ਸਾਲ 2015 ਤੋਂ ਦਰਸ਼ਕਾਂ ਨੂੰ ਲਗਾਤਾਰ ਐਂਟਰਟੇਨਮੈਂਟ ਕਰ ਰਿਹਾ ਏਕਤਾ ਕਪੂਰ ਦਾ ਟੀ.ਵੀ. ਸ਼ੋਅ 'ਨਾਗਿਨ' ਹਰ ਸੀਜ਼ਨ ਦੇ ਨਾਲ ਨਵੀਆਂ ਉਚਾਈਆਂ ਛੂੰਹਦਾ ਜਾ ਰਿਹਾ ਹੈ।
ਜਿਸ ਸਮੇਂ ਏਕਤਾ ਕਪੂਰ ਨੇ ਇਹ ਟੀ.ਵੀ. ਸ਼ੋਅ ਸ਼ੁਰੂ ਕੀਤਾ ਸੀ, ਉਦੋਂ ਸ਼ਾਇਦ ਕਿਸੇ ਨੇ ਨਹੀਂ ਸੋਚਿਆ ਸੀ ਕਿ ਉਸ ਦਾ ਇਹ ਸ਼ੋਅ ਦਰਸ਼ਕਾਂ ਨੂੰ ਅਲੌਕਿਕ ਕਲਪਨਾ ਵਾਲੀ ਇਕ ਇਸ ਤਰ੍ਹਾਂ ਦੀ ਨਵੀਂ ਦੁਨੀਆ ਨਾਲ ਮਿਲਵਾਉਣ ਜਾ ਰਿਹਾ ਹੈ, ਜਿਸ ਵਿਚ ਉਹ ਉਲਝ ਕੇ ਰਹਿ ਜਾਵੇਗਾ।
ਦਰਸ਼ਕਾਂ ਨੇ ਜਦੋਂ ਪਹਿਲੀ ਵਾਰ ਮੌਨੀ ਰਾਏ ਅਤੇ ਅਦਾ ਖਾਨ ਨੂੰ ਇੱਛਾਧਾਰੀ ਨਾਗਿਨ ਦੇ ਰੂਪ ਵਿਚ ਦੇਖਿਆ ਸੀ ਤਾਂ ਉਸ ਮੰਜ਼ਰ 'ਤੇ ਸਾਰੇ ਹੈਰਾਨ ਰਹਿ ਗਏ ਸਨ। ਉਸ ਤੋਂ ਬਾਅਦ ਤੋਂ ਹੁਣ ਤੱਕ ਲਗਾਤਾਰ 11 ਸਾਲਾਂ ਤੋਂ ਇਹ ਸ਼ੋਅ ਨੀਆ ਸ਼ਰਮਾ, ਸੁਰਭੀ ਚਾਂਦਨਾ, ਅਨੀਤਾ ਹਸਨੰਦਾਨੀ, ਤੇਜਸਵੀ ਪ੍ਰਕਾਸ਼ ਅਤੇ ਹੁਣ ਪ੍ਰਿਅੰਕਾ ਚੌਧਰੀ ਚਾਹਰ ਵਰਗੀਆਂ ਨਾਗਿਨਾਂ ਦੇ ਨਾਲ ਦਰਸ਼ਕਾਂ ਨੂੰ ਭਰਪੂਰ ਐਂਟਰਟੇਨਮੈਂਟ ਕਰਦਾ ਆ ਰਿਹਾ ਹੈ।
ਇਨ੍ਹੀਂ ਦਿਨੀਂ ਇਸ ਸ਼ੋਅ ਦਾ 7ਵਾਂ ਸੀਜ਼ਨ ਟੈਲੀਕਾਸਟ ਹੋ ਰਿਹਾ ਹੈ। ਟੀ.ਆਰ.ਪੀ. ਵਿਚ ਇਸ ਨੇ ਹੁਣ ਤੱਕ ਦੇ ਸਭ ਤੋਂ ਹਰਮਨਪਿਆਰੇ ਸ਼ੋਅ 'ਅਨੁਪਮਾ' ਨੂੰ ਬਹੁਤ ਪਿੱਛੇ ਛੱਡਦੇ ਹੋਏ ਆਪਣੀ ਧਾਕ ਜਮਾ ਲਈ ਹੈ।
ਪ੍ਰਿਅੰਕਾ ਚਾਹਰ ਚੌਧਰੀ ਅਤੇ ਨਮਿਕ ਪਾਲ ਵਰਗੇ ਐਕਟਰਾਂ ਨਾਲ ਸਜਿਆ ਸੁਪਰਨੈਚੁਰਲ ਸ਼ੋਅ 'ਨਾਗਿਨ-7' ਦਰਸ਼ਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਸ਼ੋਅ ਦੇ ਇਸ ਸੀਜ਼ਨ ਦੇ ਪਹਿਲੇ ਐਪੀਸੋਡ ਤੋਂ ਹੀ ਪ੍ਰਿਅੰਕਾ ਅਤੇ ਨਮਿਕ ਸੁਰਖੀਆਂ ਵਿਚ ਆ ਗਏ ਸਨ। ਇਨ੍ਹਾਂ ਦੋਵਾਂ ਵਾਂਗ ਇਸ ਸ਼ੋਅ ਵਿਚ ਈਸ਼ਾ ਸਿੰਘ ਦੇ ਕੰਮ ਨੂੰ ਵੀ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।
'ਨਾਗਿਨ 7' ਨੂੰ ਜਿਸ ਤਰ੍ਹਾਂ ਦਰਸ਼ਕਾਂ ਦਾ ਹੁੰਗਾਰਾ ਮਿਲ ਰਿਹਾ ਹੈ, ਉਸ ਤੋਂ ਏਕਤਾ ਕਪੂਰ ਕਾਫ਼ੀ ਖੁਸ਼ ਹੈ। ਇਸ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਹਨ ਕਿ ਇਸ ਕਾਮਯਾਬੀ ਤੋਂ ਉਤਸ਼ਾਹਿਤ ਹੋ ਕੇ ਹੁਣ ਏਕਤਾ ਕਪੂਰ ਨਾਗਿਨ 'ਤੇ ਫ਼ਿਲਮ ਬਣਾਉਣ ਦੀ ਸੋਚ ਰਹੀ ਹੈ।
ਖ਼ਬਰਾਂ ਵੱਲ ਜਾਈਏ ਇਸ ਫ਼ਿਲਮ ਨੂੰ ਮਿਥਿਹਾਸਕ ਅਤੇ ਕਾਲਪਨਿਕ ਅੰਦਾਜ਼ ਵਿਚ ਵੱਡੇ ਪਰਦੇ 'ਤੇ ਦਿਖਾਏ ਜਾਣ ਦੀ ਏਕਤਾ ਕਪੂਰ ਦੇ ਬੈਨਰ ਬਾਲਾਜੀ ਟੈਲੀਫ਼ਿਲਮਜ਼ ਨੇ ਪੂਰੀ ਤਿਆਰੀ ਕਰ ਲਈ ਹੈ।
ਹਾਲਾਂਕਿ ਏਕਤਾ ਕਪੂਰ ਨੇ ਇਸ ਬਾਰੇ ਹੁਣ ਤੱਕ ਕੋਈ ਐਲਾਨ ਨਹੀਂ ਕੀਤਾ ਹੈ, ਪਰ ਪ੍ਰਸੰਸਕ ਇਸ ਖ਼ਬਰ ਨੂੰ ਸੁਣ ਕੇ ਖ਼ੁਸ਼ ਹਨ। ਪ੍ਰਸੰਸਕਾਂ ਦੀ ਦਿਲਚਸਪੀ ਇਸ ਗੱਲ ਨੂੰ ਲੈ ਕੇ ਕੇ ਹੈ ਕਿ ਜੇਕਰ ਨਾਗਿਨ 'ਤੇ ਫ਼ਿਲਮ ਬਣਦੀ ਹੈ ਤਾਂ ਇਸ ਵਿਚ ਮੁੱਖ ਐਕਟਰ ਦੇ ਤੌਰ 'ਤੇ ਕਿਹੜੀ ਅਦਾਕਾਰਾ ਨਾਗਿਨ ਬਣੇਗੀ?
-੦-