23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਫੀਫਾ ਵਿਸ਼ਵ ਕੱਪ ਦਾ ਜਾਦੂ ਲੈਸਟਰ ‘ਚ ਵੀ ਸਿਰ ਚੜ੍ਹ ਬੋਲਿਆ, ਸਿਟੀ ਕੌਂਸਲ ਵੱਲੋਂ ਫੁੱਟਬਾਲ ਪ੍ਰੇਮੀਆਂ ਲਈ ਵੱਡੀ ਸਕਰੀਨ ‘ਤੇ ਮੈਚ ਵੇਖਣ ਦੇ ਕੀਤੇ ਗਏ ਵਿਸ਼ੇਸ਼ ਪ੍ਰਬੰਧ

Ad Position 21
No active advertisement
ਅਜੀਤ ਡੈਸਕ 16-06-2026
ਲੈਸਟਰ (ਇੰਗਲੈਂਡ), 15 ਜੂਨ (ਸੁਖਜਿੰਦਰ ਸਿੰਘ ਢੱਡੇ)- ਫੁੱਟਬਾਲ ਦੀ ਦੁਨੀਆ ਦੇ ਸਭ ਤੋਂ ਵੱਡੇ ਖੇਡ ਮਹਾਂਕੁੰਭ ਫੀਫਾ ਵਿਸ਼ਵ ਕੱਪ ਦਾ ਰੰਗ ਇਨ੍ਹਾਂ ਦਿਨਾਂ ਪੂਰੀ ਦੁਨੀਆ ਵਾਂਗ ਇੰਗਲੈਂਡ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਖਾਸ ਕਰਕੇ ਇੰਗਲੈਂਡ ਦੇ ਬਹੁ-ਸੱਭਿਆਚਾਰਕ ਸ਼ਹਿਰ ਲੈਸਟਰ ਵਿੱਚ ਫੁੱਟਬਾਲ ਪ੍ਰੇਮੀਆਂ ਦਾ ਉਤਸ਼ਾਹ ਸਿਖਰਾਂ ‘ਤੇ ਹੈ। ਵਿਸ਼ਵ ਕੱਪ ਦੇ ਮੈਚਾਂ ਨੂੰ ਲੈ ਕੇ ਲੋਕਾਂ ਵਿੱਚ ਵਧ ਰਹੇ ਰੁਝਾਨ ਨੂੰ ਦੇਖਦਿਆਂ ਲੈਸਟਰ ਸਿਟੀ ਕੌਂਸਲ ਵੱਲੋਂ ਸ਼ਹਿਰ ਦੇ ਇੱਕ ਖੁੱਲ੍ਹੇ ਜਨਤਕ ਸਥਾਨ ‘ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਜਿੱਥੇ ਵੱਡੇ ਆਕਾਰ ਦੀ ਐਲ.ਈ.ਡੀ. ਟੀ.ਵੀ. ਸਕਰੀਨ ਲਗਾ ਕੇ ਵਿਸ਼ਵ ਕੱਪ ਦੇ ਮੈਚਾਂ ਦਾ ਸਿੱਧਾ ਪ੍ਰਸਾਰਣ ਦਿਖਾਇਆ ਜਾ ਰਿਹਾ ਹੈ। ਸਿਟੀ ਕੌਂਸਲ ਵੱਲੋਂ ਫੁੱਟਬਾਲ ਪ੍ਰੇਮੀਆਂ ਦੀ ਸਹੂਲਤ ਲਈ ਖੁੱਲ੍ਹੇ ਮੈਦਾਨ ਵਿੱਚ ਸੈਂਕੜੇ ਟੇਬਲਾਂ ਅਤੇ ਕੁਰਸੀਆਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਲੋਕ ਆਪਣੇ ਪਰਿਵਾਰਾਂ ਅਤੇ ਦੋਸਤਾਂ ਨਾਲ ਬੈਠ ਕੇ ਮੈਚਾਂ ਦਾ ਆਨੰਦ ਮਾਣ ਸਕਣ। ਸ਼ਾਮ ਦੇ ਸਮੇਂ ਇੱਥੇ ਮੇਲੇ ਵਰਗਾ ਮਾਹੌਲ ਬਣ ਜਾਂਦਾ ਹੈ ਅਤੇ ਵੱਖ-ਵੱਖ ਦੇਸ਼ਾਂ ਨਾਲ ਸਬੰਧਤ ਲੋਕ ਆਪਣੀਆਂ ਟੀਮਾਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਨਜ਼ਰ ਆਉਂਦੇ ਹਨ। ਲੈਸਟਰ ਸ਼ਹਿਰ, ਜਿਸ ਨੂੰ ਵੱਖ-ਵੱਖ ਕੌਮਾਂ ਅਤੇ ਸਭਿਆਚਾਰਾਂ ਦਾ ਸੰਗਮ ਮੰਨਿਆ ਜਾਂਦਾ ਹੈ, ਵਿੱਚ ਫੀਫਾ ਵਿਸ਼ਵ ਕੱਪ ਦਾ ਉਤਸ਼ਾਹ ਖਾਸ ਤੌਰ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਇੰਗਲੈਂਡ, ਭਾਰਤ, ਪਾਕਿਸਤਾਨ, ਬੰਗਲਾਦੇਸ਼, ਅਫ਼ਰੀਕੀ ਅਤੇ ਯੂਰਪੀ ਮੂਲ ਦੇ ਵਸਨੀਕ ਇਕੱਠੇ ਹੋ ਕੇ ਮੈਚ ਵੇਖ ਰਹੇ ਹਨ। ਫੁੱਟਬਾਲ ਦੇ ਪ੍ਰਤੀ ਇਸ ਸਾਂਝੇ ਜਨੂੰਨ ਨੇ ਲੋਕਾਂ ਨੂੰ ਇੱਕ ਮੰਚ ‘ਤੇ ਲਿਆ ਖੜ੍ਹਾ ਕੀਤਾ ਹੈ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਸਿਟੀ ਕੌਂਸਲ ਦੀ ਇਹ ਪਹਿਲ ਸ਼ਲਾਘਾਯੋਗ ਹੈ ਕਿਉਂਕਿ ਇਸ ਨਾਲ ਲੋਕਾਂ ਨੂੰ ਘਰਾਂ ਦੀ ਬਜਾਏ ਇੱਕ ਸਾਂਝੇ ਮਾਹੌਲ ਵਿੱਚ ਬੈਠ ਕੇ ਵਿਸ਼ਵ ਕੱਪ ਦੇ ਰੋਮਾਂਚਕ ਮੁਕਾਬਲਿਆਂ ਦਾ ਆਨੰਦ ਲੈਣ ਦਾ ਮੌਕਾ ਮਿਲ ਰਿਹਾ ਹੈ। ਖਾਸ ਕਰਕੇ ਨੌਜਵਾਨਾਂ ਅਤੇ ਬੱਚਿਆਂ ਵਿੱਚ ਇਸ ਉਪਰਾਲੇ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਕੌਂਸਲ ਵੱਲੋਂ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਮੈਚਾਂ ਦੌਰਾਨ ਸੁਰੱਖਿਆ ਕਰਮਚਾਰੀ ਅਤੇ ਸਵੈਸੇਵਕ ਮੌਜੂਦ ਰਹਿੰਦੇ ਹਨ ਤਾਂ ਜੋ ਦਰਸ਼ਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਨਾਲ-ਨਾਲ ਖਾਣ-ਪੀਣ ਦੇ ਸਟਾਲਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਜਿਸ ਕਾਰਨ ਇਹ ਥਾਂ ਫੁੱਟਬਾਲ ਪ੍ਰੇਮੀਆਂ ਲਈ ਖਾਸ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ। ਫੀਫਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੇ ਅੱਗੇ ਵਧਣ ਨਾਲ ਲੈਸਟਰ ਵਿੱਚ ਫੁੱਟਬਾਲ ਦਾ ਇਹ ਜਨੂੰਨ ਹੋਰ ਵੀ ਵਧਣ ਦੀ ਉਮੀਦ ਹੈ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਖੇਡਾਂ ਲੋਕਾਂ ਨੂੰ ਜੋੜਨ ਦਾ ਸਭ ਤੋਂ ਵੱਡਾ ਸਾਧਨ ਹਨ ਅਤੇ ਵਿਸ਼ਵ ਕੱਪ ਵਰਗੇ ਅੰਤਰਰਾਸ਼ਟਰੀ ਟੂਰਨਾਮੈਂਟ ਵੱਖ-ਵੱਖ ਭਾਈਚਾਰਿਆਂ ਵਿਚਕਾਰ ਭਾਈਚਾਰਕ ਸਾਂਝ ਅਤੇ ਆਪਸੀ ਪਿਆਰ ਨੂੰ ਹੋਰ ਮਜ਼ਬੂਤ ਕਰਦੇ ਹਨ। ਲੈਸਟਰ ਸਿਟੀ ਕੌਂਸਲ ਦਾ ਇਹ ਉਪਰਾਲਾ ਨਾ ਸਿਰਫ਼ ਖੇਡ ਪ੍ਰੇਮੀਆਂ ਲਈ ਯਾਦਗਾਰ ਸਾਬਤ ਹੋ ਰਿਹਾ ਹੈ, ਸਗੋਂ ਸ਼ਹਿਰ ਦੀ ਬਹੁ-ਸੱਭਿਆਚਾਰਕ ਪਹਿਚਾਣ ਨੂੰ ਵੀ ਹੋਰ ਮਜ਼ਬੂਤ ਕਰ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਯੂ.ਕੇ. ’ਚ ਰੂਸ ਸੰਬੰਧੀ ਨਿਯਮਾਂ ’ਤੇ ਪਾਬੰਦੀਆਂ ਦੀ ਉਲੰਘਣਾ ਕਰਨ ਦੇ ਸ਼ੱਕ ’ਚ ਭਾਰਤੀ ਗ੍ਰਿਫ਼ਤਾਰ ਅਗਲੀ ਖ਼ਬਰ ਲੈਸਟਰ ਦੇ ਪਹਿਲੇ ਸਿੱਖ ਲਾਰਡ ਮੇਅਰ ਕੁਲਵਿੰਦਰ ਸਿੰਘ ਜੌਹਲ ਨੇ ਅਧਿਕਾਰਿਤ ਤੌਰ ‘ਤੇ ਸੰਭਾਲਿਆ ਅਹੁਦਾ
Ad Position 24