2 ਅਕਤੂਬਰ, 1987 ਨੂੰ ਜੰਮੂ ਕਸ਼ਮੀਰ ਦੇ ਸ੍ਰੀਨਗਰ ਵਿਚ ਪੈਦਾ ਹੋਈ ਮੰਨੀ-ਪ੍ਰਮੰਨੀ ਫ਼ਿਲਮ ਅਤੇ ਟੀ.ਵੀ. ਅਦਾਕਾਰਾ ਹਿਨਾ ਖਾਨ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਮਨੋਰੰਜਨ ਸਨਅਤ ਵਿਚ ਖ਼ਾਸ ਮੁਕਾਮ ਹਾਸਿਲ ਕੀਤਾ ਹੈ। ਮਾਡਲਿੰਗ ਦੇ ਦਿਨਾਂ ਵਿਚ ਆਪਣੇ ਦੋਸਤਾਂ ਦੀ ਸਲਾਹ 'ਤੇ ਹਿਨਾ ਨੇ ਟੀ.ਵੀ. ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਲਈ ਆਡੀਸ਼ਨ ਦਿੱਤਾ ਅਤੇ ਚੋਣ ਹੋ ਗਈ। 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਲੰਮੇ ਸਮੇਂ ਤੱਕ ਚੱਲਣ ਵਾਲਾ ਟੀ.ਵੀ. ਸ਼ੋਅ ਬਣਿਆ। ਇਸ ਸ਼ੋਅ ਦੀ ਸ਼ੁਰੂਆਤ ਹਿਨਾ ਖਾਨ ਅਤੇ ਕਰਨ ਮਹਿਰਾ ਦੇ ਨਾਲ ਹੋਈ ਸੀ। ਇਨ੍ਹਾਂ ਦੋਵਾਂ ਨੇ ਇਕ ਨਵੀਂ ਜੋੜੀ ਦੇ ਰੂਪ ਵਿਚ ਅਕਸ਼ਾ ਸਿੰਘਾਨੀਆਂ ਅਤੇ ਨੈਤਿਕ ਦੇ ਕਿਰਦਾਰਾਂ ਜ਼ਰੀਏ ਸਭ ਦੇ ਦਿਲਾਂ ਵਿਚ ਖਾਸ ਥਾਂ ਬਣਾ ਲਈ ਸੀ।
'ਕਸੌਟੀ ਜ਼ਿੰਦਗੀ ਕੀ' ਵਿਚ ਹਿਨਾ ਖਾਨ ਨੇ ਕੋਮੋਲਿਕਾ ਦੀ ਜੋ ਨਾਂਹਪੱਖੀ ਭੂਮਿਕਾ ਨਿਭਾਈ, ਉਸ ਨੇ ਉਸ ਨੂੰ ਘਰ-ਘਰ ਵਿਚ ਮਸ਼ਹੂਰ ਕਰ ਦਿੱਤਾ। ਇਸ ਤੋਂ ਬਾਅਦ ਉਸ ਨੂੰ ਭਰਪੂਰ ਕੰਮ ਮਿਲਦਾ ਗਿਆ ਅਤੇ ਇਕ ਲੰਮਾ ਸਿਲਸਿਲਾ ਚਲ ਨਿਕਲਿਆ। ਹੁਣ ਤੱਕ ਉਹ 50 ਤੋਂ ਜ਼ਿਆਦਾ ਟੀ.ਵੀ. ਸ਼ੋਅ ਕਰ ਚੁੱਕੀ ਹੈ। ਟੀ.ਵੀ. ਰਿਆਲਿਟੀ ਸ਼ੋਅ 'ਫੀਅਰ ਫੈਕਟਰ: ਖ਼ਤਰੋਂ ਕੇ ਖਿਲਾੜੀ-8' (2017) 'ਬਿੱਗ ਬੌਸ-11' ਵਿਚ ਹਿਨਾ ਖਾਨ ਨੇ ਭਾਗ ਲਿਆ ਅਤੇ ਪਹਿਲੀ 'ਰਨਰਅੱਪ' ਰਹੀ। ਉਸ ਤੋਂ ਬਾਅਦ ਉਸ ਨੇ 'ਬਿੱਗ ਬੌਸ-14' ਅਤੇ 'ਫੀਅਰ ਫੈਕਟਰ : ਖ਼ਤਰੋਂ ਕੇ ਖਿਲਾੜੀ-13' ਵਿਚ ਵੀ ਹਿੱਸਾ ਲਿਆ।
ਟੀ.ਵੀ. ਸਨਅਤ ਵਿਚ ਪਛਾਣ ਬਣਾਉਣ ਤੋਂ ਬਾਅਦ ਹਿਨਾ ਖਾਨ ਨੇ ਵਿਕਰਮ ਭੱਟ ਦੀ ਫ਼ਿਲਮ 'ਹੈਕੜ' ਤੋਂ ਬਾਲੀਵੁੱਡ ਵਿਚ ਕਦਮ ਰੱਖਿਆ। ਇਸ ਵਿਚ ਹਿਨਾ ਖਾਨ ਨੇ ਇਕ ਇਸ ਤਰ੍ਹਾਂ ਦੀ ਫੈਸ਼ਨ ਮੈਗਜ਼ੀਨ ਐਡੀਟਰ ਸਮੀਰਾ ਖੰਨਾ ਦਾ ਕਿਰਦਾਰ ਨਿਭਾਇਆ, ਜਿਸ ਦੇ ਪਿੱਛੇ ਇਕ 19 ਸਾਲ ਦਾ ਮੁੰਡਾ ਪਿਆ ਹੈ। ਇਸ ਤੋਂ ਬਾਅਦ ਉਹ 'ਅਨਲਾਕ', 'ਲਾਇੰਸ' ਅਤੇ 'ਕੰਟਰੀ ਆਫ਼ ਬਲਾਈਂਡ' ਵਰਗੀਆਂ ਫ਼ਿਲਮਾਂ ਵਿਚ ਕੰਮ ਕਰ ਚੁੱਕੀ ਹੈ। ਫ਼ਿਲਮ 'ਕੰਟਰੀ ਆਫ਼ ਬਲਾਈਂਡ' ਨੂੰ ਹਿੰਦੀ ਦੇ ਨਾਲ ਅੰਗਰੇਜ਼ੀ ਵਿਚ ਵੀ ਰਿਲੀਜ਼ ਕੀਤਾ ਗਿਆ।
ਨਵੀਂ ਪੀੜ੍ਹੀ ਲਈ ਪ੍ਰੇਰਨਾ ਹੈ ਹਿਨਾ ਖਾਨ
ਅਜੀਤ ਡੈਸਕ
01-07-2026