ਵਾਣੀ ਕਪੂਰ ਆਖਦੀ ਹੈ ਕਿ ਉਸ ਦੀ ਪਾਕਿਸਤਾਨੀ ਅਦਾਕਾਰ ਫਵਾਦ ਖ਼ਾਨ ਨਾਲ 'ਅਬੀਰ ਗੁਲਾਲ' ਚੋਟੀ ਦੀ ਫ਼ਿਲਮ ਹੈ ਪਰ ਪਾਕਿਸਤਾਨੀ ਕਲਾਕਾਰਾਂ 'ਤੇ ਪਾਬੰਦੀ ਕਾਰਨ ਅਜੇ ਤੱਕ ਇਸ ਫ਼ਿਲਮ ਬਾਬਤ ਕੁਝ ਵੀ ਫੈਸਲਾ ਨਹੀਂ ਹੋ ਸਕਿਆ। ਹਾਲਾਂਕਿ ਵਾਣੀ ਕਪੂਰ ਨੇ 'ਅਬੀਰ ਗੁਲਾਰੁ' ਫ਼ਿਲਮ ਬਾਰੇ ਸਾਰੇ ਅਪਡੇਟ ਡਿਲੀਟ ਕਰ ਦਿੱਤੇ ਹਨ ਪਰ ਦਿਲ ਦੀ ਗੱਲ ਇਹ ਹੈ ਕਿ ਵਾਣੀ ਚਾਹੁੰਦੀ ਹੈ ਕਿ ਇਹ ਫ਼ਿਲਮ ਕਿਸੇ ਤਰ੍ਹਾਂ ਭਾਰਤ 'ਚ ਰਿਲੀਜ਼ ਹੋਵੇ। ਵਾਣੀ ਕਪੂਰ ਦੀ ਕੁੱਲ ਜਾਇਦਾਦ 18 ਕਰੋੜ ਰੁਪਏ ਹੈ ਤੇ ਉਸ ਨੇ ਹੁਣ ਪ੍ਰਤੀ ਫ਼ਿਲਮ ਇਕ ਕਰੋੜ ਲੈਣਾ ਸ਼ੁਰੂ ਕਰ ਦਿੱਤਾ ਹੈ। ਇਹ ਵੱਖਰੀ ਗੱਲ ਹੈ ਕਿ ਵਾਣੀ ਦਾ ਦਾਅ ਚਾਰ ਸਾਲ ਪਹਿਲਾਂ ਚੰਗਾ ਲੱਗ ਗਿਆ ਸੀ ਤੇ ਉਸ ਨੂੰ 'ਬੈੱਲ ਬਾਟਮ' ਫ਼ਿਲਮ ਲਈ ਚਾਰ ਕਰੋੜ ਰੁਪਏ ਮਿਲੇ ਸਨ। ਸ਼ਿਵ ਕਪੂਰ ਤੇ ਡਿੰਪੀ ਕਪੂਰ ਦੀ ਲਾਡਲੀ ਬੇਟੀ ਵਾਣੀ ਕਪੂਰ ਆਪਣੇ ਪਿਤਾ ਦੇ ਫਰਨੀਚਰ ਕਾਰੋਬਾਰ 'ਚ ਲੋੜ ਪੈਣ 'ਤੇ ਉਨ੍ਹਾਂ ਦੀ ਮਦਦ ਵੀ ਕਰ ਰਹੀ ਹੈ। ਵਾਣੀ ਪਹਿਲਾਂ ਮਾਸ ਆਦਿ ਦਾ ਸੇਵਨ ਕਰਦੀ ਸੀ ਪਰ ਇਕ ਧਾਰਮਿਕ ਸਮਾਰੋਹ 'ਚ ਜੀਵ ਹੱਤਿਆ ਸੰਬੰਧੀ ਸੁਣ ਕੇ ਉਹ ਸ਼ਾਕਾਹਾਰੀ ਹੋ ਗਈ ਹੈ। ਰਹੀ ਗੱਲ ਪਿਆਰ ਦੇ ਚਰਚਿਆਂ ਦੀ ਤਾਂ ਵਾਣੀ ਕਪੂਰ ਆਖਦੀ ਹੈ ਕਿ ਉਹ ਪੁਰਾਣੇ ਖਿਆਲਾਂ ਵਾਲੀ ਕੁੜੀ ਹੈ ਤੇ ਉਸ ਨੂੰ ਇਹ ਐਵੇਂ ਮਿਲਣਾ, ਡਿਨਰ ਕਰਨਾ ਤੇ ਘੁੰਮਣ ਜਾਣਾ ਬਿਲਕੁਲ ਵੀ ਪਸੰਦ ਨਹੀਂ ਹੈ। ਵਾਣੀ ਹੈਰਾਨ ਹੈ ਕਿ ਕੁਝ ਸ਼ਰਾਰਤੀ ਲੋਕਾਂ ਨੇ ਉਸ ਦਾ ਨਾਂਅ ਅਦਿਤਯ ਚੋਪੜਾ ਨਾਲ ਜੋੜ ਦਿੱਤਾ ਤਾਂ ਇਹ ਬਹੁਤ ਹੀ ਮਾੜੀ ਗੱਲ ਹੈ ਤੇ ਅਦਿਤਯ ਦੇ ਘਰੇ ਜਾਣ-ਬੁੱਝ ਕੇ ਪੁਆੜਾ ਪਾਉਣ ਵਾਲੀ ਗੱਲ ਹੈ। ਵਾਣੀ ਨੇ ਸਪੱਸ਼ਟ ਕਿਹਾ ਹੈ ਕਿ ਉਹ ਪਿਆਰ ਦੀ ਭਾਲ 'ਚ ਨਹੀਂ ਹੈ। ਉਹ ਤਾਂ ਇੰਤਜ਼ਾਰ ਕਰ ਰਹੀ ਹੈ ਕਿ ਪਿਆਰ ਖੁਦ-ਬਖੁਦ ਉਸ ਕੋਲ ਚੱਲ ਕੇ ਆਵੇ। ਉਹ ਆਖਦੀ ਹੈ ਕਿ ਵਿਆਹ ਕੋਈ ਰੇਸ (ਦੌੜ) ਨਹੀਂ ਹੈ। ਇਹ ਨਹੀਂ ਕਿ ਫਲਾਂ ਉਮਰ ਤੱਕ ਵਿਆਹ ਕਰਵਾਉਣਾ ਜ਼ਰੂਰੀ ਹੈ। ਬਗ਼ੈਰ ਸਮਝੌਤੇ ਤੋਂ ਚੰਗੀ ਜ਼ਿੰਦਗੀ ਜੀਅ ਸਕਾਂ ਬੱਸ ਅਜਿਹਾ ਕੋਈ ਮਿਲ ਗਿਆ ਤਾਂ ਵਿਆਹ ਕਰਵਾ ਲੈਣਾ ਹੈ। ਵਾਣੀ ਨੇ ਕਿਹਾ ਕਿ ਉਸ ਨੇ ਹੋਟਲ 'ਚ ਵੀ ਕੰਮ ਕੀਤਾ ਹੈ ਤੇ ਉਸ ਨੂੰ ਪਤਾ ਹੈ ਕਿ ਮਿਹਨਤ ਕੀ ਹੁੰਦੀ ਹੈ? ਵਾਣੀ ਕਪੂਰ ਨੇ ਕਿਹਾ ਕਿ ਉਹ 'ਚੁੰਮਣ' ਦ੍ਰਿਸ਼ ਦੇਣ ਤੋਂ ਕਦੇ ਵੀ ਨਹੀਂ ਘਬਰਾਈ। ਉਹ ਤਾਂ ਖੁਸ਼ ਹੁੰਦੀ ਹੈ ਕਿ ਹੀਰੋ ਸੁੰਦਰ ਹੋਵੇ ਤਾਂ ਅਜਿਹੇ ਦ੍ਰਿਸ਼ ਉਹ ਖ਼ੁਸ਼ੀ ਨਾਲ ਕਰ ਸਕਦੀ ਹੈ।
-ਸੁਖਜੀਤ ਕੌਰ