ਸੈਕਰਾਮੈਂਟੋ, 21 ਫਰਵਰੀ (ਹੁਸਨ ਲੜੋਆ ਬੰਗਾ)-ਟਰੇਸੀ ਦੇ ਇਕ ਗੁਰਦੁਆਰੇ ਤੋਂ ਇਕ 57 ਸਾਲਾ ਬਜੁਰਗ ਸਿੱਖ ਅਵਤਾਰ ਸਿੰਘ ਦੇ ਭੇਦਭਰੇ ਹਾਲਾਤ ਵਿਚ ਲਾਪਤਾ ਹੋ ਜਾਣ ਦੀ ਖਬਰ ਹੈ | ਸਮਝਿਆ ਜਾਂਦਾ ਹੈ ਕਿ ਉਸ ਨੂੰ ਜਬਰਦਸਤੀ ਅਗਵਾ ਕਰ ਲਿਆ ਗਿਆ ਹੈ | ਜਾਂਚ ਅਧਿਕਾਰੀਆਂ ਅਨੁਸਾਰ ਅਵਤਾਰ ਸਿੰਘ 17 ਫਰਵਰੀ ਦੀ ਰਾਤ ਨੂੰ ਲਾਪਤਾ ਹੋਇਆ | ਸੀ.ਸੀ.ਟੀ.ਵੀ. ਵੀਡੀਓ ਵਿਚ 3 ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਕਾਲੇ ਕਪੜੇ ਪਾਏ ਹੋਏ ਹਨ, ਚਿੱਟੇ ਰੰਗ ਦੀ ਐਸ.ਯੂ.ਵੀ. ਗੱਡੀ ਵਿਚ ਅਵਤਾਰ ਸਿੰਘ ਨੂੰ ਲਿਜਾਂਦੇ ਹੋਏ ਨਜ਼ਰ ਆ ਰਹੇ ਹਨ | ਜਾਂਚਕਾਰ ਇਨਾਂ ਵਿਅਕਤੀਆਂ ਦੀ ਪਛਾਣ ਕਰਨ ਦਾ ਯਤਨ ਕਰ ਰਹੇ ਹਨ | ਹਾਲਾਂਕਿ ਪੁਲਿਸ ਅਫਸਰਾਂ ਦਾ ਕਹਿਣਾ ਹੈ ਕਿ ਉਹ ਵਿਅਕਤੀ ਦੇ ਲਾਪਤਾ ਤੇ ਅਗਵਾ ਹੋਣ ਦੋਵਾਂ ਹੀ ਪੱਖਾਂ ਤੋਂ ਜਾਂਚ ਕਰ ਰਹੇ ਹਨ | ਲਾਅ ਇਨਫੋਰਸਮੈਂਟ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਅਵਤਾਰ ਸਿੰਘ ਟਰੇਸੀ ਗੁਰਦੁਆਰਾ ਸਾਹਿਬ 'ਚ ਸੇਵਾਦਾਰ ਵਜੋਂ ਕੰਮ ਕਰਦਾ ਸੀ ਤੇ ਉਹ ਗੁਰਦੁਆਰਾ ਦੇ ਅੰਦਰ ਹੀ ਰਹਿੰਦਾ ਸੀ | ਉਹ ਮੂਲ ਰੂਪ 'ਚ ਲੁੁਧਿਆਣਾ ਦਾ ਰਹਿਣਾ ਵਾਲਾ ਹੈ ਤੇ ਉਸ ਦਾ ਪਰਿਵਾਰ ਕਈ ਸਾਲ ਕੈਲੀਫੋਰਨੀਆ 'ਚ ਰਹਿੰਦਾ ਰਿਹਾ ਹੈ | ਪੁਲਿਸ ਨੇ ਅਵਤਾਰ ਸਿੰਘ ਤੇ ਐਸ.ਯੂ.ਵੀ. ਗੱਡੀ ਦੀ ਤਸਵੀਰ ਜਨਤਕ ਕੀਤੀ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੰਬੰਧੀ ਕੋਈ ਵੀ ਜਾਣਕਾਰੀ ਮਿਲਣ 'ਤੇ ਪੁਲਿਸ ਨਾਲ ਸੰਪਰਕ ਕੀਤਾ ਜਾਵੇ |