ਛੋਟੇ ਪਰਦੇ ਦੀ ਅਦਾਕਾਰਾ ਪਲਕ ਤਿਵਾੜੀ ਨੇ ਸੰਗੀਤ ਵੀਡੀਓ 'ਬਿਜਲੀ' ਤੋਂ ਪ੍ਰਸਿੱਧੀ ਹਾਸਿਲ ਕਰਨ ਤੋਂ ਬਾਅਦ ਸਲਮਾਨ ਖਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੀ ਇਕ ਛੋਟੀ ਜਿਹੀ ਭੂਮਿਕਾ ਤੋਂ ਬਾਲੀਵੁੱਡ ਵਿਚ ਸ਼ੁਰੂਆਤ ਕੀਤੀ। ਅਦਾਕਾਰਾ ਬਣਨ ਤੋਂ ਪਹਿਲਾਂ ਪਲਕ ਨੇ ਕੁਝ ਸਮੇਂ ਲਈ ਬਤੌਰ ਸਹਾਇਕ ਨਿਰਦੇਸ਼ਕ ਵੀ ਕੰਮ ਕੀਤਾ ਹੈ। ਪਲਕ ਤਿਵਾੜੀ ਫ਼ਿਲਮ 'ਰੋਜ਼ੀ : ਦ ਸੈਫਰਨ ਚੈਪਟਰ' ਵਿਚ ਵੀ ਕੰਮ ਕਰ ਚੁੱਕੀ ਹੈ, ਜਿਸ ਦੀ ਰਿਲੀਜ਼ ਲੰਮੇ ਸਮੇਂ ਤੋਂ ਵਾਰ-ਵਾਰ ਟਲਦੀ ਆ ਰਹੀ ਹੈ। ਇਸ ਤੋਂ ਇਲਾਵਾ ਉਹ 1 ਮਈ, 2025 ਨੂੰ ਰਿਲੀਜ਼ ਫ਼ਿਲਮ 'ਦ ਵਰਜਿਨ ਟ੍ਰੀ' ਵਿਚ ਸੰਜੈ ਦੱਤ ਨਾਲ ਵੀ ਸਕ੍ਰੀਨ ਸਾਂਝੀ ਕਰ ਚੁੱਕੀ ਹੈ। 8 ਅਕਤੂਬਰ, 2000 ਨੂੰ ਮੁੰਬਈ ਵਿਚ ਜਨਮੀ ਪਲਕ ਦੀ ਮਾਂ ਸ਼ਵੇਤਾ ਤਿਵਾੜੀ ਟੀ.ਵੀ. ਦੀ ਦੁਨੀਆ ਦੀ ਮੰਨੀ-ਪ੍ਰਮੰਨੀ ਅਦਾਕਾਰਾ ਹੈ। ਪਿਤਾ ਰਾਜਾ ਚੌਧਰੀ ਭੋਜਪੁਰੀ ਇੰਡਸਟਰੀ ਦੇ ਨਾਮੀ ਅਦਾਕਾਰ ਹਨ। ਪਲਕ ਨੂੰ ਬਚਪਨ ਵਿਚ ਹੀ ਆਪਣੇ ਮਾਪਿਆਂ ਦੇ ਵਖਰੇਵੇਂ ਦਾ ਦਰਦ ਝੱਲਣਾ ਪਿਆ।
ਪਲਕ ਵੀ ਆਪਣੀ ਮਾਂ ਸ਼ਵੇਤਾ ਤਿਵਾੜੀ ਦੀ ਤਰ੍ਹਾਂ ਫਿਟਨੈੱਸ ਪ੍ਰਤੀ ਕਾਫ਼ੀ ਚੌਕਸ ਰਹਿੰਦੀ ਹੈ ਅਤੇ ਉਨ੍ਹਾਂ ਦੀ ਤਰ੍ਹਾਂ ਆਪਣੀ ਦਿੱਖ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀ ਛਾਈ ਰਹਿੰਦੀ ਹੈ।
ਪਲਕ ਤਿਵਾੜੀ ਨੇ ਮੁੰਬਈ ਦੇ ਮੀਠੀਬਾਈ ਕਾਲਜ ਤੋਂ ਸਾਈਕਾਲੋਜੀ ਵਿਚ ਗ੍ਰੈਜੂਏਸ਼ਨ ਕੀਤੀ ਹੈ। ਪਲਕ ਨੂੰ ਬਚਪਨ ਤੋਂ ਹੀ ਡਾਂਸ ਦਾ ਕਾਫ਼ੀ ਜ਼ਿਆਦਾ ਸ਼ੌਕ ਸੀ। ਬੇਹੱਦ ਛੋਟੀ ਉਮਰ ਵਿਚ ਹੀ ਉਹ ਐਕਟਿੰਗ ਵੀ ਕਰਨ ਲੱਗੀ ਸੀ।
ਪਲਕ ਤਿਵਾੜੀ ਨੇ ਹਿਮਾਂਕ ਗੌਰ ਵਲੋਂ ਨਿਰਦੇਸ਼ਿਤ ਕੀਤੀ ਗਈ 8 ਐਪੀਸੋਡਜ਼ ਵਾਲੀ ਵੈੱਬ ਸੀਰੀਜ਼ 'ਲੁੱਖੇ' ਜ਼ਰੀਏ ਓ.ਟੀ.ਟੀ. ਪਲੇਟਫਾਰਮ 'ਤੇ ਡੈਬਿਊ ਕੀਤਾ ਸੀ। ਚੰਡੀਗੜ੍ਹ ਦੀ ਪਿੱਠਭੂਮੀ 'ਤੇ ਆਧਾਰਿਤ ਇਸ ਸੀਰੀਜ਼ ਵਿਚ ਪਲਕ ਨੇ ਸਨੋਬਰ ਨਾਂਅ ਦੀ ਇਕ ਇਸ ਤਰ੍ਹਾਂ ਦੀ ਕੁੜੀ ਦਾ ਕਿਰਦਾਰ ਨਿਭਾਇਆ ਹੈ, ਜੋ ਸੰਗੀਤਕ ਅਤੇ ਹਾਈ-ਸਟੈਕਸ ਵਾਲੀ ਦੁਨੀਆ ਵਿਚ ਆਪਣੀਆਂ ਕਮਜ਼ੋਰੀਆਂ, ਪਿਆਰ ਅਤੇ ਅੰਦਰੂਨੀ ਸੰਘਰਸ਼ਾਂ ਨਾਲ ਲੜਦੀ ਨਜ਼ਰ ਆਵੇਗੀ।
ਮਾਂ ਦੇ ਨਕਸ਼-ਏ-ਕਦਮ 'ਤੇ ਚੱਲ ਰਹੀ ਹੈ ਪਲਕ ਤਿਵਾੜੀ
ਅਜੀਤ ਡੈਸਕ
01-07-2026