ਸੈਕਰਾਮੈਂਟੋ, 22 ਅਪ੍ਰੈਲ (ਹੁਸਨ ਲੜੋਆ ਬੰਗਾ)-ਇਕ ਮਿਡਲ ਸਕੂਲ ਨਾਲ ਲੱਗਦੇ ਨਾਰਥ ਕੈਰੋਲੀਨਾ ਪਬਲਿਕ ਪਾਰਕ ਵਿਚ ਗਿਣਮਿਥ ਕੇ ਹੋਈ ਲੜਾਈ ਜੋ ਬਾਅਦ ਵਿਚ ਗੋਲੀਬਾਰੀ ਵਿੱਚ ਬਦਲ ਗਈ ਵਿਚ 2 ਨੌਜਵਾਨਾਂ ਦੀ ਮੌਤ ਹੋ ਜਾਣ ਅਤੇ 5 ਹੋਰਾਂ ਦੇੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਇਹ ਜਾਣਕਾਰੀ ਵਿੰਸਟਨ-ਸਲੇਮ ਪੁਲਿਸ ਨੇ ਜਾਰੀ ਇਕ ਬਿਆਨ ਵਿਚ ਦਿੱਤੀ | ਪੁਲਿਸ ਕੈਪਟਨ ਕੈਵਿਨ ਬਰਨਸ ਨੇ ਦੱਸਿਆ ਕਿ ਸਵੇਰ ਵੇਲੇ ਹੋਈ ਗੋਲੀਬਾਰੀ ਵਿਚ ਮਾਰੇ ਗਏ ਨਬਾਲਗ ਮੁੰਡਿਆਂ ਦੀ ਪਛਾਣ 17 ਸਾਲਾ ਏਰੂਬੇ ਰੋਮੇਰੋ ਮੈਡੀਨਾ ਤੇ 16 ਸਾਲਾ ਡੈਨੀਅਲ ਜਿਮੇਨੇਜ਼ ਮਿਲੀਅਨ ਵਜੋਂ ਹੋਈ ਹੈ | ਇਨ੍ਹਾਂ ਨੂੰ ਮੌਕੇ ਉਪਰ ਹੀ ਮਿ੍ਤਕ ਐਲਾਨ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਜ਼ਖ਼ਮੀ 5 ਨੌਜਵਾਨਾਂ ਵਿਚ 4 ਲੜਕੀਆਂ ਤੇ ਇਕ ਲੜਕਾ ਹੈ, ਜਿਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਹੈ | ਇਨ੍ਹਾਂ ਸਾਰਿਆਂ ਦੀ ਉਮਰ 14 ਤੋਂ 19 ਸਾਲ ਦੇ ਦਰਮਿਆਨ ਹੈ | ਪੁਲਿਸ ਨੇ ਇਨ੍ਹਾਂ ਦੀ ਪਛਾਣ ਕਰ ਲਈ ਪ੍ਰੰਤੂ ਨਾਂਅ ਜਨਤਕ ਨਹੀਂ ਕੀਤੇ ਹਨ | ਘਟਨਾ ਸੰਬੰਧੀ ਅਜੇ ਤੱਕ ਕੋਈ ਗਿ੍ਫ਼ਤਾਰੀ ਨਹੀਂ ਹੋਈ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |