ਪੰਜਾਬੀ ਫ਼ਿਲਮ ਜਗਤ ਵਿਚ ਆਪਣੀ ਚੰਗੀ ਅਦਾਕਾਰੀ ਤੇ ਪ੍ਰਭਾਵਸ਼ਾਲੀ ਅੰਦਾਜ਼ ਵਿਚ ਵਿਚਰਨ ਵਾਲੇ ਮਰਹੂਮ ਅਦਾਕਾਰ ਵਰਿੰਦਰ ਨਾਲ ਕਈ ਫ਼ਿਲਮਾਂ ਕਰਕੇ ਅਭਿਨੈ ਪ੍ਰਤੀ ਕਾਫ਼ੀ ਕੁਝ ਸਿੱਖਣ ਦਾ ਮੌਕਾ ਮਿਲਿਆ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਚੰਡੀਗੜ੍ਹ ਵਿਖੇ ਰੰਗ ਮੰਚ, (ਥੀਏਟਰ) ਅਤੇ ਫ਼ਿਲਮਾਂ ਦੇ ਜ਼ਰੀਏ ਆਪਣੀ ਨਿਵੇਕਲੀ ਪਛਾਣ ਬਣਾਉਣ ਵਾਲੀ ਅਦਾਕਾਰਾ ਪੰਮੀ ਸਿੱਧੂ ਨੇ ਵਲੋਂ ਸਾਂਝੀ ਕੀਤੀ ਗਈ। ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਦੇ ਪਿਛੋਕੜ ਨਾਲ ਸੰਬੰਧ ਰੱਖਣ ਵਾਲੀ ਤੇ ਅੱਜਕਲ੍ਹ ਚੰਡੀਗੜ੍ਹ ਵਿਚ ਵਿਚਰ ਰਹੀ ਪੰਮੀ ਸਿੱਧੂ ਦੱਸਿਆ ਕਿ ਜਦੋਂ ਉਹ ਲੁਧਿਆਣਾ ਵਿਖੇ ਖ਼ਾਲਸਾ ਕਾਲਜ ਵਿਚ ਬੀ.ਏ ਦੀ ਵਿਦਿਆਰਥਣ ਸੀ, ਉਸ ਸਮੇਂ ਹੀ ਉਸ ਵਲੋਂ ਕਾਲਜ ਦੇ ਤਕਰੀਬਨ ਹਰ ਫ਼ੈਸਟੀਵਲ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਰਿਹਾ। ਐਮ.ਏ ਅੰਗਰੇਜ਼ੀ ਅਤੇ ਪੁਰਾਤਨ ਇਤਿਹਾਸ ਵਿਚ ਐਮ.ਏ ਦੀ ਪੜ੍ਹਾਈ ਦੇ ਨਾਲ- ਨਾਲ ਐਮ.ਫਿਲ ਕਰਦਿਆਂ ਵੀ ਉਸ ਦਾ ਲਗਾਓ ਰੰਗ ਮੰਚ ਪ੍ਰਤੀ ਬਰਾਬਰ ਰਿਹਾ। ਚੰਡੀਗੜ੍ਹ ਵਿਖੇ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥਨ ਹੁੰਦੇ ਹੋਏ ਉਨ੍ਹਾਂ ਰੰਗ ਮੰਚ ਦੇ ਨਾਲ ਨਾਲ ਗਾਇਕੀ, ਰਾਈਫ਼ਲ ਸ਼ੂਟਿੰਗ ਅਤੇ ਐਨ.ਸੀ.ਸੀ ਆਦਿ ਗਤੀਵਿਧੀਆਂ ਵਿਚ ਵੀ ਉਹ ਬਰਾਬਰ ਸਰਗਰਮ ਰਹੀ। ਇਸੇ ਦੌਰਾਨ ਉਸ ਨੂੰ ਪ੍ਰਸਿੱਧ ਹਾਸਰਸ ਅਦਾਕਾਰ ਮਰਹੂਮ ਸੁਰਿੰਦਰ ਸ਼ਰਮਾ ਨਾਲ ਕਾਫ਼ੀ ਪੇਸ਼ਕਾਰੀਆਂ ਕਾਰਨ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਜਿਸ ਨਾਲ ਉਸ ਦਾ ਫ਼ਿਲਮੀ ਖੇਤਰ ਵਿਚ ਪ੍ਰਵੇਸ਼ ਪਾਉਣਾ ਸੌਖਾ ਹੋ ਗਿਆ। ਉਨ੍ਹਾਂ ਇਹ ਦੱਸਦੇ ਹੋਏ ਖ਼ੁਸ਼ੀ ਜ਼ਾਹਿਰ ਕੀਤੀ ਕਿ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਉਤਸਵਾਂ ਦੌਰਾਨ ਉਹ ਪੰਜਾਬ ਦੇ ਲੋਕ ਨਾਚ ਗਿੱਧੇ ਦੀਆਂ ਪੇਸ਼ਕਾਰੀਆਂ ਵਿਚ ਵੀ ਮੋਹਰੀ ਹੋ ਨਿੱਬੜੀ, ਜਿਸ ਦੀ ਬਦੌਲਤ ਉਸ ਨੂੰ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਕੱਚ ਦੀਆਂ ਮੁੰਦਰਾਂ ਆਦਿ ਦਾ ਹਿੱਸਾ ਬਣਨ ਦੇ ਨਾਲ ਨਾਲ ਮਰਹੂਮ ਬਹੁਪੱਖੀ ਫ਼ਨਕਾਰ ਜਸਪਾਲ ਭੱਟੀ ਦੇ ਟੀ.ਵੀ. ਸ਼ੋਅ 'ਰੰਗ 'ਚ ਭੰਗ' ਤੇ ਜਲੰਧਰ ਦੂਰਦਰਸ਼ਨ ਤੋਂ ਸਰਦੂਲ ਅਟਵਾਲ ਦੀ ਪੇਸ਼ਕਾਰੀ ਅਤੇ ਸੁਰਿੰਦਰ ਸ਼ਰਮਾ ਨਾਲ 'ਪਾਰੋਂ' ਦੀ ਪੇਸ਼ਕਾਰੀ ਰਾਹੀਂ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੌਰਾਨ ਦਰਸ਼ਕਾਂ 'ਚ ਆਪਣੀ ਵਧੀਆ ਪਛਾਣ ਬਣਾਉਣ 'ਚ ਸਫਲ ਰਹੀ। ਨਿਰਮਾਤਾ ਨਿਰਦੇਸ਼ਕ ਅਤੇ ਅਦਾਕਾਰ ਵਰਿੰਦਰ ਨਾਲ ਆਪਣੀ ਪਹਿਲੀ ਫ਼ਿਲਮ 'ਯਾਰੀ ਜੱਟ ਦੀ' ਰਾਹੀਂ ਵੱਡੇ ਪਰਦੇ 'ਤੇ ਆਈ ਸੀ। ਉਪਰੰਤ ਨਿਰਮਾਤਾ ਨਿਰਦੇਸ਼ਕ ਇਕਬਾਲ ਢਿੱਲੋਂ ਦੀ ਫ਼ਿਲਮ 'ਸੁੱਖਾ' ਦਾ ਵੀ ਉਹ ਹਿੱਸਾ ਬਣੀ। ਜਸਪਾਲ ਭੱਟੀ ਨਾਲ ਫ਼ਿਲਮ 'ਮਾਹੌਲ ਠੀਕ ਹੈ' ਰਾਹੀਂ ਵੀ ਉਹ ਦਰਸ਼ਕਾਂ ਦੇ ਸਨਮੁੱਖ ਹੋਈ। ਉਨ੍ਹਾਂ ਇਹ ਵੀ ਦੱਸਿਆ ਕਿ 'ਸਰਪੰਚ' ਫ਼ਿਲਮ ਵੀ ਉਨ੍ਹਾਂ ਦੀ ਯਾਦ ਵਿਚ ਹਮੇਸ਼ਾ ਤਰੋ -ਤਾਜ਼ਾ ਰਹਿੰਦੀ ਹੈ। ਪ੍ਰਸਿੱਧ ਨਾਟਕਕਾਰ ਮਰਹੂਮ ਹਰਚਰਨ ਸਿੰਘ ਦੇ ਬੇਟੇ ਹਰਬਖ਼ਸ਼ ਲਾਟਾ ਨਾਲ ਫ਼ਿਲਮ 'ਇਸ਼ਕ ਨਾ ਪੁੱਛੇ ਜਾਤ' ਨੇ ਵੀ ਉਸ ਲਈ ਨਿਵੇਕਲੇ ਰਾਹ ਖੋਲ੍ਹੇ। ਪੰਮੀ ਸਿੱਧੂ ਨੇ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਵਾਰਤਕ ਦੇ ਨਾਲ ਨਾਲ ਕਵਿਤਾਵਾਂ ਲਿਖਣ ਵਿਚ ਵੀ ਕਾਫ਼ੀ ਰੁਚੀ ਹੈ। ਉਨ੍ਹਾਂ ਦੱਸਿਆ ਕਿ ਉਹ ਸੰਗੀਤ ਪ੍ਰਤੀ ਵੀ ਕਾਫ਼ੀ ਦਿਲਚਸਪੀ ਰੱਖਦੀ ਗਈ ਹੈ ਪ੍ਰੰਤੂ ਪੁਰਾਣੇ ਪੰਜਾਬੀ ਅਤੇ ਹਿੰਦੀ ਗੀਤਾਂ ਨੂੰ ਵਧੇਰੇ ਪਸੰਦ ਕਰਦੀ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਤਬਦੀਲੀ ਨਾਲ ਕਾਫ਼ੀ ਕੁਝ ਬਦਲਦਾ ਰਹਿੰਦਾ ਹੈ ਪ੍ਰੰਤੂ ਪੰਜਾਬੀ ਪਰਿਵਾਰ ਆਪਣੀ ਅਜੋਕੀ ਪੀੜ੍ਹੀ ਨੂੰ ਆਪਣੀ ਬੋਲੀ ਅਤੇ ਸੱਭਿਆਚਾਰ ਨਾਲ ਜੋੜਨ ਲਈ ਵਿਦੇਸ਼ਾਂ ਵਿਚ ਜ਼ਰੂਰ ਯਤਨਸ਼ੀਲ ਹਨ ਪਰ ਸਾਡੇ ਪੰਜਾਬ ਵਿਚ ਅਜੋਕੀ ਪੀੜ੍ਹੀ ਸੋਸ਼ਲ ਮੀਡੀਏ ਦੇ ਪ੍ਰਭਾਵ ਹੇਠ ਵਧੇਰੇ ਹੈ। ਇਕ ਸਵਾਲ ਦੇ ਜਵਾਬ ਵਿਚ ਪੰਮੀ ਸਿੱਧੂ ਨੇ ਕਿਹਾ ਕਿ ਇਨਸਾਨੀ ਰਿਸ਼ਤਿਆਂ 'ਤੇ ਆਧਾਰਤ ਫ਼ਿਲਮਾਂ ਦਾ ਨਿਰਮਾਣ ਕਰਨਾ ਹੁਣ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਣਮੱਤੀ ਵਿਰਾਸਤ ਤੇ ਸੱਭਿਆਚਾਰਕ ਗਤੀ-ਵਿਧੀਆਂ ਪ੍ਰਤੀ ਅਜੋਕੀ ਨੌਜਵਾਨ ਪੀੜ੍ਹੀ ਨੂੰ ਜੋੜਨਾ ਚਾਹੀਦਾ ਹੈ । ਪੰਮੀ ਸਿੱਧੂ ਨੇ ਇਹ ਵੀ ਕਿਹਾ ਪੰਜਾਬੀ ਵਿਰਸੇ, ਪੰਜਾਬੀ ਭਾਸ਼ਾ, ਅਤੇ ਪੰਜਾਬੀ ਜ਼ੁਬਾਨ ਵਿਚ ਆਪਣਾਪਨ ਵਧੇਰੇ ਹੈ। ਪੰਮੀ ਸਿੱਧੂ ਦਾ ਇਹ ਵੀ ਕਹਿਣਾ ਹੈ ਕਿ ਉਹ ਹੁਣ ਵੀ ਸਾਰਥਿਕ ਭੂਮਿਕਾਵਾਂ ਨਿਭਾਉਣ ' ਚ ਵਧੇਰੇ ਰੀਝ ਰੱਖਦੀ ਹੈ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਤਕਨੋਲਜੀ ਦੇ ਇਸ ਯੁੱਗ ਵਿਚ ਸਾਡੇ ਰਿਸ਼ਤੇ-ਨਾਤੇ ਅਤੇ ਆਪਸੀ ਸਾਂਝਾਂ ਨੂੰ ਜ਼ਰੂਰ ਖੋਰਾ ਲੱਗਿਆ ਹੈ, ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਰਿਸ਼ਤਿਆਂ ਦੀ ਸਾਂਝ ਨਾਲ ਹੀ ਰਿਸ਼ਤਿਆਂ 'ਚ ਆਪਣਾਪਣ ਪੈਦਾ ਹੁੰਦਾ ਹੈ।
-ਚੰਡੀਗੜ੍ਹ।