06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਕੱਲ੍ਹ ਜਨਮ ਦਿਨ 'ਤੇ ਵਿਸ਼ੇਸ਼-ਭਾਰਤੀ ਸਿਨੇਮਾ ਦਾ ਪਿਤਾਮਾ ਸੀ ਦਾਦਾ ਸਾਹਿਬ ਫ਼ਾਲਕੇ

Ad Position 21
No active advertisement
ਅਜੀਤ ਡੈਸਕ 29-04-2026

ਬਾਲੀਵੁੱਡ ਦੇ ਜਨਮਦਾਤਾ ਧੁੰਢੀਰਾਜ ਗੋਵਿੰਦ ਫ਼ਾਲਕੇ ਜਿਨ੍ਹਾਂ ਨੂੰ ਸੰਸਾਰ ਭਰ ਵਿਚ 'ਦਾਦਾ ਸਾਹਿਬ ਫ਼ਾਲਕੇ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਅਸਲ ਵਿਚ ਬਾਲੀਵੁੱਡ ਦੀ ਸਭ ਤੋਂ ਪਹਿਲੀ ਫ਼ੀਚਰ ਫ਼ਿਲਮ 'ਰਾਜਾ ਹਰੀਸ਼ ਚੰਦਰ' ਦੇ ਲੇਖਕ, ਨਿਰਮਾਤਾ ਤੇ ਨਿਰਦੇਸ਼ਕ ਸਨ। ਉਨ੍ਹਾਂ ਦੀ ਇਸ ਫ਼ਿਲਮ ਦਾ ਪ੍ਰੀਮੀਅਰ ਮੁੰਬਈ ਦੇ 'ਓਲੰਪੀਆ ਥੀਏਟਰ ' ਵਿਖੇ 21 ਅਪ੍ਰੈਲ, 1913 ਨੂੰ ਹੋਇਆ ਸੀ ਤੇ 3 ਮਈ, 1913 ਨੂੰ ਗੋਰੇਗਾਂਵ ਦੇ ਕੋਰੋਨੇਸ਼ਨ ਥੀਏਟਰਜ਼ ਵਿਖੇ ਇਹ ਫ਼ਿਲਮ ਪਹਿਲੀ ਵਾਰ ਰਿਲੀਜ਼ ਕੀਤੀ ਗਈ ਸੀ। ਇਹ ਫ਼ਿਲਮ ਸੁਪਰਹਿੱਟ ਰਹੀ ਸੀ ਤੇ ਫ਼ਿਲਮ ਦੀ ਸਫ਼ਲਤਾ ਅਤੇ ਕਮਾਈ ਨੇ ਦਾਦਾ ਫ਼ਾਲਕੇ ਨੂੰ ਹੋਰ ਫ਼ਿਲਮਾਂ ਬਣਾਉਣ ਲਈ ਪ੍ਰੇਰਿਤ ਕੀਤਾ ਸੀ। ਫਿਰ ਅਗਲੇ ਚੰਦ ਸਾਲਾਂ ਵਿਚ ਦਾਦਾ ਫ਼ਾਲਕੇ ਨੇ 'ਮੋਹਿਨੀ ਭਸਮਾਸੁਰ', 'ਸੱਤਿਆਵਾਨ ਸਾਵਿੱਤਰੀ', 'ਕਾਲੀਆ ਮਰਦਨ', 'ਲੰਕਾ ਦਹਿਨ', 'ਬੁੱਧਦੇਵ', 'ਸੰਤ ਨਾਮਦੇਵ', 'ਗੰਗਾ ਅਵਤਰਣ', 'ਸ੍ਰੀ ਕ੍ਰਿਸ਼ਨ ਜਨਮ' ਅਤੇ 'ਸੇਤੂਬੰਧਨ' ਆਦਿ ਸਮੇਤ ਕੁੱਲ 95 ਵੱਡੀਆਂ ਅਤੇ 27 ਲਘੂ ਫ਼ਿਲਮਾਂ ਬਣਾ ਕੇ ਭਾਰਤੀ ਸਿਨੇਮਾ ਦਾ ਖ਼ਜ਼ਾਨਾ ਅਮੋਲਕ ਮੋਤੀਆਂ ਨਾਲ ਭਰ ਦਿੱਤਾ ਸੀ।
ਦਾਦਾ ਸਾਹਿਬ ਫ਼ਾਲਕੇ ਦਾ ਜਨਮ 30 ਅਪ੍ਰੈਲ, 1870 ਨੂੰ ਉਸ ਵਕਤ ਬੰਬਈ ਕਹਾਉਂਦੇ ਖੇਤਰ ਵਿਚਲੇ 'ਤ੍ਰਿੰਬਕ' ਨਾਮਕ ਸਥਾਨ 'ਤੇ ਹੋਇਆ ਸੀ। ਉਨ੍ਹਾਂ ਦੀ ਮਾਤਾ ਦਾ ਨਾਂਅ ਦਾਦਾ ਦੁਆਰਕਾ ਬਾਈ ਅਤੇ ਪਿਤਾ ਦਾ ਨਾਂਅ ਸ੍ਰੀ ਗੋਵਿੰਦ ਸਦਾਸ਼ਿਵ ਫ਼ਾਲਕੇ ਸੀ ਜੋ ਕਿ ਸੰਸਕ੍ਰਿਤ ਦੇ ਇਕ ਵਿਦਵਾਨ ਪੰਡਿਤ ਸਨ। ਸੰਨ 1892 ਵਿਚ ਦਾਦਾ ਸਾਹਿਬ ਨੂੰ ਸ਼ਾਨਦਾਰ 'ਮਾਡਲ ਆਫ਼ ਆਰਟ' ਬਣਾਉਣ ਲਈ ਗੁਜਰਾਤ ਦੇ ਅਹਿਮਦਾਬਾਦ ਵਿਖੇ ਕਰਵਾਏ ਗਏ ਇਕ ਕਲਾ ਮੁਕਾਬਲੇ ਵਿੱਚ ਸੋਨ ਤਗ਼ਮਾ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਇਥੇ ਹੀ ਬਸ ਨਹੀਂ, ਇਸ ਸ਼ਾਨਦਾਰ ਪ੍ਰਾਪਤੀ ਲਈ ਉਨ੍ਹਾਂ ਦੀ ਕਲਾ ਦੇ ਇਕ ਦੀਵਾਨੇ ਨੇ ਉਸ ਨੂੰ ਇਕ ਮਹਿੰਗਾ ਵਿਦੇਸ਼ੀ ਕੈਮਰਾ ਵੀ ਭੇਟ ਕਰ ਦਿੱਤਾ ਸੀ ਜੋ ਉਨ੍ਹਾਂ ਦੀ ਫ਼ੋਟੋਗ੍ਰਾਫ਼ੀ ਦੀ ਕਲਾ ਨੂੰ ਨਿਖਾਰਨ ਦਾ ਵੱਡਾ ਸਾਧਨ ਹੋ ਨਿੱਬੜਿਆ ਸੀ। ਇਸ ਉਪਰੰਤ ਦਾਦਾ ਫ਼ਾਲਕੇ ਨੇ ਫ਼ੋਟੋ ਪ੍ਰਿੰਟ ਤਿਆਰ ਕਰਨਾ ਸਿਖਾਉਣ ਵਾਲਾ ਛੇ ਮਹੀਨੇ ਦਾ ਇਕ ਕੋਰਸ ਵੀ ਕੀਤਾ ਤੇ ਉਸ ਵੇਲੇ ਦੇ ਮਸ਼ਹੂਰ ਫ਼ੋਟੋਗ੍ਰਾਫ਼ਰ ਬਾਬੂ ਲਾਲ ਵੇਰੂਵਲਕਰ ਕੋਲੋਂ ਫ਼ੋਟੋਗ੍ਰਾਫ਼ੀ ਦੀ ਕਲਾ ਹੋਰ ਅਹਿਮ ਨੁਕਤੇ ਵੀ ਸਿੱਖੇ। ਕਹਿਣ ਦਾ ਭਾਵ ਇਹ ਕਿ ਆਪਣੀ ਕਲਾ ਨਿਖਾਰਨ ਲਈ ਦਾਦਾ ਫ਼ਾਲਕੇ ਲਗਾਤਾਰ ਅਧਿਐਨ ਅਤੇ ਤਜਰਬੇ ਕਰਦੇ ਰਹੇ ਸਨ।
ਸੰਨ 1895 ਵਿਚ ਦਾਦਾ ਫ਼ਾਲਕੇ ਨੇ ਇਕ ਪ੍ਰੋਫ਼ੈਸ਼ਨਲ ਫ਼ੋਟੋਗ੍ਰਾਫ਼ਰ ਬਣਨ ਦਾ ਮਨ ਬਣਾਇਆ ਤੇ ਗੁਜਰਾਤ ਦੇ ਸ਼ਹਿਰ ਗੋਧਰਾ ਜਾ ਪੁੱਜੇ। ਕੁਝ ਸਮਾਂ ਤਾਂ ਕੰਮ ਠੀਕ ਠਾਕ ਚੱਲਿਆ ਪਰ ਮੁਸੀਬਤਾਂ ਨੇ ਦਾਦਾ ਫ਼ਾਲਕੇ ਨੂੰ ਆਣ ਘੇਰਿਆ ਤੇ ਉਨ੍ਹਾਂ ਦਾ ਚੰਗਾ ਭਲਾ ਚੱਲ ਰਿਹਾ ਫ਼ੋਟੋਗ੍ਰਾਫ਼ੀ ਦਾ ਧੰਦਾ ਪੂਰੀ ਤਰ੍ਹਾ ਠੱਪ ਹੋ ਗਿਆ। ਹਾਲਾਤ ਇੰਨੇ ਬਦਤਰ ਹੋ ਗਏ ਕਿ ਬੱਚਿਆਂ ਦਾ ਪੇਟ ਪਾਲਣ ਲਈ ਦਾਦਾ ਫ਼ਾਲਕੇ ਨੇ ਨਾਟਕ ਕੰਪਨੀਆਂ ਵਲੋਂ ਸਟੇਜ 'ਤੇ ਵਰਤੇ ਜਾਂਦੇ ਵੱਖ-ਵੱਖ ਦ੍ਰਿਸ਼ਾਂ ਨੂੰ ਦਰਸਾਉਂਦੇ ਪਰਦੇ ਪੇਂਟ ਕਰਨੇ ਸ਼ੁਰੂ ਕਰ ਦਿੱਤੇ। ਇਹ ਕੰਮ ਮਿਲਿਆ ਤਾਂ ਮਜਬੂਰੀਵੱਸ ਸੀ ਪਰ ਇਸ ਕੰਮ ਨੇ ਦਾਦਾ ਫ਼ਾਲਕੇ ਨੂੰ ਨਾਟਕ ਕੰਪਨੀਆਂ ਦੇ ਸੰਪਰਕ ਵਿਚ ਲੈ ਆਂਦਾ ਤੇ ਨਾਟਕ ਵੇਖਦਿਆਂ ਅਤੇ ਨਾਟਕ ਕੰਪਨੀਆਂ ਲਈ ਪਰਦੇ ਪੇਂਟ ਕਰਨ ਦਾ ਕੰਮ ਕਰਦਿਆਂ-ਕਰਦਿਆਂ ਉਨ੍ਹਾਂ ਨੂੰ ਨਾਟਕ ਲੇਖਣ ਅਤੇ ਅਦਾਕਾਰੀ ਕਰਨ ਦੇ ਗੁਰ ਸਿਖਾ ਦਿੱਤੇ ਜੋ ਬਾਅਦ ਵਿਚ ਫ਼ਿਲਮ ਬਣਾਉਣ ਵੇਲੇ ਉਨ੍ਹਾਂ ਦੇ ਬਹੁਤ ਕੰਮ ਆਏ। ਚੇਤੇ ਰਹੇ ਕਿ ਸੰਨ 1931 ਤੱਕ ਭਾਰਤ ਵਿਚ ਬਿਨਾਂ ਆਵਾਜ਼ ਵਾਲੀਆਂ ਫ਼ਿਲਮਾਂ ਹੀ ਬਣੀਆਂ ਸਨ ਜਿਨ੍ਹਾਂ ਵਿਚੋਂ ਬਹੁਤੀਆਂ ਦਾਦਾ ਫ਼ਾਲਕੇ ਨੇ ਬਣਾਈਆਂ ਸਨ। ਸੰਨ 1931 ਵਿਚ ਫ਼ਿਲਮਕਾਰ ਆਰਦੇਸ਼ਹੀਰ ਈਰਾਨੀ ਨੇ ਭਾਰਤੀ ਸਿਨੇਮਾ ਦੀ ਪਹਿਲੀ ਬੋਲਦੀ ਫ਼ਿਲਮ 'ਆਲਮਆਰਾ' ਬਣਾ ਕੇ ਇਕ ਨਵੇਂ ਯੁੱਗ ਦਾ ਆਰੰਭ ਕੀਤਾ ਸੀ ਤੇ ਦਾਦਾ ਫ਼ਾਲਕੇ ਨੇ ਵੀ ਸਮੇਂ ਨਾਲ ਕਦਮ ਮਿਲਾਉਂਦਿਆਂ ਹੋਇਆਂ ਆਪਣੇ ਕਰੀਅਰ ਦੀ ਪਹਿਲੀ ਬੋਲਦੀ ਫ਼ਿਲਮ 'ਗੰਗਾ ਅਵਤਰਣ' ਦਾ ਨਿਰਮਾਣ ਢਾਈ ਲੱਖ ਰੁਪਏ ਦੀ ਲਾਗਤ ਨਾਲ ਸੰਨ 1937 ਵਿਚ ਕੀਤਾ ਸੀ। ਇਹ ਫ਼ਿਲਮ 6 ਅਗਸਤ, 1937 ਨੂੰ ਬੰਬਈ ਦੇ 'ਰਾਇਲ ਓਪੇਰਾ ਹਾਊਸ' ਵਿਖੇ ਰਿਲੀਜ਼ ਹੋਈ ਸੀ ਪਰ ਦਰਸ਼ਕਾਂ ਦੀ ਕਸਵੱਟੀ 'ਤੇ ਖਰ੍ਹੀ ਨਹੀਂ ਉੱਤਰ ਸਕੀ ਸੀ। ਅਖ਼ੀਰ 16 ਫ਼ਰਵਰੀ, 1944 ਨੂੰ ਭਾਰਤੀ ਸਿਨੇਮਾ ਦੇ ਇਸ ਮਹਾਨ ਜਨਮਦਾਤਾ ਦਾਦਾ ਸਾਹਿਬ ਫ਼ਾਲਕੇ ਦਾ ਨਾਸਿਕ ਵਿਖੇ ਦਿਹਾਂਤ ਹੋ ਗਿਆ ਸੀ। ਇਸ ਮਹਾਨ ਫ਼ਿਲਮਕਾਰ ਦੀ ਯਾਦ ਅਤੇ ਯੋਗਦਾਨ ਨੂੰ ਸਮਰਪਿਤ ਕਰਕੇ ਭਾਰਤ ਸਰਕਾਰ ਨੇ ਬਾਲੀਵੁੱਡ ਦਾ ਸਭ ਤੋਂ ਵੱਡਾ ਸਨਮਾਨ 'ਦਾਦਾ ਸਾਹਿਬ ਫ਼ਾਲਕੇ ਪੁਰਸਕਾਰ' ਸੰਨ 1969 ਵਿਚ ਸਥਾਪਿਤ ਕਰ ਦਿੱਤਾ ਸੀ।

410, ਚੰਦਰ ਨਗਰ, ਬਟਾਲਾ।

Ad Position 22
No active advertisement
ਪਿਛਲੀ ਖ਼ਬਰ ਮੈਂ ਨਾਟਕਾਂ ਤੋਂ ਪ੍ਰਭਾਵਿਤ ਹੋ ਕੇ ਫ਼ਿਲਮਾਂ 'ਚ ਆਈ ਸੀ-ਪੰਮੀ ਸਿੱਧੂ ਅਗਲੀ ਖ਼ਬਰ ਬੱਪੀ ਲਹਿਰੀ ਅਤੇ ਉਸ ਦੇ ਸੋਨੇ ਦੇ ਜਨੂੰਨ ਦੇ ਅਣਸੁਣੇ ਕਿੱਸੇ
Ad Position 24