ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੂੰ ਸੱਭਿਆਚਾਰਕ ਮੇਲਿਆਂ ਦੀ ਗਾਇਕੀ ਦੇ ਬਾਦਸ਼ਾਹ ਵਜੋਂ ਜਾਣਿਆ ਜਾਂਦਾ ਹੈ। ਜਲੰਧਰ ਸ਼ਹਿਰ ਦੀ ਜੂਹ ਨਾਲ ਲੱਗਦੇ ਕਰਤਾਰਪੁਰ ਸ਼ਹਿਰ ਦੇ ਨਜ਼ਦੀਕੀ ਪਿੰਡ ਦਿਆਲਪੁਰ ਦੇ ਵਸਨੀਕ ਪਿਤਾ ਰਿਟਾਇਰਡ ਸੂਬੇਦਾਰ ਸ. ਕਰਨੈਲ ਸਿੰਘ ਤੇ ਮਾਤਾ ਬੀਬੀ ਸੁਰਿੰਦਰ ਕੌਰ ਦੇ ਪਰਿਵਾਰ ਵਿਚ ਪੈਦਾ ਹੋਏ ਦਲਵਿੰਦਰ ਨੇ ਆਪਣੇ ਗਾਇਕੀ ਦੀ ਸ਼ੁਰੂਆਤ ਬਾਰੇ ਦੱਸਿਆ ਕਿ 11ਵੀਂ 'ਚ ਪੜ੍ਹਦਿਆਂ ਹੀ ਉਸ ਨੂੰ ਭਗਤ ਨਾਮਦੇਵ ਜੀ ਦੇ ਅਸਥਾਨ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਘੁਮਾਣ ਵਿਖੇ ਇੱਕ ਗਾਇਕੀ ਪ੍ਰੋਗਰਾਮ ਦੌਰਾਨ ਗਾਉਣ ਦਾ ਮੌਕਾ ਮਿਲਿਆ, ਜਿੱਥੇ ਉਸ ਨੂੰ ਵਧੀਆ ਪੇਸ਼ਕਾਰੀ ਲਈ ਚੰਗਾ ਇਨਾਮ ਤੇ ਖੂਬ ਵਾਹ-ਵਾਹ ਮਿਲੀ। ਫਿਰ ਕੀ ਉਸ ਨੇ ਗਾਇਕੀ ਵਿਚ ਦੱਬ ਕੇ ਮਿਹਨਤਾਂ ਕਰਨੀਆ ਸ਼ੁਰੂ ਕਰ ਦਿੱਤੀਆਂ। ਉਸ ਦਾ ਕਹਿਣਾ ਹੈ ਕਿ ਉਨ੍ਹਾਂ ਵੇਲਿਆਂ 'ਚ ਖਾਸ ਕਰਕੇ ਕਲੀਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਉੱਘੇ ਗਾਇਕ ਕੁਲਦੀਪ ਮਾਣਕ ਦੀ ਗਾਇਕੀ ਉਸ ਦੇ ਜ਼ਿਹਨ ਵਿਚ ਪੂਰੀ ਤਰ੍ਹਾਂ ਘਰ ਕਰ ਚੁੱਕੀ ਸੀ। ਮਾਣਕ ਦੀ ਗਾਇਕੀ ਦਾ ਜ਼ਿਆਦਾ ਪ੍ਰਭਾਵ ਹੋਣ ਕਰਕੇ ਉਨ੍ਹਾਂ ਨੂੰ ਹੀ ਉਸ ਨੇ ਰਵਾਇਤੀ ਤੌਰ 'ਤੇ ਬਕਾਇਦਾ ਉਸਤਾਦ ਧਾਰ ਲਿਆ।
ਸੋਨੇ 'ਤੇ ਸੁਹਾਗੇ ਜਿਹੀ ਗੱਲ ਇਹ ਹੋਈ ਕਿ ਉਸ ਨੂੰ ਪ੍ਰਸਿੱਧ ਗੀਤਕਾਰ ਹਰਵਿੰਦਰ ਓਹੜਪੁਰੀ ਦੀ ਉਸ ਵੇਲੇ ਦੀ ਸੁਚੱਜੀ ਸੰਗਤ ਨੇ ਐਸੇ ਰੰਗ ਦਿਖਾਏ ਕਿ ਓਹੜਪੁਰੀ ਦਾ ਹੀ ਲਿਖਿਆ ਗੀਤ 'ਤੇਰੇ ਸ਼ਹਿਰ 'ਚੋਂ ਸੁਨੱਖਿਆ ਯਾਰਾ ਸੁਣਿਆ ਲਿਫਾਫੇ ਮੁੱਕ ਗਏ...' ਸਰੋਤਿਆਂ ਨੂੰ ਬੇਹੱਦ ਪਸੰਦ ਆ ਗਿਆ। ਫਿਰ ਐਸੀ ਚੱਲ ਸੋ ਚੱਲ ਹੋਈ ਕਿ ਹਰਮਨ ਪਿਆਰੀ ਗਾਇਕਾ ਮਿਸ ਪੂਜਾ ਨਾਲ ਡਿਊਟ ਗੀਤਾਂ ਵਿਚ 'ਮਿਰਜ਼ੇ ਦੇ ਵਾਂਗੂ', 'ਨਹੀਂ ਮੈਂ ਸੌਣਾ ਮੈਂ...' ਤੇ ਗੀਤ 'ਨੇਰ੍ਹੀਆਂ ਲਿਆ ਦਊਂ ਬਿੱਲੋ ਨੇਰ੍ਹੀਆਂ' ਤੇ ਧੰਮੀ ਹੇਰਾਂ ਵਾਲੇ ਦਾ ਲਿਖਿਆ ਗੀਤ 'ਆਖਣ ਯਾਰ ਬੜੇ ਪਰ ਖੜ੍ਹਦਾ ਇਥੇ ਕੋਈ' ਤੋਂ ਇਲਾਵਾ 'ਖੜ੍ਹਾ ਖਲੋਤਾ ਮਿਲ ਜਾ ਪਾਲੋ ਚੇਤੇ ਕਰਦੀ ਆ' ਆਦਿ ਦੇਸ਼-ਵਿਦੇਸ਼ ਦੇ ਪ੍ਰੋਗਰਾਮ ਦੌਰਾਨ ਰੱਜ ਕੇ ਸਰੋਤਿਆਂ ਵਲੋਂ ਪਸੰਦ ਕੀਤੇ ਗਏ। ਗੀਤਕਾਰਾਂ 'ਚੋਂ ਜ਼ਿਆਦਾ ਕਰਕੇ ਉਸ ਨੂੰ ਹਰਵਿੰਦਰ ਓਹੜਪੁਰੀ, ਪਾਲ ਫਿਆਲੀ ਵਾਲਾ, ਜੱਗਾ ਚੌਕੀਮਾਨ, ਬੱਲ ਬੁਤਾਲੇ ਵਾਲਾ, ਤਜਿੰਦਰ, ਦਲਜੀਤ ਚੌਹਾਨ, ਮਲਕੀਤ ਮਾਹੀ, ਸਰਬਜੀਤ ਜੰਬਾ ਦੇ ਲਿਖੇ ਗੀਤ ਗਾਉਣ ਦਾ ਮੌਕਾ ਮਿਲਿਆ। ਹਾਲ ਹੀ ਵਿਚ ਆਏ ਉਸ ਦੇ ਨਵੇਂ ਗੀਤਾਂ ਬਾਰੇ ਜ਼ਿਕਰ ਕਰਦੇ ਦੱਸਿਆ ਕਿ ਗੀਤ 'ਜਾਨ ਵਾਰੀਏ...' 'ਤੂਫ਼ਾਨ ਆ ਗਿਆ' ਅਤੇ 'ਬੁਲਟ' ਗੀਤਾਂ ਦੇ ਵੀਡੀਓ ਤੇ ਗਾਇਕੀ ਸਰੋਤਿਆਂ ਦੀ ਚੰਗੀ ਵਾਹ-ਵਾਹ ਖੱਟ ਰਹੇ ਹਨ।
ਉਸ ਦਾ ਕਹਿਣਾ ਹੈ ਕਿ ਸਬਰ, ਸੰਤੋਖ ਨਾਲ ਕੀਤੀਆਂ ਮਿਹਨਤਾਂ ਰੰਗ ਜ਼ਰੂਰ ਦਿਖਾਉਂਦੀਆਂ ਹਨ ਦੇ ਫਲਸਰੂਪ ਭਾਰਤ ਸਰਕਾਰ ਦੇ ਡਾਕ ਵਿਭਾਗ ਵੱਲੋਂ ਉਸ ਦੇ ਨਾਂਅ 'ਤੇ ਟਿਕਟ ਜਾਰੀ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਉਸ ਦੀ ਵਧੀਆ ਗਾਇਕੀ ਤੇ ਸਮਾਜਿਕ ਸੇਵਾਵਾਂ 'ਚੋਂ ਕੋਵਿਡ ਕਾਲ ਦੌਰਾਨ ਅਤੇ ਪਿਛਲੇ ਸਾਲ ਆਏ ਹੜ੍ਹਾਂ ਦੌਰਾਨ ਅਣਥੱਕ ਸੇਵਾਵਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਵਲੋਂ 15 ਅਗਸਤ ਅਤੇ 26 ਜਨਵਰੀ ਦੇ ਮੌਕਿਆਂ 'ਤੇ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪਰਿਵਾਰਕ ਫੁਲਵਾੜੀ 'ਚੋਂ ਮਾਤਾ ਸੁਰਿੰਦਰ ਕੌਰ, ਪਤਨੀ ਜਸਵਿੰਦਰ ਕੌਰ, ਦੋ ਬੇਟੇ ਹਰਸਿਮਰਨਜੀਤ ਸਿੰਘ ਤੇ ਹਰਮਨਜੋਤ ਸਿੰਘ ਅਤੇ ਬੇਟੀ ਅਕਾਸ਼ਦੀਪ ਕੌਰ ਦੇ ਮੋਹ ਪਿਆਰ ਦਾ ਨਿੱਘ ਮਾਣ ਰਿਹਾ ਹੈ ਦਿਆਲਪੁਰੀ।
ਮੇਲਿਆਂ ਦੀ ਗਾਇਕੀ ਦਾ ਬਾਦਸ਼ਾਹ - ਦਲਵਿੰਦਰ ਦਿਆਲਪੁਰੀ ਦਮਦਾਰ ਤੇ ਬੁਲੰਦ ਆਵਾਜ਼ ਵਾਲੇ
ਅਜੀਤ ਡੈਸਕ
11-03-2026