇਨੀਅਮ ਸੰਸ਼ੋਧਨ ਕੀ ਹੈ?
ਯੂਰੇਨੀਅਮ ਸੰਸ਼ੋਧਨ ਉਹ ਪ੍ਰਕਿਰਿਆ ਹੈ, ਜਿਸ ਰਾਹੀਂ ਯੂ-235 ਦਾ ਆਈਸੋਟੋਪਿਕ ਅਨੁਪਾਤ 0.72 ਫ਼ੀਸਦੀ ਤੋਂ ਵਧਾ ਕੇ 94 ਫ਼ੀਸਦੀ ਤੱਕ ਕੀਤਾ ਜਾਂਦਾ ਹੈ | ਉਸ ਯੂਰੇਨੀਅਮ ਨੂੰ ਵਧੇਰੇ ਪ੍ਰਭਾਵਸ਼ਾਲੀ ਨਹੀਂ ਮੰਨਿਆ ਜਾਂਦਾ, ਜੇਕਰ ਉਸ ਦਾ ਯੂ-235 ਦਾ ਆਈਸੋਟੋਪਿਕ ਅਨੁਪਾਤ 20 ਫ਼ੀਸਦੀ ਤੋਂ ਘੱਟ ਰਹਿੰਦਾ ਹੈ | ਜ਼ਿਆਦਾਤਰ ਵਪਾਰਕ ਰਿਐਕਟਰ 5 ਫ਼ੀਸਦੀ ਤੋਂ ਵੀ ਘੱਟ ਅਸਰਦਾਰ ਯੂਰੇਨੀਅਮ ਨੂੰ ਬਾਲਣ ਵਜੋਂ ਵਰਤਦੇ ਹਨ, ਜਿਸ ਨੂੰ 'ਰਿਐਕਟਰ-ਗ੍ਰੇਡ ਯੂਰੇਨੀਅਮ' ਵੀ ਕਿਹਾ ਜਾਂਦਾ ਹੈ | ਖਰਾਬ ਨਾ ਹੋਣ ਕਰਕੇ ਇਸ ਨੂੰ ਕਈ ਸਾਲਾਂ ਲਈ ਸੁਰੱਖਿਅਤ ਢੰਗ ਨਾਲ ਸਟੋਰ ਕੀਤਾ ਜਾ ਸਕਦਾ ਹੈ | ਜੇਕਰ ਯੂਰੇਨੀਅਮ ਨੂੰ 20 ਫ਼ੀਸਦੀ ਤੋਂ ਵੱਧ ਅਸਰਦਾਰ ਬਣਾਇਆ ਜਾਂਦਾ ਹੈ ਤਾਂ ਇਸ ਨੂੰ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ ਤੇ ਯੂ-235 ਦੇ ਇੰਨੇ ਉੱਚ ਆਈਸੋਟੋਪਿਕ ਅਨੁਪਾਤ ਵਾਲੇ ਯੂਰੇਨੀਅਮ ਨੂੰ ਜ਼ਿਆਦਾਤਰ ਨੇਵਲ ਪ੍ਰੋਪਲਸ਼ਨ ਰਿਐਕਟਰਾਂ ਨੂੰ ਪਣਡੁੱਬੀਆਂ, ਪ੍ਰਮਾਣੂ ਹਥਿਆਰਾਂ ਤੇ ਕੁਝ ਖੋਜ ਰਿਐਕਟਰਾਂ ਵਿਚ ਵਰਤਿਆ ਜਾਂਦਾ ਹੈ |
ਯੂਰੇਨੀਅਮ ਦੀ ਖੁਦਾਈ?
20ਵੀਂ ਸਦੀ ਦੌਰਾਨ ਯੂਰੇਨੀਅਮ ਧਾਤ ਜ਼ਿਆਦਾਤਰ ਖੁੱਲ੍ਹੇ ਟੋਇਆਂ ਜਾਂ ਭੂਮੀਗਤ ਖੁਦਾਈ ਸਥਾਨਾਂ ਤੋਂ ਕੱਢੀ ਜਾਂਦੀ ਸੀ, ਜਿਸ ਤੋਂ ਬਾਅਦ ਧਾਤ ਵਿਚੋਂ ਹੋਰ ਤੱਤਾਂ ਨਾਲੋਂ ਯੂਰੇਨੀਅਮ ਨੂੰ ਵੱਖ ਕਰਨ ਲਈ ਸ਼ੁੱਧ ਕਰਨ ਦੀ ਲੋੜ ਹੁੰਦੀ ਸੀ | ਪਰ 21ਵੀਂ ਸਦੀ 'ਚ ਇਸ ਵਿਧੀ ਨੂੰ ਹੌਲੀ-ਹੌਲੀ ਇਕ ਰਸਾਇਣਕ ਪ੍ਰਕਿ੍ਆ 'ਇਨ-ਸੀਟੂ ਲੀਚਿੰਗ' ਦੁਆਰਾ ਬਦਲ ਦਿੱਤਾ ਗਿਆ ਹੈ | ਇਨ-ਸੀਟੂ ਲੀਚਿੰਗ ਇਸ ਸਮੇਂ ਯੂਰੇਨੀਅਮ ਮਾਈਨਿੰਗ ਦਾ ਸਭ ਤੋਂ ਆਮ ਤਰੀਕਾ ਹੈ, ਇਸ ਤਕਨੀਕ ਰਾਹੀਂ 2000 ਵਿਚ ਸਿਰਫ਼ 16 ਫ਼ੀਸਦੀ ਯੂਰੇਨੀਅਮ ਪੈਦਾ ਕੀਤਾ ਗਿਆ ਸੀ, 2020 ਤੱਕ ਦੁਨੀਆ ਭਰ 'ਚ ਲਗਭਗ 58 ਫ਼ੀਸਦੀ ਯੂਰੇਨੀਅਮ ਇਸ ਵਿਧੀ ਦੀ ਵਰਤੋਂ ਕਰਕੇ ਕੱਢਿਆ ਗਿਆ ਹੈ | ਇਨ-ਸੀਟੂ ਲੀਚਿੰਗ ਭੂਮੀਗਤ ਯੂਰੇਨੀਅਮ ਭੰਡਾਰਾਂ ਰਾਹੀਂ ਵਾਧੂ ਤੱਤਾਂ, ਜਿਵੇਂ ਕਿ ਕੰਪਲੈਕਸਿੰਗ ਜਾਂ ਆਕਸੀਡੈਂਟ ਏਜੰਟ ਜਾਂ ਐਸਿਡ ਦੇ ਨਾਲ ਪਾਣੀ ਨੂੰ ਘੁੰਮਾਉਂਦੀ ਹੈ | ਇਹ ਵਿਧੀ ਯੂਰੇਨੀਅਮ ਨੂੰ ਸਿੱਧਾ ਜ਼ਮੀਨ ਹੇਠ ਘੁਲਣ ਦਿੰਦੀ ਹੈ, ਨਤੀਜੇ ਵਜੋਂ ਘੋਲ ਨੂੰ ਫਿਰ ਧਰਤੀ ਹੇਠੋਂ ਕੱਢਿਆ ਜਾਂਦਾ ਹੈ ਤੇ ਯੂਰੇਨੀਅਮ ਆਕਸਾਈਡ ਜਾਂ 'ਯੈਲੋਕੇਕ' ਪੈਦਾ ਕਰਨ ਲਈ ਸ਼ੁੱਧ ਕੀਤਾ ਜਾਂਦਾ ਹੈ, ਜੋ ਕਿ ਯੂਰੇਨੀਅਮ ਸੰਸ਼ੋਧਨ ਵਿਚ ਵਰਤਿਆ ਜਾਂਦਾ ਹੈ |
ਔੜ ਤੋਂ ਰਾਜ ਭਨੋਟ
ਕਿਸੇ ਵੀ ਜ਼ਿੰਮੇਵਾਰ ਬੰਦੇ ਦੀ ਗੱਲ ਹਰ ਕੋਈ ਮੰਨ ਲੈਂਦਾ ਹੈ ਤੇ ਮੰਨਣੀ ਵੀ ਚਾਹੀਦੀ ਹੈ | ਕੈਲੀਫੋਰਨੀਆ ਦੇ ਸਮੁੱਚੇ ਪੰਜਾਬੀ ਭਾਈਚਾਰੇ 'ਚ ਰਾਜ ਭਨੋਟ ਹੋਰਾਂ ਦਾ ਬਹੁਤ ਵੱਡਾ ਸਤਿਕਾਰ ਹੈ ਤੇ ਉਸ ਨੂੰ ਨਿਮਰਤਾ ਦੀ ਮੂਰਤ ਤੇ ਹਮਦਰਦ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ | ਪਿਛਲੇ ਲੰਬੇ ਅਰਸੇ ਤੋਂ ਸੈਨਹੋਜੇ ਸ਼ਹਿਰ 'ਚ ਰਹਿ ਰਿਹਾ ਰਾਜ ਭਨੋਟ ਹਰ ਤਰ੍ਹਾਂ ਦੇ ਕਾਰਜਾਂ ਚਾਹੇ ਧਾਰਮਿਕ, ਸੱਭਿਆਚਾਰਕ, ਸੰਗੀਤਕ ਜਾਂ ਖੇਡਾਂ ਹੋਣ, ਹਰ ਜਗ੍ਹਾ ਹਾਜ਼ਰ ਹੁੰਦਾ ਹੈ | ਉਹ ਸਨੀਵੇਲ ਹਿੰਦੂ ਮੰਦਰ ਦੇ ਬਾਨੀਆਂ 'ਚੋਂ ਇਕ ਹੈ | ਇੱਥੇ ਸਭ ਧਾਰਮਿਕ ਕਾਰਜ ਰਾਜ ਭਨੋਟ ਦੀ ਰਹਿਨੁਮਾਈ 'ਚ ਹੀ ਹੁੰਦੇ ਹਨ, ਚਾਹੇ ਦੁਸਹਿਰਾ, ਦੀਵਾਲੀ ਤੇ ਹੋਲੀ ਦਾ ਤਿਉਹਾਰ ਕੋਈ ਵੀ ਹੋਵੇ | ਸੱਚੀ! ਰਾਜ ਭਨੋਟ ਅਮਰੀਕਾ 'ਚ ਸਮੂਹਿਕ ਤੇ ਭਾਈਚਾਰਕ ਤੌਰ 'ਤੇ ਪੰਜਾਬੀਆਂ ਲਈ ਮਾਣ ਕਰਨ ਵਾਲੀ ਸ਼ਖ਼ਸੀਅਤ ਹੈ | ਅੱਜਕੱਲ੍ਹ ਉਹ ਇਕ ਮੰਦਰ ਦੇ ਨਿਰਮਾਣ ਕਾਰਜਾਂ ਵਿਚ ਪਰਿਵਾਰਿਕ ਰੁਝੇਵਿਆਂ ਦੇ ਬਾਵਜੂਦ ਪੂਰੀ ਤਰ੍ਹਾਂ ਮਸ਼ਰੂਫ ਹੈ |
ਈ-ਮੇਲ : ashokbhaura0gmail.com