aਸੈਕਰਾਮੈਂਟੋ, 26 ਜੂਨ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਵਸਦੇ ਪੰਜਾਬੀ ਭਾਈਚਾਰੇ ਨੂੰ ਅਚੰਭੇ ਵਾਲੀ ਦੁਰਘਟਨਾ ਨੇ ਸੋਗ ’ਚ ਪਾ ਦਿੱਤਾ ਜਿਸ ਦੌਰਾਨ ਤਿੰਨ ਨੌਜਵਾਨ ਜੋ ਆਪਿਸ ’ਚ ਰਿਸ਼ਤੇਦਾਰ ਵੀ ਸਨ, ਜਿਨਾਂ ਦੀ ਕਾਰ ਜੋ ਹਾਈਵੇਅ 9 ਜੋ ਸੈਰਾਟੋਗਾ ਏਰੀਏ ’ਚ ਪਹਾੜੀ ’ਤੇ ਪੈਂਦਾ ਹੈ, ਤੋਂ ਬੇਕਾਬੂ ਹੋ ਕੇ ਥੱਲੇ ਕਰੀਬ 400 ਫੁੱਟ ਖੱਡ ’ਚ ਡਿਗਣ ਕਰਕੇ ਤਿੰਨਾਂ ਦੀ ਹੀ ਮੌਤ ਹੋ ਗਈ। ਇਹ ਪਹਾੜੀ ਹਾਈਵੇਅ 9 ਐਨਾ ਪੇਚੀਦਾ ਹੈ ਕਿ ਇਥੇ ਇਕ ਕਾਬਿਲ ਡਰਾਈਵਰ ਲਈ ਵੀ ਗੱਡੀ ਚਲਾਉਣੀ ਔਖੀ ਹੈ। ਇਨਾਂ ਮਾਰੇ ਗਏ ਤਿਨਾਂ ਨੌਜਵਾਨਾਂ ਦੇ ਨਾਂਅ ਜਿਨ੍ਹਾਂ ’ਚ ਰਣਬੀਰ ਸਿੰਘ 20 ਸਾਲਾ ਯੂਬਾ ਸਿਟੀ ਤੋਂ, ਅਜੇਸ਼ ਸਿੰਘ ਸੈਣੀ 27 ਸਾਲਾ ਓਰੀਗਨ ਤੋਂ ਸੀ, ਜੋ ਕਿ ਪਿਛਲੇ ਪਿੰਡ ਭੋਗਪੁਰ ਤੋਂ ਸੀ ਤੇ ਜੋ ਪੰਜਾਬੀ ਭਾਈਚਾਰੇ ’ਚ ਪਹਿਚਾਣ ਰੱਖਣ ਵਾਲੇ ਸਤਨਾਮ ਸਿੰਘ ਤਾਤਲਾ ਦਾ ਭਾਣਜਾ ਸੀ, ਮਨਜੋਤ ਧਾਲੀਵਾਲ 17 ਸਾਲਾ ਸੈਨਹੋਜੇ ਤੋਂ ਸੀ ਜੋ ਕਿ ਬੀ ਐਮ ਡਬਲਯੂ ’ਚ ਸਵਾਰ ਸੀ। ਪਤਾ ਲੱਗਿਆ ਕਿ ਇਹ ਕੁੱਝ ਨੌਜਵਾਨ ਇਕ ਵਿਆਹ ਤੋਂ ਪਹਿਲਾਂ ਅਖੰਡਪਾਠ ਦੇ ਭੋਗ ਤੋਂ ਬਾਅਦ 2 ਕਾਰਾਂ ’ਚ ਘੁੰਮਣ ਲਈ ਨਿਕਲੇ ਸੀ ਤੇ ਅਗੇ ਜਾਂਦੀ ਕਾਰ ਖੱਡ ’ਚ ਜਾ ਡਿੱਗੀ ਤੇ ਪਿਛਲੀ ਕਾਰ ’ਚ ਸਵਾਰ ਬਾਕੀ ਨੌਜਵਾਨ ਬਚ ਗਏ। ਖੱਡ ਚੋਂ ਕਾਰ ਨੂੰ ਕੱਢਣ ਵਾਲੀ ਟੋਅ ਟਰੱਕ ਕੰਪਨੀ ਨੇ ਦੱਸਿਆ ਕਿ ਮੌਕੇ ਦਾ ਸੀਨ ਬੜਾ ਭਿਆਨਕ ਸੀ ਤੇ ਇਸ ਜਗ੍ਹਾ ਤੇ ਪੁਲੀਸ ਨੂੰ ਪਹੁੰਚਣ ਲਈ ਵੀ ਕਰੀਬ ਅੱਧਾ ਘੰਟਾ ਲੱਗਾ।