07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਐਮਬਾਪੇ ਦੀ ਦਹਾੜ ਅੱਗੇ ਸਵੀਡਨ ਦੀ ਟੀਮ ਹੋਈ ਬੇਵੱਸ

Ad Position 21
No active advertisement
ਅਜੀਤ ਡੈਸਕ 02-07-2026
ਫਰਾਂਸ ਨੇ 3-0 ਨਾਲ ਜਿੱਤ ਕੇ ਰਾਊਂਡ ਆਫ਼ 16 ’ਚ ਬਣਾਈ ਥਾਂ
ਨਿਊਯਾਰਕ, 1 ਜੁਲਾਈ (ਰਾਜੂ ਸਹਿਬਾਜ਼ਪੁਰਾ )-ਫ਼ੀਫ਼ਾ ਵਿਸ਼ਵ ਕੱਪ 2026 ਦੇ ਰਾਊਂਡ ਆਫ਼ 32 ਵਿਚ ਫਰਾਂਸ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਖ਼ਿਤਾਬ ਦੀ ਸਭ ਤੋਂ ਮਜ਼ਬੂਤ ਦਾਅਵੇਦਾਰ ਟੀਮਾਂ ’ਚੋਂ ਇਕ ਹੈ। ਡਿਡੀਏ ਦੇਸ਼ਾਂਪਸ ਦੀ ਟੀਮ ਨੇ ਸਵੀਡਨ ਨੂੰ 3-0 ਨਾਲ ਹਰਾ ਕੇ ਸ਼ਾਨਦਾਰ ਅੰਦਾਜ਼ ’ਚ ਰਾਊਂਡ ਆਫ਼ 16 ’ਚ ਜਗ੍ਹਾ ਬਣਾਈ। ਮੈਚ ਦੇ ਹੀਰੋ ਕਪਤਾਨ ਕਿਲੀਅਨ ਐਮਬਾਪੇ ਰਹੇ, ਜਿਨ੍ਹਾਂ ਨੇ ਦੋ ਗੋਲ ਕਰਕੇ ਆਪਣੀ ਟੀਮ ਨੂੰ ਆਸਾਨ ਜਿੱਤ ਦਿਵਾਈ। ਮੈਚ ਦੀ ਸ਼ੁਰੂਆਤ ਤੋਂ ਹੀ ਫਰਾਂਸ ਨੇ ਗੇਂਦ ‘ਤੇ ਕਬਜ਼ਾ ਬਣਾਈ ਰੱਖਿਆ ਅਤੇ ਸਵੀਡਨ ਨੂੰ ਦਬਾਅ ਹੇਠ ਰੱਖਿਆ। ਸਵੀਡਨ ਨੇ ਅਲੈਕਜ਼ੈਂਡਰ ਇਸਾਕ, ਵਿਕਟਰ ਗਿਓਕੇਰੇਸ ਅਤੇ ਐਂਥਨੀ ਇਲਾਂਗਾ ਦੀ ਮਦਦ ਨਾਲ ਕੁਝ ਹਮਲੇ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਫਰਾਂਸ ਦੀ ਮਜ਼ਬੂਤ ਰੱਖਿਆ ਨੇ ਉਨ੍ਹਾਂ ਨੂੰ ਕੋਈ ਵੱਡਾ ਮੌਕਾ ਨਹੀਂ ਦਿੱਤਾ। ਪਹਿਲੇ ਹਾਫ਼ ਵਿਚ ਮਾਈਕਲ ਓਲੀਸੇ ਨੇ ਬੇਹੱਦ ਖੂਬਸੂਰਤ ਪਾਸ ਦਿੱਤਾ, ਜਿਸ ਨੂੰ ਐਮਬਾਪੇ ਨੇ ਸ਼ਾਨਦਾਰ ਫਿਨਿਸ਼ ਨਾਲ ਗੋਲ ਵਿਚ ਬਦਲ ਕੇ ਫਰਾਂਸ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਗੋਲ ਤੋਂ ਬਾਅਦ ਫਰਾਂਸ ਦਾ ਆਤਮਵਿਸ਼ਵਾਸ ਹੋਰ ਵਧ ਗਿਆ। ਦੂਜੇ ਹਾਫ਼ ਦੀ ਸ਼ੁਰੂਆਤ ਵਿਚ ਹੀ ਬ੍ਰੈਡਲੀ ਬਾਰਕੋਲਾ ਨੇ ਫਰਾਂਸ ਲਈ ਦੂਜਾ ਗੋਲ ਕਰ ਦਿੱਤਾ। ਇਸ ਤੋਂ ਕੁਝ ਸਮੇਂ ਬਾਅਦ ਮਾਈਕਲ ਓਲੀਸੇ ਨੇ ਇਕ ਹੋਰ ਸਟੀਕ ਪਾਸ ਦਿੱਤਾ ਅਤੇ ਐਮਬਾਪੇ ਨੇ ਆਪਣਾ ਦੂਜਾ ਗੋਲ ਦਾਗ ਕੇ ਸਕੋਰ 3-0 ਕਰ ਦਿੱਤਾ। ਓਲੀਸੇ ਨੇ ਇਸ ਟੂਰਨਾਮੈਂਟ ਵਿਚ ਆਪਣਾ ਪੰਜਵਾਂ ਅਸਿਸਟ ਦਰਜ ਕੀਤਾ ਅਤੇ ਫਰਾਂਸ ਦੀ ਹਮਲਾਵਰ ਖੇਡ ਦਾ ਮੁੱਖ ਸੂਤਰਧਾਰ ਸਾਬਤ ਹੋਏ। ਸਵੀਡਨ ਨੇ ਆਖ਼ਰੀ ਮਿੰਟਾਂ ਤੱਕ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਫਰਾਂਸ ਦੇ ਗੋਲਕੀਪਰ ਅਤੇ ਰੱਖਿਆ ਪੰਕਤੀ ਨੇ ਉਨ੍ਹਾਂ ਨੂੰ ਕੋਈ ਮੌਕਾ ਨਹੀਂ ਦਿੱਤਾ। ਇਸ ਤਰ੍ਹਾਂ ਸਵੀਡਨ ਦਾ ਵਿਸ਼ਵ ਕੱਪ ਸਫ਼ਰ ਰਾਊਂਡ ਆਫ਼ 32 ’ਚ ਹੀ ਖ਼ਤਮ ਹੋ ਗਿਆ। ਇਸ ਜਿੱਤ ਨਾਲ ਫਰਾਂਸ ਨੇ ਲਗਾਤਾਰ ਆਪਣੀ ਪ੍ਰਭਾਵਸ਼ਾਲੀ ਫਾਰਮ ਜਾਰੀ ਰੱਖੀ। ਗਰੁੱਪ ਪੜਾਅ ਵਿਚ ਸੇਨੇਗਲ, ਇਰਾਕ ਅਤੇ ਨਾਰਵੇ ਨੂੰ ਹਰਾਉਣ ਤੋਂ ਬਾਅਦ ਹੁਣ ਸਵੀਡਨ ਨੂੰ ਵੀ ਆਸਾਨੀ ਨਾਲ ਮਾਤ ਦੇ ਕੇ ਟੀਮ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਹੁਣ ਫਰਾਂਸ ਦਾ ਅਗਲਾ ਮੁਕਾਬਲਾ ਪੈਰਾਗੁਏ ਨਾਲ ਹੋਵੇਗਾ, ਜਿਸ ਨੇ ਜਰਮਨੀ ਨੂੰ ਪੈਨਲਟੀ ਸ਼ੂਟਆਉਟ ਵਿਚ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਦੂਜੇ ਪਾਸੇ ਐਮਬਾਪੇ ਦੀ ਸ਼ਾਨਦਾਰ ਫਾਰਮ ਨੇ ਵਿਰੋਧੀ ਟੀਮਾਂ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਫੁੱਟਬਾਲ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਫਰਾਂਸ ਇਸੇ ਲੈਅ ਵਿਚ ਖੇਡਦਾ ਰਿਹਾ ਤਾਂ ਉਹ ਵਿਸ਼ਵ ਕੱਪ ਜਿੱਤਣ ਦਾ ਸਭ ਤੋਂ ਮਜ਼ਬੂਤ ਦਾਅਵੇਦਾਰ ਬਣ ਸਕਦਾ ਹੈ
Ad Position 22
No active advertisement
ਪਿਛਲੀ ਖ਼ਬਰ ਮੈਕਸੀਕੋ ਵਲੋਂ 40 ਸਾਲਾਂ ਬਾਅਦ ਨਾਕਆਊਟ ’ਚ ਪਹਿਲੀ ਜਿੱਤ ਦਰਜ ਅਗਲੀ ਖ਼ਬਰ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਪਹਿਲੀ ਕਿਸ਼ਤ ਜਾਰੀ ਕਰਨ ’ਤੇ ਮੁੱਖ ਮੰਤਰੀ ਦਾ ਧੰਨਵਾਦ -ਗੁਰਜੀਤ ਸਿੰਘ
Ad Position 24