ਵੇਦਾਂਗ ਰੈਨਾ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦਾ ਹੈ ਕਿ ਉਸ ਨੂੰ 'ਜਬ ਵੀ ਮੈੱਟ','ਲਵ ਆਜ ਕਲ੍ਹ','ਹਾਈਵੇ', 'ਰੌਕਸਟਾਰ' ਅਤੇ 'ਅਮਰ ਸਿੰਘ ਚਮਕੀਲਾ' ਜਿਹੀਆਂ ਸੁਪਰਹਿਟ ਫ਼ਿਲਮਾਂ ਬਣਾਉਣ ਵਾਲੇ ਫ਼ਿਲਮਕਾਰ ਇਮਤਿਆਜ਼ ਅਲੀ ਦੀ ਤਾਜ਼ਾ ਫ਼ਿਲਮ 'ਮੈਂ ਵਾਪਿਸ ਆਊਂਗਾ' ਵਿਚ ਸਿਰਫ਼ ਕੰਮ ਕਰਨ ਦਾ ਹੀ ਨਹੀਂ ਸਗੋਂ ਬਹੁਤ ਕੁਝ ਸਿੱਖਣ ਦਾ ਵੀ ਮੌਕਾ ਮਿਲਿਆ ਹੈ। ਇਸੇ ਤਰ੍ਹਾਂ ਉਹ ਆਪਣੀ ਅਦਾਕਾਰੀ ਵਿਚ ਆਏ ਸੁਧਾਰ ਤੇ ਨਿਖਾਰ ਲਈ ਆਪਣੇ ਆਪ ਨੂੰ ਅਦਾਕਾਰਾ ਆਲੀਆ ਭੱਟ ਦਾ ਵੀ ਸ਼ੁਕਰਗੁਜ਼ਾਰ ਵੀ ਸਮਝਦਾ ਹੈ ਜਿਸਨੇ ਸੰਨ 2024 ਵਿਚ ਆਈ ਫ਼ਿਲਮ 'ਜਿਗਰਾ' ਵਿਚ ਉਸ ਦੀ ਭੈਣ ਦਾ ਕਿਰਦਾਰ ਅਦਾ ਕੀਤਾ ਸੀ ਤੇ ਫ਼ਿਲਮ ਦੇ ਨਿਰਮਾਣ ਦੌਰਾਨ ਉਸ ਨੂੰ ਬਿਹਤਰੀਨ ਅਦਾਕਾਰੀ ਦੇ ਕਈ ਗੁਰ ਦੱਸੇ ਸਨ। ਉਹ ਆਖ਼ਦਾ ਹੈ, 'ਮੈਂ ਆਲੀਆ ਭੱਟ ਤੇ ਇਮਤਿਆਜ਼ ਅਲੀ ਦਾ ਅਹਿਸਾਨਮੰਦ ਹਾਂ ਤੇ ਹਮੇਸ਼ਾ ਰਹਾਂਗਾ।'
ਦਿੱਲੀ ਵਿਖੇ ਵੱਸਦੇ ਇਕ ਕਸ਼ਮੀਰੀ ਪਰਿਵਾਰ ਵਿਚ ਅੱਜ ਤੋਂ 26 ਵਰ੍ਹੇ ਪਹਿਲਾਂ ਜਨਮੇ ਵੇਦਾਂਗ ਰੈਨਾ ਦਾ ਪਾਲਣ-ਪੋਸ਼ਣ ਮੁੰਬਈ ਵਿਖੇ ਹੋਇਆ ਹੈ। ਉਸਦੇ ਪਿਤਾ ਆਯੁਸ਼ ਰੈਨਾ ਉਂਜ ਤਾਂ ਪੇਸ਼ੇ ਤੋਂ ਇਕ ਕਾਰੋਬਾਰੀ ਹਨ ਪਰ ਬਤੌਰ ਨਿਰਦੇਸ਼ਕ ਉਹ 'ਹਾੱਰਰ ਸਟੋਰੀ' ਨਾਮਕ ਫ਼ਿਲਮ ਨਿਰਦੇਸ਼ਿਤ ਕਰ ਚੁੱਕੇ ਹਨ ਜਿਸਦੇ ਲੇਖਕ ਵਿਕਰਮ ਭੱਟ ਸਨ। ਸਕੂਲ ਤੋਂ ਕਾਲਜ ਤੱਕ ਦੇ ਸਫ਼ਰ ਦੌਰਾਨ ਵੇਦਾਂਗ ਨੇ ਪਹਿਲਾਂ ਸੰਗੀਤ ਸਿੱਖਿਆ ਤੇ ਫਿਰ ਅਦਾਕਾਰੀ ਕਰਨ ਦਾ ਮਨ ਬਣਾ ਲਿਆ। ਕਾਲਜ ਵਿਚ ਰੰਗਮੰਚ 'ਤੇ ਨਾਟਕਾਂ ਵਿਚ ਭਾਗ ਲੈਣ ਤੋਂ ਇਲਾਵਾ ਉਸਨੇ ਮਾਡਲਿੰਗ ਅਤੇ ਸੰਗੀਤ ਦੇ ਖੇਤਰ ਵਿਚ ਨਾਮਣਾ ਖੱਟਣ ਦੀ ਤਿਆਰੀ ਕਰ ਲਈ। ਕਈ ਸਾਰੇ ਬ੍ਰਾਂਡਾਂ ਲਈ ਮਾਡਲਿੰਗ ਕਰਨ ਪਿੱਛੋਂ ਉਸ ਨੂੰ ਜੋ ਪਹਿਲੀ ਫ਼ਿਲਮ ਮਿਲੀ, ਉਹ ਸੀ 'ਦਿ ਆਰਚੀਜ਼' ਜਿਸ ਦਾ ਨਿਰਦੇਸ਼ਨ ਬਾਲੀਵੁੱਡ ਦੀ ਉੱਘੀ ਨਿਰਦੇਸ਼ਿਕਾ ਜ਼ੋਇਆ ਅਖ਼ਤਰ ਨੇ ਕੀਤਾ ਸੀ। ਇਹ ਫ਼ਿਲਮ ਸੰਨ 2023 ਵਿਚ ਨੈੱਟਫ਼ਲਿਕਸ 'ਤੇ ਰਿਲੀਜ਼ ਹੋਈ ਸੀ ਤੇ ਇਸ ਫ਼ਿਲਮ ਵਿਚ ਵੇਦਾਂਗ ਦਾ 'ਸਵੈਗ' ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਸੀ।
ਵੇਦਾਂਗ ਦੀ ਦੂਜੀ ਫ਼ਿਲਮ 'ਜਿਗਰਾ' ਸੀ ਜਿਸ ਵਿਚ ਉਸ ਨੇ ਆਲੀਆ ਭੱਟ ਦੇ ਉਸ ਭਰਾ ਦੀ ਭੂਮਿਕਾ ਨਿਭਾਈ ਸੀ ਜੋ ਕਿ ਦੱਖਣ-ਪੂਰਬੀ ਏਸ਼ੀਆ ਦੀ ਕਿਸੇ ਜੇਲ੍ਹ ਵਿਚ ਕੈਦ ਹੁੰਦਾ ਹੈ। ਆਪਣੀ ਛੋਟੀ ਜਿਹੀ ਭੂਮਿਕਾ ਨੂੰ ਉਸ ਨੇ ਇਸ ਸ਼ਿੱਦਤ ਨਾਲ ਨਿਭਾਇਆ ਕਿ ਹਰ ਪਾਸੇ ਉਸ ਦੀ ਅਦਾਕਾਰੀ ਦੀਆਂ ਗੱਲਾਂ ਤੁਰ ਪਈਆਂ। ਉਸ ਦੀ ਖ਼ੁਸ਼ਕਿਸਮਤੀ ਵੇਖੋ ਕਿ ਉਸ ਦੀ ਅਦਾਕਾਰੀ ਇਮਤਿਆਜ਼ ਅਲੀ ਜਿਹੇ ਸੁਲਝੇ ਹੋਏ ਨਿਰਦੇਸ਼ਕ ਨੂੰ ਐਨੀ ਪਸੰਦ ਆਈ ਕਿ ਉਸਨੇ ਵੇਦਾਂਗ ਨੂੰ ਤੁਰੰਤ ਹੀ 'ਮੈਂ ਵਾਪਿਸ ਆਉਂਗਾ' ਲਈ ਸਾਈਨ ਕਰ ਲਿਆ। ਸੰਨ 1947 ਦੀ ਭਾਰਤ-ਪਾਕਿ ਵੰਡ ਦੌਰਾਨ ਦੋ ਪ੍ਰੇਮੀਆਂ ਦੇ ਵਿਛੜਨ ਦੀ ਜਜ਼ਬਾਤਪੂਰਨ ਕਹਾਣੀ 'ਤੇ ਆਧਾਰਿਤ ਇਸ ਫ਼ਿਲਮ ਵਿਚ ਵੇਦਾਂਗ ਨੇ ਅਦਾਕਾਰ ਨਸੀਰੂਦੀਨ ਸ਼ਾਹ ਦੁਆਰਾ ਨਿਭਾਏ ਗਏ 'ਈਸ਼ਰ ਸਿੰਘ ਗਰੇਵਾਲ' ਨਾਮਕ ਇਕ ਸਿੱਖ ਦੇ ਜਵਾਨੀ ਦੇ ਦਿਨਾਂ ਵਾਲੇ ਕਿਰਦਾਰ ਨੂੰ ਬਾਖ਼ੂਬੀ ਅਦਾ ਕੀਤਾ ਹੈ। ਵੇਦਾਂਗ ਦੱਸਦਾ ਹੈ ਕਿ ਉਸ ਨੇ ਆਪਣੇ ਕਿਰਦਾਰ ਨਾਲ ਇਨਸਾਫ਼ ਕਰਨ ਲਈ ਬੜੀ ਮਿਹਨਤ ਕੀਤੀ ਹੈ ਤੇ ਉਸ ਜ਼ਮਾਨੇ ਵਿਚਲੇ ਸਿੱਖ ਨੌਜਵਾਨਾਂ ਦੀ ਚਾਲ-ਢਾਲ, ਬੋਲੀ, ਪਹਿਰਾਵੇ ਅਤੇ ਜਜ਼ਬਾਤ ਪ੍ਰਗਟਾਉਣ ਦੇ ਢੰਗ ਆਦਿ ਸਮੇਤ ਕਈ ਹੋਰ ਬਾਰੀਕੀਆਂ ਨੂੰ ਸਮਝਣ ਲਈ ਡੂੰਘੀ ਖੋਜ ਅਤੇ ਅਧਿਐਨ ਵੀ ਕੀਤਾ ਹੈ।
ਵੇਦਾਂਗ ਦਾ ਇਕ ਵੱਡਾ ਤੇ ਪ੍ਰਸੰਸਾਯੋਗ ਗੁਣ ਇਹ ਵੀ ਹੈ ਕਿ ਉਸ ਦੀ ਆਵਾਜ਼ ਬੜੀ ਮਿੱਠੀ ਹੈ ਤੇ ਬਤੌਰ ਅਦਾਕਾਰ ਹੁਣ ਤੱਕ ਉਸ ਨੇ ਜਿਹੜੀਆਂ ਤਿੰਨ ਫ਼ਿਲਮਾਂ ਕੀਤੀਆਂ ਹਨ, ਉਨ੍ਹਾਂ ਵਿਚ ਉਸ ਨੇ ਗੀਤ ਵੀ ਗਾਏ ਹਨ। ਤਾਜ਼ਾ ਰਿਲੀਜ਼ 'ਮੈਂ ਵਾਪਿਸ ਆਉਂਗਾ' ਵਿਚ ਉਸ ਦਾ ਗਾਇਆ 'ਮਸਕਾਰਾ' ਨਾਮਕ ਗੀਤ ਸਰੋਤਿਆਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਫ਼ਿਲਮ 'ਜਿਗਰਾ' ਦਾ ਟਾਈਟਲ ਗੀਤ ਗਾਉਣ ਤੋਂ ਇਲਾਵਾ ਉਹ ਆਪਣੀ ਪਹਿਲੀ ਹੀ ਫ਼ਿਲਮ 'ਦਿ ਆਰਚੀਜ਼' ਵਿਚ ਦੋ ਗੀਤ 'ਫ਼ੂਲੋਂ ਕਾ ਤਾਰੋਂ ਕਾ, ਸਭ ਕਾ ਕਹਿਨਾ ਹੈ' ਅਤੇ 'ਐਵਰੀਥਿੰਗ ਇਜ਼ ਪੌਲੀਟਿਕਸ' ਵੀ ਆਪਣੀ ਮਧੁਰ ਆਵਾਜ਼ ਵਿਚ ਗਾ ਚੁੱਕਾ ਹੈ। ਇਸ ਫ਼ਿਲਮ ਵਿਚ ਬਾਕਮਾਲ ਅਦਾਕਾਰੀ ਵਿਖਾਉਣ ਲਈ ਉਸ ਨੂੰ 'ਸਰਬੋਤਮ ਨਵਾਂ ਕਲਾਕਾਰ' ਸ਼੍ਰੇਣੀ ਵਿਚ 'ਫ਼ਿਲਮਫ਼ੇਅਰ ਓ.ਟੀ.ਟੀ. ਐਵਾਰਡ' ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਫ਼ਿਲਮਕਾਰ ਇਮਤਿਆਜ਼ ਅਲੀ ਅਨੁਸਾਰ , 'ਵੇਦਾਂਗ ਇਕ ਸੰਭਾਵਨਾਵਾਂ ਭਰਪੂਰ ਅਦਾਕਾਰ ਹੈ ਤੇ ਪੂਰੀ ਆਸ ਹੈ ਕਿ ਆਉਣ ਵਾਲੇ ਸਮੇਂ ਵਿਚ ਉਹ ਅਦਾਕਾਰੀ ਅਤੇ ਗਾਇਕੀ ਦੋਵਾਂ ਹੀ ਖੇਤਰਾਂ ਵਿਚ ਬੇਮਿਸਾਲ ਪ੍ਰਾਪਤੀਆਂ ਪ੍ਰਾਪਤ ਕਰੇਗਾ।'