90 ਦੇ ਦਹਾਕੇ ਦੀ ਸੁਪਰ ਸਟਾਰ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਵੈੱਬ ਸੀਰੀਜ਼ 'ਮਿਸਿਜ਼ ਦੇਸ਼ਪਾਂਡੇ' ਵਿਚ ਪਹਿਲੀ ਵਾਰ ਕਮਾਲ ਦਾ ਐਕਸ਼ਨ ਦਿਖਾਉਂਦੇ ਹੋਏ ਪ੍ਰਸੰਸਕਾਂ ਦੀਆਂ ਬਹੁਤ ਤਾਰੀਫ਼ਾਂ ਲਈਆਂ ਸਨ। ਹਾਲ ਹੀ ਵਿਚ ਨੈੱਟਫਲਿਕਸ 'ਤੇ ਆਨ ਸਟ੍ਰੀਮ ਹੋਈ ਅਬੰਡੈਂਟੀਆ ਐਂਟਰਟੇਨਮੈਂਟ ਅਤੇ ਓਪਨਿੰਗ ਇਮੇਜ ਫ਼ਿਲਮਜ਼ ਵਲੋਂ ਬਣਾਈ ਅਤੇ ਸੁਰੇਸ਼ ਤ੍ਰਿਵੇਨੀ ਵਲੋਂ ਨਿਰਦੇਸ਼ਿਤ ਫ਼ਿਲਮ 'ਮਾਂ ਬਹਿਨ' ਵਿਚ ਮਾਧੁਰੀ ਦੀਕਸ਼ਿਤ ਦੇ ਕੰਮ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
ਇਕ ਅਵਿਵਸਿਥਤ ਮਾਂ-ਬੇਟੀ ਦੀ ਤਿਕੜੀ ਰੇਖਾ, ਜਯਾ ਅਤੇ ਸੁਸ਼ਮਾ ਦੀ ਕਹਾਣੀ 'ਤੇ ਆਧਾਰਿਤ ਫ਼ਿਲਮ ਵਿਚ ਇਸ ਤਿੱਕੜੀ ਦੇ ਜੀਵਨ 'ਚ ਉਸ ਸਮੇਂ ਉਥਲ-ਪੁਥਲ ਮਚ ਜਾਂਦੀ ਹੈ ਜਦੋਂ ਇਕ ਦਿਨ ਅਚਾਨਕ ਉਨ੍ਹਾਂ ਦੀ ਰਸੋਈ ਵਿਚ ਇਕ ਲਾਸ਼ ਮਿਲਦੀ ਹੈ। ਸੱਚ ਨੂੰ ਲੁਕਾਉਣ ਦੀ ਕੋਸ਼ਿਸ਼ ਵਿਚ ਪੂਰਾ ਪਰਿਵਾਰ ਝੂਠ, ਦਹਿਸ਼ਤ ਅਤੇ ਦਖਲ ਦੇਣ ਵਾਲੇ ਗੁਆਂਢੀਆਂ ਵਿਚਾਲੇ ਉਲਝ ਜਾਂਦਾ ਹੈ। ਫ਼ਿਲਮ ਵਿਚ ਮਾਧੁਰੀ ਦੀਕਸ਼ਿਤ ਰੇਖਾ ਦੀ ਭੂਮਿਕਾ ਵਿਚ ਹੈ ਜਦੋਂ ਕਿ ਤ੍ਰਿਪਤ ਡਿਮਰੀ ਅਤੇ ਧਰਨਾ ਦੁਰਗਾ ਉਸ ਦੀਆਂ ਬੇਟੀਆਂ ਜਯਾ ਅਤੇ ਸੁਸ਼ਮਾ ਦੇ ਰੂਪ ਵਿਚ ਹਨ। ਫ਼ਿਲਮ ਵਿਚ ਰਵੀ ਕਿਸ਼ਨ ਦੀ ਵੀ ਮਹੱਤਵਪੂਰਨ ਭੂਮਿਕਾ ਹੈ। 15 ਮਈ, 1967 ਨੂੰ ਮੁੰਬਈ ਵਿਚ ਇਕ ਮੱਧਵਰਗੀ ਮਰਾਠੀ ਬ੍ਰਾਹਮਣ ਪਰਿਵਾਰ ਵਿਚ ਪੈਦਾ ਹੋਈ ਮਾਧੁਰੀ ਨੇ ਆਪਣੇ ਸਿਨੈ ਕਰੀਅਰ ਦੀ ਸ਼ੁਰੂਆਤ ਰਾਜਸ੍ਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਫ਼ਿਲਮ 'ਅਬੋਧ' ਤੋਂ ਕੀਤੀ ਸੀ। ਹੀਰੇਨ ਨਾਗ ਵਲੋਂ ਨਿਰਦੇਸ਼ਿਤ ਇਹ ਫ਼ਿਲਮ ਟਿਕਟ ਖਿੜਕੀ 'ਤੇ ਫਲਾਪ ਸਾਬਿਤ ਹੋਈ ਸੀ, ਪਰ ਮਾਧੁਰੀ ਨੇ ਕਈ ਫ਼ਿਲਮ ਨਿਰਮਾਤਾਵਾਂ ਦਾ ਧਿਆਨ ਖਿੱਚ ਲਿਆ ਸੀ।
ਮਾਧੁਰੀ ਨੂੰ ਲਗਾਤਾਰ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਮਿਲਣ ਲੱਗੀਆਂ। ਇਹ ਦੇਖ ਕੇ ਮਾਧੁਰੀ ਨੇ ਕਾਲਜ ਦੀ ਪੜ੍ਹਾਈ ਅਧੂਰੀ ਛੱਡ ਦਿੱਤੀ ਅਤੇ ਫ਼ਿਲਮ ਐਕਟਿੰਗ ਨੂੰ ਕਰੀਅਰ ਦੇ ਤੌਰ 'ਤੇ ਚੁਣ ਲਿਆ। ਫ਼ਿਲਮ 'ਦਇਆਵਾਨ' ਵਿਚ ਕੋ-ਸਟਾਰ ਵਿਨੋਦ ਖੰਨਾ ਨਾਲ ਮਾਧੁਰੀ ਦੇ ਕੁਝ ਦ੍ਰਿਸ਼ ਕਾਫ਼ੀ ਵਿਵਾਦਿਤ ਰਹੇ ਪਰ ਇਸ ਫ਼ਿਲਮ ਤੋਂ ਉਸ ਨੂੰ ਬਹੁਤ ਹਰਮਨਪਿਆਰਤਾ ਮਿਲੀ।
ਮਾਧੁਰੀ ਦੀਕਸ਼ਿਤ ਦੀ ਕਿਸਮਤ ਦਾ ਸਿਤਾਰਾ ਅਨਿਲ ਕਪੂਰ ਨਾਲ ਐਨ. ਚੰਦਰਾ ਦੀ ਫ਼ਿਲਮ 'ਤੇਜ਼ਾਬ' ਨਾਲ ਚਮਕਿਆ। ਫ਼ਿਲਮ ਦੀ ਸਫਲਤਾ ਤੋਂ ਬਾਅਦ ਮਾਧੁਰੀ ਇਸ ਸਨਅਤ ਵਿਚ ਸਥਾਪਿਤ ਹੋ ਗਈ। ਮਾਧੁਰੀ ਦੀਕਸ਼ਿਤ ਅਤੇ ਅਨਿਲ ਕਪੂਰ ਦੀ ਫ਼ਿਲਮ 'ਰਾਮ ਲਖਨ' ਮਾਧੁਰੀ ਦੇ ਕਰੀਅਰ ਦੀ ਦੂਜੀ ਵੱਡੀ ਹਿਟ ਫ਼ਿਲਮ ਸਾਬਿਤ ਹੋਈ। ਇਸ ਤੋਂ ਬਾਅਦ ਆਮਿਰ ਖਾਨ ਨਾਲ ਉਸ ਦੀ ਜੋੜੀ ਵਾਲੀ ਫ਼ਿਲਮ 'ਦਿਲ' ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਫ਼ਿਲਮ 'ਦਿਲ' ਟਿਕਟ ਖਿੜਕੀ 'ਤੇ ਸੁਪਰਹਿੱਟ ਸਾਬਿਤ ਹੋਈ। ਫ਼ਿਲਮ ਵਿਚ ਆਪਣੇ ਦਮਦਾਰ ਅਭਿਨੈ ਲਈ ਮਾਧੁਰੀ ਦੀਕਸ਼ਿਤ ਨੂੰ ਆਪਣੇ ਸਿਨੈ ਕਰੀਅਰ ਦਾ ਪਹਿਲਾ ਫ਼ਿਲਮ ਫੇਅਰ ਪੁਰਸਕਾਰ ਵੀ ਮਿਲਿਆ ਸੀ। 90 ਦਾ ਦਹਾਕਾ ਮਾਧੁਰੀ ਦੇ ਕਰੀਅਰ ਦਾ ਸੁਨਹਿਰੀ ਦੌਰ ਸੀ, ਉਸ ਦੌਰ ਵਿਚ ਉਸ ਨੇ 'ਦਿਲ' ਤੋਂ ਇਲਾਵਾ 'ਸਾਜਨ', 'ਬੇਟਾ', 'ਹਮ ਆਪਕੇ ਹੈਂ ਕੌਨ' ਅਤੇ 'ਦਿਲ ਤੋ ਪਾਗਲ ਹੈ' ਵਰਗੀਆਂ ਕਈ ਬਿਹਤਰੀਨ ਫ਼ਿਲਮਾਂ ਵਿਚ ਕੰਮ ਕਰਦੇ ਹੋਏ ਮਹਿਲਾ ਸੁਪਰ ਸਟਾਰ ਦਾ ਦਰਜਾ ਹਾਸਿਲ ਕੀਤਾ।
'ਬੇਟਾ', 'ਹਮ ਆਪਕੇ ਹੈਂ ਕੌਨ' ਅਤੇ 'ਦਿਲ ਤੋ ਪਾਗਲ ਹੈ' ਫ਼ਿਲਮਾਂ ਲਈ ਮਾਧੁਰੀ ਨੂੰ ਬੈਸਟ ਅਦਾਕਾਰਾ ਕੈਟੇਗਰੀ ਵਿਚ ਲਗਾਤਾਰ ਦੂਜਾ, ਤੀਜਾ ਅਤੇ ਚੌਥਾ ਫ਼ਿਲਮ ਫੇਅਰ ਪੁਰਸਕਾਰ ਮਿਲਿਆ ਸੀ।
ਫ਼ਿਲਮ 'ਮਾਂ ਬਹਿਨ' ਦੀ 'ਰੇਖਾ'-ਮਾਧੁਰੀ ਦੀਕਸ਼ਿਤ
ਅਜੀਤ ਡੈਸਕ
08-07-2026