-ਲੇਬਰ ਪਾਰਟੀ ਵਲੋਂ ਮੈਦਾਨ 'ਚ ਉਤਾਰਿਆ ਗਿਆ
ਐਡੀਲੇਡ, 21 ਫਰਵਰੀ (ਗੁਰਮੀਤ ਸਿੰਘ ਵਾਲੀਆ)-ਮੋਰੀਅਲਟਾ ਹਲਕੇ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਮੈਥਿਊ ਮੋਰੋਜ਼ੀ ਨੂੰ ਆਸਟ੍ਰੇਲੀਅਨ ਲੇਬਰ ਪਾਰਟੀ ਵੱਲੋਂ ਉਸਦੀ ਲਗਨ, ਸਖ਼ਤ ਮਿਹਨਤ ਤੇ ਸਮਾਜ ਸੇਵਾ ਨੂੰ ਦੇਖਦੇ ਹੋਏ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ | ਪਰਵਾਸੀ ਮਾਪਿਆਂ ਦੀ ਮਿਹਨਤ ਤੇ ਸੰਘਰਸ਼ ਨਾਲ ਤਿਆਰ ਹੋਇਆ ਮੈਥਿਊ ਅੱਜ ਐਡੀਲੇਡ ਦੇ ਪੂਰਬੀ ਇਲਾਕਿਆਂ 'ਚ ਆਪਣੀ ਵੱਖਰੀ ਪਛਾਣ ਬਣਾਉਂਦਾ ਹੋਇਆ ਲੇਬਰ ਪਾਰਟੀ ਦਾ ਇਕ ਸਰਗਰਮ ਤੇ ਨਿਸ਼ਠਾਵਾਨ ਵਰਕਰ ਮੰਨਿਆ ਜਾਂਦਾ ਹੈ | ਉਸਨੇ ਹਮੇਸ਼ਾਂ ਲੋਕਾਂ ਦੀ ਭਲਾਈ ਤੇ ਹਲਕੇ ਦੀ ਤਰੱਕੀ ਲਈ ਕੰਮ ਕੀਤਾ ਹੈ | ਮੈਥਿਊ ਦੇ ਪਿਤਾ ਇਟਲੀ ਤੋਂ ਤੇ ਮਾਤਾ ਫਿਲੀਪੀਨਜ਼ ਤੋਂ ਇਕ ਚੰਗੇ ਭਵਿੱਖ ਦੀ ਖੋਜ ਵਿਚ ਆਸਟ੍ਰੇਲੀਆ ਆਏ ਸਨ | ਉਨ੍ਹਾਂ ਨੇ ਸਖ਼ਤ ਮਿਹਨਤ ਨਾਲ ਆਪਣੇ ਪਰਿਵਾਰ ਨੂੰ ਮਜ਼ਬੂਤ ਅਧਾਰ ਦਿੱਤਾ | ਮੈਥਿਊ ਦੀ ਮਾਂ ਸਫ਼ਾਈ ਕਰਮਚਾਰੀ ਵਜੋਂ ਅਤੇ ਪਿਤਾ ਕੌਂਸਲ ਵਿਚ ਸੇਵਾ ਨਿਭਾਉਂਦੇ ਰਹੇ | ਮਾਪਿਆਂ ਦੀ ਲਗਨ ਸਦਕਾ ਮੈਥਿਊ ਨੇ ਯੂਨੀਵਰਸਿਟੀ ਤੱਕ ਪੜ੍ਹਾਈ ਕੀਤੀ ਤੇ ਕੈਂਪਬੈਲਟਾਊਨ 'ਚ ਰਹਿੰਦਿਆਂ ਸਮਾਜ ਨਾਲ ਨੇੜਲਾ ਨਾਤਾ ਬਣਾਇਆ | ਉਸਦੇ ਪਿਤਾ ਮਰੀਨੋ ਸਥਾਨਕ ਭਾਈਚਾਰੇ ਵਿਚ ਫੁੱਟਬਾਲ ਕੋਚਿੰਗ, ਘੋੜਿਆਂ ਦੀ ਟ੍ਰੇਨਿੰਗ ਤੇ ਪਾਰਕਾਂ ਦੀ ਸੰਭਾਲ ਵਰਗੀਆਂ ਗਤਿਵਿਧੀਆਂ ਰਾਹੀਂ ਸਰਗਰਮ ਭੂਮਿਕਾ ਨਿਭਾਉਂਦੇ ਰਹੇ, ਜੋ ਅੱਜ ਵੀ ਮੈਥਿਊ ਲਈ ਪ੍ਰੇਰਣਾ ਦਾ ਸਰੋਤ ਹਨ | ਮੈਥਿਊ ਮਾਰਕੇ ਕਲੱਬ ਤੇ ਓਲਡ ਲੋਕਾਂ ਲਈ ਫੁੱਟਬਾਲ ਖੇਡ ਕੇ ਅਜੇ ਵੀ ਨੌਜਵਾਨਾਂ ਤੇ ਭਾਈਚਾਰੇ ਨਾਲ ਜੁੜਿਆ ਹੋਇਆ ਹੈ | ਉਸਦਾ ਕਹਿਣਾ ਹੈ ਕਿ, ਜਿਵੇਂ ਪ੍ਰੀਮੀਅਰ ਪੀਟਰ ਮਾਲੀਨੌਸਕਸ ਦੀ ਸੋਚ ਉਨ੍ਹਾਂ ਦੇ ਪਰਿਵਾਰਕ ਪਿਛੋਕੜ ਨਾਲ ਬਣੀ, ਉਸੇ ਤਰ੍ਹਾਂ ਉਸਦੀ ਸੋਚ ਵੀ ਆਪਣੇ ਮਾਪਿਆਂ ਦੇ ਸੰਘਰਸ਼ ਨਾਲ ਤਿਆਰ ਹੋਈ ਹੈ | ਮੈਥਿਊ ਮਰੋਜ਼ੀ ਦਾ ਟੀਚਾ ਸੰਸਦ 'ਚ ਇਕ ਮਜ਼ਬੂਤ ਸਥਾਨਕ ਆਵਾਜ਼ ਬਣ ਕੇ ਨੌਜਵਾਨਾਂ ਤੇ ਆਮ ਪਰਿਵਾਰਾਂ ਲਈ ਮੌਕੇ ਪੈਦਾ ਕਰਨਾ ਹੈ, ਤਾਂ ਜੋ ਹਰ ਬੱਚਾ ਮਿਹਨਤ ਦੇ ਬਲ 'ਤੇ ਅੱਗੇ ਵਧ ਸਕੇ | ਉਸਦਾ ਕਹਿਣਾ ਹੈ ਕਿ ਉਹ ਮੋਰੀਅਲਟਾ ਹਲਕੇ ਦੀ ਤਰੱਕੀ, ਸਿੱਖਿਆ, ਰੋਜ਼ਗਾਰ ਤੇ ਸਮਾਜਕ ਭਲਾਈ ਲਈ ਪੂਰੀ ਨਿਸ਼ਠਾ ਨਾਲ ਕੰਮ ਕਰੇਗਾ |