ਚੈਸਟਰ ਲੀ ਸਟ੍ਰੀਟ, 1 ਜੁਲਾਈ (ਏਜੰਸੀ)-ਅਭਿਸ਼ੇਕ ਸ਼ਰਮਾ (59) ਤੇ ਕਪਤਾਨ ਸ਼੍ਰੇਅਸ ਅਇਅਰ (68) ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਭਾਰਤ ਨੇ ਇੰਗਲੈਂਡ ਦੇ ਖਿਲਾਫ਼ ਪਹਿਲੇ ਟੀ-20 ਮੈਚ ’ਚ 7 ਵਿਕਟਾਂ ’ਤੇ 189 ਦੌੜਾਂ ਬਣਾਈਆਂ , ਪਰ ਭਾਰੀ ਮੀਂਹ ਕਾਰਨ ਇਹ ਮੈਚ ਰੱਦ ਕਰਨਾ ਪਿਆ। ਅਭਿਸ਼ੇਕ ਤੇ ਅਇਅਰ ਦੀਆਂ ਪਾਰੀਆਂ ਭਾਰਤ ਲਈ ਚੰਗਾ ਸੰਕੇਤ ਰਹੀਆਂ, ਕਿਉਂਕਿ ਆਇਰਲੈਂਡ ਤੋਂ 0.2 ਨਾਲ ਲੜੀ ਹਾਰਨ ਦਾ ਅਹਿਮ ਕਾਰਨ ਬੱਲੇਬਾਜ਼ੀ ਦਾ ਖਰਾਬ ਪ੍ਰਦਰਸ਼ਨ ਸੀ। ਸ਼ਿਵਮ ਦੂਬੇ 21 ਗੇਂਦਾਂ ’ਚ 42 ਦੌੜਾਂ ਬਣਾ ਕੇ ਨਾਬਾਦ ਰਹੇ। ਇੰਗਲੈਂਡ ਵਲੋਂ ਸਾਕਿਬ ਮਹਿਮੂਦ ਨੇ 3 ਵਿਕਟਾਂ, ਜਦੋਂ ਕਿ ਆਦਿਲ ਰਾਸ਼ਿਦ ਤੇ ਸੈਮ ਕੁਰਨ ਨੇ 1-1 ਵਿਕਟ ਹਾਸਿਲ ਕੀਤੀ। ਭਾਰਤ ਨੇ ਇੰਗਲੈਂਡ ਨੂੰ ਜਿੱਤ ਲਈ 190 ਦੌੜਾਂ ਦਾ ਟੀਚਾ ਦਿੱਤਾ। ਪਰ ਇੰਗਲੈਂਡ ਦੀ ਪਾਰੀ ਦੀ ਸ਼ੁਰੂਆਤ ਹੀ ਨਹੀਂ ਹੋ ਸਕੀ, ਕਿਉਂਕਿ ਪਾਰੀ ਦੀ ਬਰੇਕ ’ਚ ਹੀ ਮੂਸਲਾਧਾਰ ਮੀਂਹ ਪੈਣ ਲੱਗ ਪਿਆ। ਪੰਜ ਓਵਰ ਖੇਡੇ ਜਾਣ ਲਈ ਕੱਟ ਆਫ਼ ਸਮੇਂ ’ਚ 40 ਮਿੰਟ ਤੋਂ ਜ਼ਿਆਦਾ ਸਮਾਂ ਬਾਕੀ ਰਹਿੰਦੇ ਅੰਪਾਇਰਾਂ ਨੇ ਮੈਚ ਰੱਦ ਕਰਨ ਦਾ ਫ਼ੈਸਲਾ ਲਿਆ।