ਸਿਆਟਲ, 1 ਜੁਲਾਈ (ਏਜੰਸੀ)-ਫੀਫਾ ਵਿਸ਼ਵ ਕੱਪ 2026 ਦੇ ਰਾਉਂਡ ਆਫ਼ 32 ਮੁਕਾਬਲੇ ’ਚ ਸੇਨੇਗਲ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਬੈਲਜੀਅਮ ਖਿਲਾਫ਼ ਪਹਿਲਾ ਗੋਲ ਦਾਗ ਦਿੱਤਾ। ਮੈਂਚ ਦੇ 24ਵੇਂ ਮਿੰਟ ’ਚ ਹਬੀਬ ਡਿਆਰਰਾ ਨੇ ਬਿਹਤਰੀਨ ਤਰੀਕੇ ਨਾਲ ਸ਼ਾਟ ਲਗਾਇਆ ਤੇ ਸੇਨੇਗਲ ਨੂੰ 1-0 ਦੀ ਬੜਤ ਦਿਵਾ ਦਿੱਤੀ। ਦੂਜੇ ਪਾਸੇ ਬੈਲਜੀਅਮ ਨੇ ਵੀ ਮੁਕਬਲਾ ਬਰਾਬਰ ਕਰਨ ਲਈ ਕਾਫ਼ੀ ਜਦੋਜਹਿਦ ਕੀਤੀ, ਪਰ ਟੀਮ ਪਹਿਲੇ ਅੱਧ ਤੱਕ ਕੋਈ ਗੋਲ ਨਹੀਂ ਸਕੀ। ਸੇਨੇਗਲ ਦੀ ਟੀਮ ਨੇ ਦੂਸਰੇ ਅੱਧ ’ਚ ਵੀ ਜ਼ੋਰਦਾਰ ਵਾਪਸੀ ਕਰਦੇ ਹੋਏ ਇਕ ਹੋਰ ਗੋਲ ਜੜ ਦਿੱਤਾ। ਟੀਮ ਵਲੋਂ ਇਸਮਾਇਲਾ ਸਰ ਨੇ 51ਵੇਂ ਮਿੰਟ ’ਚ ਗੋਲ ਕਰਕੇ ਸੇਨੇਗਲ ਨੂੰ 2-0 ਦੀ ਬੜਤ ਦਿਵਾਈ। ਇਸ ਤੋਂ ਬਾਅਦ ਬੈਲਜੀਅਮ ਨੇ ਵੀ ਜ਼ੋਰ ਅਜਮਾਈ ਕਰਦੇ ਹੋਏ ਸੇਨੇਗਲ ਦੀ ਬੜਤ ਨੂੰ ਜ਼ਿਆਦਾ ਦੇਰ ਕਾਇਮ ਨਹੀਂ ਰਹਿਣ ਦਿੱਤਾ ਤੇ 2-2 ਨਾਲ ਬਰਾਬਰੀ ਕਰ ਲਈ। ਟੀਮ ਵਲੋਂ ਰੁਮੇਲੁ ਲੁਕਾਕੂ ਨੇ 86ਵੇਂ ਮਿੰਟ ਅਤੇ ਯੂਰੀ ਟਾਇਲਮਾਨਸ ਨੇ 89 ਮਿੰਟ ’ਚ ਸੇਨੇਗਲ ਖਿਲਾਫ਼ ਗੋਲ ਕੀਤੇ। ਹਾਲਾਂਕਿ ਦੋਵਾਂ ਟੀਮਾਂ ਵਿਚਾਲੇ 90 ਮਿੰਟ ਦੇ ਨਿਰਧਾਰਿਤ ਸਮੇਂ ਅਤੇ ਵਾਧੂ ਸਮੇਂ ਦੇ ਬਾਅਦ ਵੀ ਜੇਤੂ ਦਾ ਫੈਸਲਾ ਨਹੀਂ ਹੋ ਸਕਿਆ ਤੇ ਦੋਵਾਂ ਟੀਮਾਂ ਨੇ 2-2 ਦੀ ਬਰਾਬਰੀ ’ਤੇ ਮੁਕਾਬਲਾ ਸਮਾਪਤ ਕੀਤਾ, ਜਿਸ ਦੇ ਬਾਅਦ ਇਸ ਰੁਮਾਂਚਕ ਨਾਕਆਊਟ ਮੈਚ ਦਾ ਨਤੀਜਾ ਪੈਨਾਲਟੀ ਸ਼ੂਟਆਊਟ ਨਾਲ ਐਲਾਨਿਆ ਗਿਆ।