ਸੈਕਰਾਮੇਂਟੋ, 26 ਜੁਲਾਈ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਵਲੋਂ ਦੀਵਾਲੀ ਨੂੰ ਅਧਿਕਾਰਤ ਤੌਰ ’ਤੇ ਮਾਨਤਾ ਦੇਣ ਵਾਲਾ ਤੀਜਾ ਅਮਰੀਕੀ ਰਾਜ ਬਣਨ ਤੋਂ ਇਕ ਸਾਲ ਤੋਂ ਵੀ ਘੱਟ ਸਮੇਂ ਬਾਅਦ, ਇਕ ਅਦਾਲਤ ਨੇ ਕਾਨੂੰਨ ਦੇ ਕੁਝ ਹਿੱਸਿਆਂ ਨੂੰ ਰੱਦ ਕਰ ਦਿੱਤਾ ਹੈ, ਜਿਸ ਨਾਲ ਹਿੰਦੂ ਅਮਰੀਕੀ ਸੰਗਠਨਾਂ ’ਚ ਚਿੰਤਾ ਪੈਦਾ ਹੋ ਗਈ ਹੈ। ਜਿਨਾਂ ਨੇ ਇਸ ਕਦਮ ਦਾ ਭਾਈਚਾਰੇ ਲਈ ਇਕ ਮੀਲ ਪੱਥਰ ਵਜੋਂ ਸਵਾਗਤ ਕੀਤਾ ਸੀ| ਅਕਤੂਬਰ 2025 ’ਚ ਅਸੈਂਬਲੀ ਮੈਂਬਰ ਐਸ਼ ਕਾਲਰਾ ਦੁਆਰਾ ਪੇਸ਼ ਕੀਤੇ ਗਏ ਅਤੇ ਗਵਰਨਰ ਗੈਵਿਨ ਨਿਊਸਮ ਦੁਆਰਾ ਦਸਤਖਤ ਕੀਤੇ ਗਏ ਕਾਨੂੰਨ ਤਹਿਤ ਦੀਵਾਲੀ ਨੂੰ ਕੈਲੀਫੋਰਨੀਆ ਵਿਚ ਛੁੱਟੀ ਵਜੋਂ ਮਨੋਨੀਤ ਕੀਤਾ ਸੀ ਪਰੰਤੂ ਪੇਡ ਛੁੱਟੀ ਨਹੀਂ ਐਲਾਨੀ ਸੀ| ਇਸ ਦੀ ਬਜਾਏ, ਯੋਗ ਰਾਜ ਕਰਮਚਾਰੀ ਤਿਉਹਾਰ ਮਨਾਉਣ ਲਈ ਤਨਖਾਹ ਵਾਲੀ ਛੁੱਟੀ ਦੀ ਵਰਤੋਂ ਕਰ ਸਕਦੇ ਸਨ, ਜਦੋਂ ਕਿ ਪਬਲਿਕ ਸਕੂਲ ਅਤੇ ਕਮਿਊਨਿਟੀ ਕਾਲਜਾਂ ਨੂੰ ਦੀਵਾਲੀ ਵਾਲੇ ਦਿਨ ਬੰਦ ਰੱਖਣ ਦਾ ਵਿਕਲਪ ਦਿੱਤਾ ਗਿਆ ਸੀ| ਹਿੰਦੂ ਅਮਰੀਕਨ ਫਾਊਂਡੇਸ਼ਨ (ਐਚ.ਏ.ਐਫ.) ਨੇ ਕਿਹਾ ਹੈ ਕਿ ਅਦਾਲਤ ਦਾ ਫੈਸਲਾ ਕਾਨੂੰਨ ਵਿਚ ਦੀਵਾਲੀ ਦੇ ਧਾਰਮਿਕ ਮਹੱਤਵ ਦਾ ਵਰਣਨ ਕਰਨ ਵਾਲੀ ਭਾਸ਼ਾ ’ਤੇ ਕੇਂਦ੍ਰਿਤ ਹੈ ਨਾ ਕਿ ਕਰਮਚਾਰੀਆਂ ਤੇ ਸਕੂਲਾਂ ਨੂੰ ਤਿਉਹਾਰ ਮਨਾਉਣ ਦੀ ਆਗਿਆ ਦੇਣ ਵਾਲੇ ਪ੍ਰਬੰਧਾਂ ’ਤੇ। ਇਸ ਫੈਸਲੇ ਨੂੰ ਇਕ ਝਟਕਾ ਦੱਸਦੇ ਹੋੲ ਫਾਉਂਡੇਸ਼ਨ ਨੇ ਕਿਹਾ ਹੈ ਕਿ ਉਹ ਮੁਕੱਦਮੇ ਦੀ ਨਿਗਰਾਨੀ ਕਰ ਰਿਹਾ ਹੈ। ਹਿੰਦੂ ਪੈਕਟ ਨੇ ਵੀ ਅਦਾਲਤੀ ਫੈਸਲੇ ਦੀ ਆਲੋਚਨਾ ਕੀਤੀ ਹੈ ਤੇ ਕਿਹਾ ਹੈ ਕਿ ਇਹ ਕਾਨੂੰਨ ਕੈਲੀਫੋਰਨੀਆ ’ਚ ਹਿੰਦੂ, ਜੈਨ, ਸਿੱਖ ਤੇ ਬੋਧੀ ਭਾਈਚਾਰਿਆਂ ਦੀਆਂ ਧਾਰਮਿਕ ਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਮਾਨਤਾ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਹਿੰਦੂ ਪੈਕਟ ਦੇ ਸੰਸਥਾਪਕ ਤੇ ਚੇਅਰਮੈਨ ਅਜੈ ਸ਼ਾਹ ਨੇ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਬਾਰੇ ਭਾਈਚਾਰੇ ਦੇ ਨੇਤਾਵਾਂ, ਕਾਨੂੰਨੀ ਮਾਹਰਾਂ ਅਤੇ ਸਹਿਯੋਗੀ ਸੰਗਠਨਾਂ ਨਾਲ ਮਿਲ ਕੇ ਕੰਮ ਕਰਨਗੇ।