ਵੈਨਕੂਵਰ, 26 ਜੂਨ (ਮਲਕੀਤ ਸਿੰਘ)-ਫ਼ੀਫ਼ਾ ਵਿਸ਼ਵ ਕੱਪ 2026 ਦਾ ਖੁਮਾਰ ਹੁਣ ਵੈਨਕੂਵਰ ਦੀ ਮਸ਼ਹੂਰ ਗ੍ਰੈਨਵਿਲ ਸਟਰੀਟ ਦੀਆਂ ਟੈਟੂ ਦੁਕਾਨਾਂ ਤੱਕ ਵੀ ਪਹੁੰਚ ਗਿਆ ਹੈ। ਸਥਾਨਕ ਟੈਟੂ ਕਲਾਕਾਰਾਂ ਦਾ ਕਹਿਣਾ ਹੈ ਕਿ ਟੂਰਨਾਮੈਂਟ ਸ਼ੁਰੂ ਹੋਣ ਤੋਂ ਬਾਅਦ ਦੁਕਾਨਾਂ ਵਿੱਚ ਆਉਣ ਵਾਲੇ ਗਾਹਕਾਂ ਦੀ ਗਿਣਤੀ ਵਿੱਚ ਇਕਦਮ ਵਾਧਾ ਹੋਇਆ ਹੈ ਅਤੇ ਵੱਡੀ ਗਿਣਤੀ ਵਿੱਚ ਫੁੱਟਬਾਲ ਪ੍ਰੇਮੀ ਆਪਣੇ ਸਰੀਰਕ ਅੰਗਾਂ ਤੇ ਵਿਸ਼ਵ ਕੱਪ ਅਤੇ ਆਪਣੀਆਂ ਮਨਪਸੰਦ ਟੀਮਾਂ ਨਾਲ ਸਬੰਧਤ ਟੈਟੂ ਬਣਵਾਉਣ ਲਈ ਲਗਾਤਾਰ ਪਹੁੰਚ ਰਹੇ ਹਨ। ਗ੍ਰੈਨਵਿਲ ਸਟਰੀਟ ਦੇ ਕੁਝ ਟੈਟੂ ਦੁਕਾਨਦਾਰਾਂ ਨੇ ਕੈਨੇਡਾ ਦੀ ਰਾਸ਼ਟਰੀ ਟੀਮ ਦੇ ਖਿਡਾਰੀਆਂ ਲਈ ਮੁਫ਼ਤ ਟੈਟੂ ਬਣਾਉਣ ਦੀ ਪੇਸ਼ਕਸ਼ ਵੀ ਕੀਤੀ ਹੈ। ਦੁਕਾਨਾਂ ਦੇ ਬਾਹਰ ਲੱਗੇ ਬੋਰਡ ਲੋਕਾਂ ਦਾ ਧਿਆਨ ਖਿੱਚ ਰਹੇ ਹਨ ਅਤੇ ਇਸ ਪਹਿਲ ਨੂੰ ਖੇਡ ਪ੍ਰੇਮੀਆਂ ਵੱਲੋਂ ਖੂਬ ਸਰਾਹਿਆ ਜਾ ਰਿਹਾ ਹੈ। ਟੈਟੂ ਕਲਾਕਾਰਾਂ ਅਨੁਸਾਰ ਕਈ ਗਾਹਕ ਫੁੱਟਬਾਲ, ਕੈਨੇਡਾ ਦੇ ਝੰਡੇ, ਟੀਮ ਦੇ ਚਿੰਨ੍ਹ ਅਤੇ ਵਿਸ਼ਵ ਕੱਪ ਦੀ ਯਾਦ ਨਾਲ ਜੁੜੇ ਡਿਜ਼ਾਈਨ ਬਣਵਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿਸ਼ਵ ਕੱਪ ਨੇ ਨਾ ਸਿਰਫ਼ ਖੇਡਾਂ ਦਾ ਜਜ਼ਬਾ ਵਧਾਇਆ ਹੈ, ਸਗੋਂ ਸਥਾਨਕ ਕਾਰੋਬਾਰਾਂ ਨੂੰ ਵੀ ਨਵਾਂ ਉਤਸ਼ਾਹ ਦਿੱਤਾ ਹੈ। ਆਉਣ ਵਾਲੇ ਮੈਚਾਂ ਨਾਲ ਇਹ ਰੌਣਕ ਹੋਰ ਵਧਣ ਦੀ ਉਮੀਦ ਹੈ।