-ਸੰਸਦ ਮੈਂਬਰਾਂ ਦੀ ਅਹਿਮ ਬੈਠਕ ਮੰਗਲਵਾਰ ਨੂੰ
ਲੈਸਟਰ (ਇੰਗਲੈਂਡ), 21 ਫ਼ਰਵਰੀ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਸ਼ਾਹੀ ਪਰਿਵਾਰ ਨਾਲ ਸੰਬੰਧਤ ਐਂਡਰਿਊ ਮਾਊਾਟਬੈਟਨ-ਵਿੰਡਸਰ ਦੀ ਸਰਕਾਰੀ ਅਹੁਦੇ ਨਾਲ ਜੁੜੀ ਬਦਅਮਲੀ ਦੇ ਸ਼ੱਕ 'ਚ ਗਿ੍ਫ਼ਤਾਰੀ ਤੋਂ ਬਾਅਦ ਹੁਣ ਮਾਮਲੇ ਨੇ ਰਾਜਨੀਤਿਕ ਪੱਧਰ 'ਤੇ ਵੀ ਗੰਭੀਰ ਰੂਪ ਧਾਰ ਲਿਆ ਹੈ | ਮੀਡੀਆ ਰਿਪੋਰਟਾਂ ਅਨੁਸਾਰ ਸੰਸਦ ਮੈਂਬਰਾਂ ਦਾ ਇਕ ਪ੍ਰਭਾਵਸ਼ਾਲੀ ਗਰੁੱਪ ਯੂ.ਕੇ. ਦੇ ਟਰੇਡ ਐਨਵਾਇਜ਼ (ਵਪਾਰ ਦੂਤਾਂ) ਦੀ ਭੂਮਿਕਾ ਬਾਰੇ ਸੰਸਦੀ ਜਾਂਚ ਸ਼ੁਰੂ ਕਰਨ 'ਤੇ ਵਿਚਾਰ ਕਰਨ ਜਾ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਬਿਜ਼ਨਸ ਐਂਡ ਟਰੇਡ ਕਮੇਟੀ ਮੰਗਲਵਾਰ ਨੂੰ ਹੋਣ ਵਾਲੀ ਬੈਠਕ ਦੌਰਾਨ ਆਪਣੇ ਵਿਕਲਪਾਂ 'ਤੇ ਚਰਚਾ ਕਰੇਗੀ | ਇਹ ਵਿਚਾਰ-ਵਟਾਂਦਰਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਜੈਫਰੀ ਐਪਸਟਿਨ ਨਾਲ ਸੰਬੰਧਿਤ ਫਾਈਲਾਂ ਸਾਹਮਣੇ ਆਉਣ ਤੋਂ ਬਾਅਦ ਸਾਬਕਾ ਸ਼ਾਹੀ ਮੈਂਬਰ ਖਿਲਾਫ਼ ਨਵੇਂ ਦੋਸ਼ ਲਗੇ ਤੇ ਪੁਲਿਸ ਜਾਂਚ ਸ਼ੁਰੂ ਕੀਤੀ ਗਈ | ਸਰੋਤਾਂ ਮੁਤਾਬਕ ਸੰਭਾਵਿਤ ਸੰਸਦੀ ਜਾਂਚ ਵਿਚ ਖ਼ਾਸ ਤੌਰ 'ਤੇ ਸਰਕਾਰੀ ਵਪਾਰਕ ਨੀਤੀਆਂ, ਖਰਚੇ ਤੇ ਅੰਤਰਰਾਸ਼ਟਰੀ ਵਪਾਰਕ ਨੁਮਾਇੰਦਿਆਂ ਦੀ ਭੂਮਿਕਾ ਦੀ ਸਮੀਖਿਆ ਕੀਤੀ ਜਾ ਸਕਦੀ ਹੈ | ਇਹ ਜਾਂਚ ਪੁਲਿਸ ਵੱਲੋਂ ਚੱਲ ਰਹੀ ਅਪਰਾਧਿਕ ਜਾਂਚ ਤੋਂ ਵੱਖ ਹੋਵੇਗੀ ਅਤੇ ਸੰਸਦੀ ਜਵਾਬਦੇਹੀ ਦੇ ਤਹਿਤ ਕੀਤੀ ਜਾਵੇਗੀ | ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਮਾਮਲਾ ਸਿਰਫ਼ ਵਿਅਕਤੀਗਤ ਦੋਸ਼ਾਂ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਸਰਕਾਰ ਅਤੇ ਸ਼ਾਹੀ ਸੰਸਥਾਵਾਂ ਨਾਲ ਜੁੜੇ ਸਰਕਾਰੀ ਅਹੁਦਿਆਂ ਦੀ ਪਾਰਦਰਸ਼ਤਾ 'ਤੇ ਵੀ ਸਵਾਲ ਖੜੇ ਕਰ ਸਕਦਾ ਹੈ | ਇਸਦੇ ਨਾਲ ਹੀ ਸੰਸਦ ਵਿੱਚ ਵਪਾਰਕ ਨਿਯੁਕਤੀਆਂ ਤੇ ਉਨ੍ਹਾਂ ਦੇ ਨਿਗਰਾਨੀ ਮਕੈਨਿਜ਼ਮ ਬਾਰੇ ਵੱਡੀ ਚਰਚਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਅਧਿਕਾਰੀਆਂ ਵੱਲੋਂ ਮਾਮਲੇ ਬਾਰੇ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਤੇ ਜਾਂਚ ਜਾਰੀ ਹੈ | ਆਉਣ ਵਾਲੇ ਦਿਨਾਂ 'ਚ ਸੰਸਦੀ ਫ਼ੈਸਲਾ ਤੇ ਪੁਲਿਸ ਜਾਂਚ ਦੇ ਨਤੀਜੇ ਇਸ ਮਾਮਲੇ ਦੀ ਅਗਲੀ ਦਿਸ਼ਾ ਨਿਰਧਾਰਤ ਕਰਨਗੇ |