ਲੰਡਨ, 2 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬ੍ਰਮਿੰਘਮ ਦੇ ਓਲਡਬਰੀ ਵਿਚ ਬੀਤੇ ਵਰ੍ਹੇ ਹੋਏ ਇਕ ਪੰਜਾਬਣ ਪਰਮਜੀਤ ਕੌਰ ਦੇ ਕਤਲ ਦੇ ਮਾਮਲੇ ਸਬੰਧੀ ਵੁਲਵਰਹੈਂਪਟਨ ਕਰਾਊਨ ਕੋਰਟ ਵਿਚ ਅੱਜ ਜੱਜ ਜੌਨ ਬਟਰਫੀਲਡ ਕੇ.ਸੀ. ਨੇ ਹਰਮਿੰਦਰ ਮੱਟੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ ਨਾਲ ਹੀ ਜਮਾਨਤ ਤੋਂ ਪਹਿਲਾਂ ਘੱਟੋ-ਘੱਟ 18 ਸਾਲ ਕੈਦ ਰੱਖਣ ਦੀ ਸਜ਼ਾ ਸੁਣਾਈ ਹੈ | ਪਰਮਜੀਤ ਕੌਰ ਦੇ ਪਤੀ 51 ਸਾਲਾ ਹਰਮਿੰਦਰ ਸਿੰਘ ਮੱਟੂ ਨੇ ਘਟਨਾ ਤੋਂ ਤੁਰੰਤ ਬਾਅਦ 31 ਮਾਰਚ ਨੂੰ ਵੈਸਟ ਬ੍ਰਾਮਿੰਚ ਪੁਲਿਸ ਸਟੇਸ਼ਨ ਖ਼ੁਦ ਹੀ ਜਾ ਕੇ ਦੋਸ਼ ਕਬੂਲੇ ਸਨ, ਪਰ ਸੁਣਵਾਈ ਦੌਰਾਨ ਉਹ ਕਤਲ ਦੇ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ | ਲੇਕਿਨ ਜਿਊਰੀ ਨੇ ਮੱਟੂ ਨੂੰ ਦੋਸ਼ੀ ਠਹਿਰਾਇਆ ਤੇ ਅੱਜ ਉਸ ਨੂੰ ਵੁਲਵਰਹੈਂਪਟਨ ਅਦਾਲਤ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ | ਅਦਾਲਤ ਵਿਚ ਦੱਸਿਆ ਕਿ ਹਰਮਿੰਦਰ ਮੱਟੂ ਦੀ ਪਤਨੀ ਪਰਮਜੀਤ ਕੌਰ ਆਪਣੇ ਵਿਆਹ ਦਾ 10 ਸਾਲ ਪੁਰਾਣਾ ਰਿਸ਼ਤਾ ਖ਼ਤਮ ਕਰਕੇ ਤਲਾਕ ਲੈਣਾ ਚਾਹੁੰਦੀ ਸੀ | ਜਿਸ ਨੂੰ ਲੈ ਕੇ 51 ਸਾਲਾ ਮੱਟੂ ਨੇ ਉਨ੍ਹਾਂ ਦੇ ਓਲਡਬਰੀ ਘਰ 'ਚ ਹੀ ਪਰਮਜੀਤ ਕੌਰ ਦਾ ਗਲਾ ਘੁੱਟ ਕੇ ਤੇ ਫਿਰ ਉਸਦੀ ਗਰਦਨ 'ਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ | ਪਰਮਜੀਤ ਕੌਰ, ਜਿਸਨੂੰ ਸੋਨੀ ਵਜੋਂ ਜਾਣਿਆ ਜਾਂਦਾ ਸੀ, ਦਾ ਜਨਮ ਪੰਜਾਬ, ਭਾਰਤ 'ਚ ਹੋਇਆ ਸੀ | ਉਹ 2010 ਤੇ 2011 ਦੇ ਵਿਚਕਾਰ ਯੂ.ਕੇ. ਆਈ ਸੀ |