ਪੈਰਾਗੁਏ ’ਤੇ 1-0 ਨਾਲ ਕੀਤੀ ਜਿੱਤ ਦਰਜ
ਨਿਊਯਾਰਕ, 5 ਜੁਲਾਈ (ਰਾਜੂ ਸਹਿਬਾਜ਼ਪੁਰਾ)-ਫੀਫਾ ਵਿਸ਼ਵ ਕੱਪ-2026 ਦੇ ਪ੍ਰੀ-ਕੁਆਰਟਰ ਫਾਈਨਲ ’ਚ ਫਰਾਂਸ ਨੇ ਪੈਰਾਗੁਏ ਨੂੰ 1-0 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕਰ ਲਿਆ। ਭਾਰੀ ਗਰਮੀ ’ਚ ਖੇਡੇ ਗਏ ਇਸ ਮੁਕਾਬਲੇ ’ਚ ਪੈਰਾਗੁਏ ਨੇ ਸ਼ੁਰੂ ਤੋਂ ਅੰਤ ਤੱਕ ਸਖ਼ਤ ਰੱਖਿਆ ਤੇ ਸਰੀਰਕ ਖੇਡ ਦਾ ਪ੍ਰਦਰਸ਼ਨ ਕੀਤਾ, ਪਰ ਕਾਇਲੀਅਨ ਐਮਬਾਪੇ ਦੇ ਪੈਨਲਟੀ ’ਤੇ ਕੀਤੇ ਗੋਲ ਨੇ ਮੈਚ ਦਾ ਫ਼ੈਸਲਾ ਕਰ ਦਿੱਤਾ। ਪਹਿਲੇ ਅੱਧ ਵਿਚ ਫਰਾਂਸ ਨੇ ਗੇਂਦ ’ਤੇ ਪੂਰਾ ਕਬਜ਼ਾ ਬਣਾਈ ਰੱਖਿਆ, ਪਰ ਪੈਰਾਗੁਏ ਦੀ ਮਜ਼ਬੂਤ ਰੱਖਿਆ ਤੇ ਗੋਲਕੀਪਰ ਓਰਲਾਂਡੋ ਗਿੱਲ ਦੇ ਸ਼ਾਨਦਾਰ ਬਚਾਵਾਂ ਕਾਰਨ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਪੈਰਾਗੁਏ ਨੇ ਫਰਾਂਸ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਨਹੀਂ ਦਿੱਤਾ ਅਤੇ ਹਰ ਹਮਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਦੂਜੇ ਅੱਧ ਵਿਚ ਫਰਾਂਸ ਦੇ ਕੋਚ ਦਿਦੀਏ ਦੇਸ਼ਾਂਪ ਨੇ ਡਿਜ਼ਾਇਰ ਡੂਏ ਨੂੰ ਮੈਦਾਨ ’ਚ ਉਤਾਰਿਆ, ਜਿਸ ਨੇ ਮੈਚ ਦਾ ਰੁਖ ਬਦਲ ਦਿੱਤਾ। 69ਵੇਂ ਮਿੰਟ ਵਿਚ ਡੂਏ ਪੈਨਲਟੀ ਖੇਤਰ ’ਚ ਦਾਖ਼ਲ ਹੋਇਆ ਤਾਂ ਪੈਰਾਗੁਏ ਦੇ ਡੀਏਗੋ ਗੋਮੇਜ਼ ਨਾਲ ਹੋਈ ਟੱਕਰ ਤੋਂ ਬਾਅਦ ਉਹ ਡਿੱਗ ਪਿਆ। ਵੀਡੀਓ ਸਹਾਇਕ ਰੈਫਰੀ (ਵੀ.ਏ.ਆਰ.) ਨਾਲ ਸਮੀਖਿਆ ਕਰਨ ਉਪਰੰਤ ਰੈਫਰੀ ਨੇ ਪੈਨਲਟੀ ਦਿੱਤੀ। ਐਮਬਾਪੇ ਨੇ ਇਸ ਮੌਕੇ ਦਾ ਪੂਰਾ ਫ਼ਾਇਦਾ ਚੁੱਕਦਿਆਂ ਗੇਂਦ ਨੂੰ ਗੋਲ ਵਿੱਚ ਭੇਜ ਕੇ ਫਰਾਂਸ ਨੂੰ 1-0 ਦੀ ਬੜ੍ਹਤ ਦਿਵਾਈ, ਜੋ ਅੰਤ ਤੱਕ ਬਰਕਰਾਰ ਰਹੀ। ਮੈਚ ਦੌਰਾਨ ਕਈ ਵਾਰ ਦੋਵੇਂ ਟੀਮਾਂ ਦੇ ਖਿਡਾਰੀਆਂ ਵਿਚਾਲੇ ਤਣਾਅ ਤੇ ਤਿੱਖੀ ਬਹਿਸ ਵੀ ਦੇਖਣ ਨੂੰ ਮਿਲੀ। ਪੈਨਲਟੀ ਦੇ ਫ਼ੈਸਲੇ ਤੋਂ ਬਾਅਦ ਪੈਰਾਗੁਏ ਦੇ ਖਿਡਾਰੀਆਂ ਨੇ ਰੈਫਰੀ ਦਾ ਘਿਰਾਓ ਕਰਕੇ ਵਿਰੋਧ ਕੀਤਾ ਤੇ ਡੂਏ ’ਤੇ ਜਾਣਬੁੱਝ ਕੇ ਡਿੱਗਣ ਦੇ ਦੋਸ਼ ਵੀ ਲਗਾਏ। ਹਾਲਾਂਕਿ ਵੀ.ਏ.ਆਰ. ਨੇ ਰੈਫਰੀ ਦੇ ਫ਼ੈਸਲੇ ਨੂੰ ਸਹੀ ਕਰਾਰ ਦਿੱਤਾ। ਫਰਾਂਸ ਦੇ ਮੱਧ ਮੈਦਾਨੀ ਖਿਡਾਰੀ ਮਾਨੂ ਕੋਨੇ ਨੇ ਵੀ ਸ਼ਾਨਦਾਰ ਖੇਡ ਦਿਖਾਈ ਤੇ ਟੀਮ ਨੂੰ ਮੈਦਾਨ ਦੇ ਕੇਂਦਰ ਵਿੱਚ ਮਜ਼ਬੂਤੀ ਦਿੱਤੀ, ਜਦਕਿ ਪੈਰਾਗੁਏ ਦੇ ਗੋਲਕੀਪਰ ਓਰਲਾਂਡੋ ਗਿੱਲ ਨੇ ਕਈ ਬਿਹਤਰੀਨ ਬਚਾਅ ਕਰਕੇ ਆਪਣੀ ਟੀਮ ਨੂੰ ਲੰਮੇ ਸਮੇਂ ਤੱਕ ਮੈਚ ਵਿੱਚ ਬਣਾਈ ਰੱਖਿਆ। ਉਨ੍ਹਾਂ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ।
ਇਹ ਐਮਬਾਪੇ ਦਾ ਇਸ ਵਿਸ਼ਵ ਕੱਪ ਵਿੱਚ 7ਵਾਂ ਗੋਲ ਹੈ। ਇਸ ਨਾਲ ਉਹ ਗੋਲਡਨ ਬੂਟ ਦੀ ਦੌੜ ਵਿਚ ਲਿਓਨਲ ਮੈਸੀ ਦੇ ਬਰਾਬਰ ਪਹੁੰਚ ਗਿਆ ਹੈ, ਹਾਲਾਂਕਿ ਸਹਾਇਕ ਗੋਲਾਂ (ਅਸਿਸਟ) ਦੇ ਆਧਾਰ ’ਤੇ ਉਹ ਅੱਗੇ ਹੈ। ਇਸ ਦੇ ਨਾਲ ਹੀ ਐਮਬਾਪੇ ਨੇ ਵਿਸ਼ਵ ਕੱਪ ਦੇ ਨਾਕਆਊਟ ਮੁਕਾਬਲਿਆਂ ਵਿੱਚ ਆਪਣਾ 11ਵਾਂ ਗੋਲ ਕਰਕੇ ਇੱਕ ਹੋਰ ਇਤਿਹਾਸਕ ਰਿਕਾਰਡ ਆਪਣੇ ਨਾਂਅ ਕੀਤਾ।
ਹੁਣ ਫਰਾਂਸ ਦਾ ਕੁਆਰਟਰ ਫਾਈਨਲ ਮੁਕਾਬਲਾ 9 ਜੁਲਾਈ ਨੂੰ ਮੋਰੱਕੋ ਨਾਲ ਹੋਵੇਗਾ। ਮੋਰੱਕੋ ਨੇ ਆਪਣੇ ਪ੍ਰੀ-ਕੁਆਰਟਰ ਫਾਈਨਲ ਵਿਚ ਕੈਨੇਡਾ ਨੂੰ ਹਰਾ ਕੇ ਆਖ਼ਰੀ ਅੱਠ ਵਿੱਚ ਥਾਂ ਬਣਾਈ ਹੈ।
ਐਮਬਾਪੇ ਨੇ ਫਰਾਂਸ ਨੂੰ ਕੁਆਰਟਰ ਫਾਈਨਲ ’ਚ ਪਹੁੰਚਾਇਆ
ਅਜੀਤ ਡੈਸਕ
06-07-2026