ਲੰਡਨ (ਓਂਟਾਰੀਓ), 1 ਜੂਨ (ਕੰਵਲਜੀਤ ਸਿੰਘ ਕੰਵਲ)-1971 'ਚ ਇੰਗਲੈਂਡ ਤੋਂ ਆ ਕੇ ਇੱਥੇ ਵਸੇ ਕੁੱਝ ਪਰਿਵਾਰਾਂ ਵੱਲੋਂ ਤਿਆਰ ਕੀਤੇ ਗਏ ਗੁਰਦੁਆਰਾ ਸਾਹਿਬ ਜਿਸ ਨੂੰ ਲੰਡਨ ਸਿੱਖ ਸੁਸਾਇਟੀ ਕਲਾਰਕ ਰੋਡ ਲੰਡਨ ਗੁਰਦੁਆਰਾ ਸਾਹਿਬ ਵਜੋਂ ਜਾਣਿਆ ਜਾਂਦਾ ਹੈ, ਸਮੇਂ ਸਮੇਂ ਅਨੁਸਾਰ ਇਸ ਸ਼ਹਿਰ 'ਚ ਸਿੱਖ ਭਾਈਚਾਰੇ ਦੀ ਵੱਧ ਰਹੀ ਆਬਾਦੀ ਨੂੰ ਧਿਆਨ 'ਚ ਰੱਖਦਿਆਂ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਇਸ ਗੁਰਦੁਆਰਾ ਸਾਹਿਬ ਦੇ ਵਿਸਥਾਰ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਅੱਜ ਸਵੇਰ ਤੋਂ ਹੀ ਗੁਰਦੁਆਰਾ ਸਾਹਿਬ ਜੀ ਵਿਖੇ ਐਤਵਾਰ ਦੇ ਕੀਰਤਨ ਉਪਰੰਤ ਸੰਗਤਾਂ ਦੀ ਵੱਡੀ ਹਾਜ਼ਰੀ ਸਮੇਂ ਗੁਰਦੁਆਰਾ ਪਰੀਸਰ 'ਚ ਗੁਰਦੁਆਰਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਭਾਈ ਗੁਰਮੁਖ ਸਿੰਘ ਨੇ ਇਸ ਗੁਰਦੁਆਰਾ ਸਾਹਿਬ ਜੀ ਦੇ ਪਸਾਰ ਤੇ ਵਿਸਥਾਰ ਲਈ ਅਰਦਾਸ ਕੀਤੀ ਤੇ ਭਾਰਤ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਭਾਈ ਗਿਆਨੀ ਹਰਵਿੰਦਰ ਸਿੰਘ ਗੰਗਾਨਗਰ ਵਾਲੇ ਕਥਾ ਵਾਚਕ ਮੰਜੀ ਸਾਹਿਬ ਸਿਰੀ ਦਰਬਾਰ ਸਾਹਿਬ ਵਾਲਿਆਂ ਵੱਲੋਂ ਟੱਕ ਲਾਕੇ ਇਸ ਕਾਰਜ ਦੀ ਸ਼ੁਰੂਆਤ ਕੀਤੀ। ਇਸ ਮੌਕੇ ਗੁਰਦੁਆਰਾ ਲੰਡਨ ਸਿੱਖ ਸੁਸਾਇਟੀ ਦੇ ਪ੍ਰਧਾਨ ਹਕੀਕਤ ਸਿੰਘ ਗਿੱਲ ਤੇ ਮੀਤ ਪ੍ਰਧਾਨ ਅਮੋਲਕ ਸਿੰਘ ਬਰਾੜ ਮੀਤ ਪ੍ਰਧਾਨ ਹੋਰਾਂ ਨੇ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਇਸ ਕਾਰਜ ਨੂੰ ਸਿਰੇ ਚਾੜ੍ਹਨ ਲਈ ਸੰਗਤਾਂ ਪਾਸੋਂ ਤਨ ਮਨ ਤੇ ਧੰਨ ਨਾਲ ਵੱਡੇ ਸਹਿਯੋਗ ਦੀ ਮੰਗ ਕੀਤੀ।
ਲੰਡਨ (ਓਂਟਾਰੀਓ) ਵਿਖੇ ਗੁਰਦੁਆਰਾ ਸਾਹਿਬ ਦੀ ਨਵ-ਉਸਾਰੀ ਸੇਵਾ ਸ਼ੁਰੂ
ਅਜੀਤ ਡੈਸਕ
02-06-2026