ਖੇਡ ਪੱਤਰਕਾਰਤਾ, ਸਿਰਫ਼ ਖ਼ਬਰ ਨਹੀਂ, ਰਾਸ਼ਟਰ ਨਿਰਮਾਣ ਦਾ ਮਜ਼ਬੂਤ ਸਾਧਨ
ਅਜੀਤ ਡੈਸਕ
02-07-2026
ਜਲੰਧਰ, 1 ਜੁਲਾਈ (ਡਾ. ਜਤਿੰਦਰ ਸਾਬੀ)-ਕਿਸੇ ਵੀ ਦੇਸ਼ ਦੀ ਖੇਡ ਸੰਸਕ੍ਰਿਤੀ ਦਾ ਅਸਲ ਦਰਪਣ ਉਸ ਦੇ ਮੈਦਾਨ ਹੀ ਨਹੀਂ, ਸਗੋਂ ਉਹ ਕਲਮ ਵੀ ਹੁੰਦੀ ਹੈ, ਜੋ ਉਨ੍ਹਾਂ ਮੈਦਾਨਾਂ ਦੀ ਹਰ ਖ਼ਬਰ ਨੂੰ ਲੋਕਾਂ ਤੱਕ ਪਹੁੰਚਾਉਂਦੀ ਹੈ। ਇਸੇ ਲਈ ਹਰ ਸਾਲ 2 ਜੁਲਾਈ ਨੂੰ ਮਨਾਇਆ ਜਾਣ ਵਾਲਾ ਵਿਸ਼ਵ ਖੇਡ ਪੱਤਰਕਾਰ ਦਿਵਸ ਕੇਵਲ ਇਕ ਯਾਦਗਾਰੀ ਦਿਨ ਨਹੀਂ, ਸਗੋਂ ਖੇਡਾਂ ਪ੍ਰਤੀ ਸਮਾਜ ਦੀ ਸੋਚ ਅਤੇ ਪੱਤਰਕਾਰਾਂ ਦੀ ਜ਼ਿੰਮੇਵਾਰੀ ਦਾ ਪ੍ਰਤੀਕ ਹੈ।ਖੇਡ ਪੱਤਰਕਾਰ ਸਿਰਫ਼ ਸਕੋਰ ਕਾਰਡ ਨਹੀਂ ਲਿਖਦਾ। ਉਹ ਇਕ ਖਿਡਾਰੀ ਦੀ ਸਾਲਾਂ ਦੀ ਮਿਹਨਤ, ਪਰਿਵਾਰ ਦੇ ਤਿਆਗ, ਕੋਚ ਦੀ ਲਗਨ ਅਤੇ ਦੇਸ਼ ਲਈ ਜਿੱਤਣ ਦੇ ਜਜ਼ਬੇ ਨੂੰ ਸ਼ਬਦਾਂ ਵਿਚ ਢਾਲਦਾ ਹੈ। ਜਦੋਂ ਕੋਈ ਖਿਡਾਰੀ ਉਲੰਪਿਕ ਜਾਂ ਵਿਸ਼ਵ ਚੈਂਪੀਅਨਸ਼ਿਪ ਵਿਚ ਤਿਰੰਗਾ ਲਹਿਰਾਉਂਦਾ ਹੈ ਤਾਂ ਉਸ ਪਲ ਨੂੰ ਕਰੋੜਾਂ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਖੇਡ ਪੱਤਰਕਾਰ ਕਰਦਾ ਹੈ। ਅੱਜ ਦੇ ਸਮੇਂ ਵਿਚ ਖੇਡ ਪੱਤਰਕਾਰਤਾ ਇਕ ਨਵੇਂ ਦੌਰ ਵਿਚ ਦਾਖ਼ਲ ਹੋ ਚੁੱਕੀ ਹੈ। ਡਿਜ਼ੀਟਲ ਮੀਡੀਆ, ਆਰਟੀਫ਼ਿਸ਼ਲ ਇੰਟੈਲੀਜੈਂਸ (ਏ.ਆਈ.), ਡਾਟਾ ਵਿਸ਼ਲੇਸ਼ਣ ਅਤੇ ਸੋਸ਼ਲ ਮੀਡੀਆ ਨੇ ਖ਼ਬਰਾਂ ਦੀ ਰਫ਼ਤਾਰ ਬੇਮਿਸਾਲ ਬਣਾ ਦਿੱਤੀ ਹੈ ਪਰ ਇਸ ਤੇਜ਼ੀ ਦੇ ਦੌਰ ਵਿਚ ਸਭ ਤੋਂ ਵੱਡੀ ਚੁਣੌਤੀ ਹੈ-ਸੱਚਾਈ, ਤੱਥਾਂ ਦੀ ਪੁਸ਼ਟੀ ਅਤੇ ਨਿਰਪੱਖਤਾ। ਸਭ ਤੋਂ ਪਹਿਲਾਂ ਖ਼ਬਰ ਦੇਣ ਨਾਲੋਂ ਵੱਧ ਮਹੱਤਵਪੂਰਨ ਹੈ, ਸਭ ਤੋਂ ਸਹੀ ਖ਼ਬਰ ਦੇਣਾ। ਭਾਰਤ ਅੱਜ ਵਿਸ਼ਵ ਖੇਡ ਸ਼ਕਤੀ ਬਣਨ ਵੱਲ ਵਧ ਰਿਹਾ ਹੈ। ਕ੍ਰਿਕਟ ਤੋਂ ਇਲਾਵਾ ਹਾਕੀ, ਅਥਲੈਟਿਕਸ, ਬੈਡਮਿੰਟਨ, ਸ਼ੂਟਿੰਗ, ਕੁਸ਼ਤੀ, ਬਾਕਸਿੰਗ, ਕਬੱਡੀ, ਪੈਡਲ ਅਤੇ ਹੋਰ ਕਈ ਖੇਡਾਂ ਵਿੱਚ ਭਾਰਤੀ ਖਿਡਾਰੀ ਨਵੇਂ ਕੀਰਤੀਮਾਨ ਸਥਾਪਤ ਕਰ ਰਹੇ ਹਨ ਪਰ ਦੇਸ਼ ਦੇ ਹਜ਼ਾਰਾਂ ਪਿੰਡਾਂ ਵਿਚ ਅਜੇ ਵੀ ਅਨੇਕਾਂ ਪ੍ਰਤਿਭਾਵਾਂ ਅਜਿਹੀਆਂ ਹਨ, ਜੋ ਸਹੀ ਮੌਕੇ ਅਤੇ ਪਛਾਣ ਦੀ ਉਡੀਕ ਕਰ ਰਹੀਆਂ ਹਨ। ਇੱਥੇ ਖੇਡ ਪੱਤਰਕਾਰਤਾ ਦੀ ਅਸਲ ਭੂਮਿਕਾ ਸ਼ੁਰੂ ਹੁੰਦੀ ਹੈ। ਮੀਡੀਆ ਨੂੰ ਚਾਹੀਦਾ ਹੈ ਕਿ ਉਹ ਸਿਰਫ਼ ਸਿਤਾਰਿਆਂ ਨਹੀਂ, ਸਗੋਂ ਗੁਮਨਾਮ ਹੀਰਿਆਂ ਦੀਆਂ ਕਹਾਣੀਆਂ ਵੀ ਦੇਸ਼ ਸਾਹਮਣੇ ਲਿਆਵੇ। ਪੰਜਾਬ, ਜਿਸ ਨੇ ਭਾਰਤ ਨੂੰ ਅਣਗਿਣਤ ਉਲੰਪਿਅਨ, ਵਿਸ਼ਵ ਚੈਂਪੀਅਨ ਅਤੇ ਅੰਤਰਰਾਸ਼ਟਰੀ ਖਿਡਾਰੀ ਦਿੱਤੇ ਹਨ, ਅੱਜ ਵੀ ਖੇਡਾਂ ਦੀ ਮਜ਼ਬੂਤ ਧਰਤੀ ਹੈ। ਲੋੜ ਇਸ ਗੱਲ ਦੀ ਹੈ ਕਿ ਪਿੰਡ ਪੱਧਰ ਦੇ ਖਿਡਾਰੀਆਂ, ਸਕੂਲੀ ਮੁਕਾਬਲਿਆਂ, ਮਹਿਲਾ ਖੇਡਾਂ ਅਤੇ ਨਵੀਆਂ ਖੇਡਾਂ ਨੂੰ ਵੀ ਬਰਾਬਰ ਦੀ ਤਵੱਜੋ ਮਿਲੇ।