ਲੈਸਟਰ (ਇੰਗਲੈਂਡ), 25 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸਹਿਰ ਵੋਲਵਰਹੈਂਪਟਨ ਦੀ ਇਕ ਰਹਾਇਸ਼ੀ ਗਲੀ ਵਿਚ ਸ਼ੁੱਕਰਵਾਰ ਦੀ ਸ਼ਾਮ ਵਾਪਰੀ ਦੁਖਦਾਈ ਘਟਨਾ ਦੌਰਾਨ ਘਰ ਨੂੰ ਲੱਗੀ ਭਿਆਨਕ ਅੱਗ ਨੇ ਦੋ ਨੰਨੇ ਬੱਚਿਆਂ ਦੀ ਜ਼ਿੰਦਗੀ ਲੈ ਲਈ, ਜਿਸ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ | ਪ੍ਰਾਪਤ ਵੇਰਵਿਆਂ ਅਨੁਸਾਰ ਮੈਸਨ ਗਲੀ ਵਿੱਚ ਕਰੀਬ ਸਾਢੇ ਅੱਠ ਵਜੇ ਅਚਾਨਕ ਅੱਗ ਲੱਗ ਗਈ | ਘਟਨਾ ਦੀ ਸੂਚਨਾ ਮਿਲਦੇ ਹੀ ਕਾਨੂੰਨ ਰੱਖਿਆ ਬਲ, ਅੱਗ ਬੁਝਾਉ ਦਲ ਅਤੇ ਰੋਗੀ ਸਹਾਇਤਾ ਦਲ ਮੌਕੇ 'ਤੇ ਪਹੁੰਚ ਗਏ ਅਤੇ ਤੁਰੰਤ ਬਚਾਵ ਕਾਰਜ ਸ਼ੁਰੂ ਕੀਤਾ ਗਿਆ | ਅੱਗ ਬੁਝਾਉ ਦਲ ਦੇ ਕਰਮਚਾਰੀਆਂ ਨੇ ਮਕਾਨ ਅੰਦਰ ਦਾਖਲ ਹੋ ਕੇ ਦੋ ਨੰਨੇ ਬੱਚਿਆਂ ਨੂੰ ਬਾਹਰ ਕੱਢਿਆ | ਇਸ ਤੋਂ ਬਾਅਦ ਚਿਕਿਤਸਕ ਕਰਮਚਾਰੀਆਂ ਵੱਲੋਂ ਮੌਕੇ 'ਤੇ ਹੀ ਉਨ੍ਹਾਂ ਨੂੰ ਜੀਵਨ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਅਫਸੋਸਜਨਕ ਤੌਰ 'ਤੇ ਦੋਹਾਂ ਬੱਚਿਆਂ ਨੂੰ ਬਚਾਇਆ ਨਾ ਜਾ ਸਕਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ | ਦੱਸਿਆ ਜਾਂਦਾ ਹੈ ਕਿ ਘਟਨਾ ਸਮੇਂ ਮਕਾਨ ਵਿਚ ਮੌਜੂਦ ਇਕ ਔਰਤ ਅਤੇ ਹੋਰ ਦੋ ਬੱਚੇ ਪਹਿਲਾਂ ਹੀ ਬਾਹਰ ਨਿਕਲ ਆਏ ਸਨ | ਉਨ੍ਹਾਂ ਦੀ ਜਾਂਚ ਕੀਤੀ ਗਈ ਪਰ ਕਿਸੇ ਨੂੰ ਵੀ ਗੰਭੀਰ ਚੋਟ ਨਾ ਹੋਣ ਕਾਰਨ ਹੋਰ ਇਲਾਜ ਦੀ ਲੋੜ ਨਹੀਂ ਪਈ | ਅੱਗ ਕਾਰਨ ਮਕਾਨ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ | ਕਾਨੂੰਨ ਰੱਖਿਆ ਬਲ ਵੱਲੋਂ ਮਕਾਨ ਦੇ ਆਲੇ ਦੁਆਲੇ ਘੇਰਾ ਪਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਬਾਰੇ ਪੜਤਾਲ ਜਾਰੀ ਹੈ | ਅਧਿਕਾਰੀਆਂ ਨੇ ਇਸ ਘਟਨਾ 'ਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਮਿ੍ਤਕ ਬੱਚਿਆਂ ਦੇ ਪਰਿਵਾਰ ਨਾਲ ਸਾਂਝੀ ਸੰਵੇਦਨਾ ਹੈ | ਸਥਾਨਕ ਲੋਕਾਂ ਵੱਲੋਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ |