14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

24-02-26

Ad Position 21
No active advertisement
ਅਜੀਤ ਡੈਸਕ 24-02-2026

 ਪਾਣੀ ਨੂੰ ਬਚਾਉਣਾ ਜ਼ਰੂਰੀ
ਪਾਣੀ ਜੀਵਨ ਦਾ ਆਧਾਰ ਹੈ। ਇਸ ਲਈ ਗੁਰੂ ਨਾਨਕ ਦੇਵ ਜੀ ਦੀ ਬਾਣੀ 'ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹੱਤ' ਵਿਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ ਪਰ ਅਫ਼ਸੋਸ ਅਤੇ ਦੁੱਖ ਦੀ ਗੱਲ ਹੈ ਕਿ ਮਨੁੱਖ ਵਲੋਂ ਇਸ ਅਨਮੋਲ ਕੁਦਰਤੀ ਪ੍ਰਸ਼ਾਦ ਪਾਣੀ ਜਾਂ ਜਲ ਦੀ ਲਗਾਤਾਰ ਕੀਤੀ ਜਾ ਰਹੀ ਅੰਨ੍ਹੇਵਾਹ ਵਰਤੋਂ ਕਾਰਨ ਅੱਜ ਪੰਜਾਬ ਰਾਜ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਗਹਿਰਾ ਹੁੰਦਾ ਜਾ ਰਿਹਾ ਹੈ।
ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਇਕ ਰਿਪੋਰਟ ਮੁਤਾਬਿਕ 2029 ਤੱਕ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ 100 ਮੀਟਰ ਹੇਠਾਂ ਅਤੇ 2039 ਤੱਕ 300 ਮੀਟਰ ਹੇਠਾਂ ਚਲਾ ਜਾਵੇਗਾ। ਇਹ ਸਾਰੇ ਅੰਕੜੇ ਡਰਾਉਣ ਵਾਲੇ ਹਨ ਤੇ ਇਨ੍ਹਾਂ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਬਿਨਾਂ ਸ਼ੱਕ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਮਾਰੂਥਲ ਵਿਚ ਬਦਲਣ ਤੋਂ ਬਚਾਉਣ ਲਈ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਰੋਕਣ ਲਈ ਹੀ ਨਹੀਂ ਸਗੋਂ ਇਸ ਨੂੰ ਉੱਪਰ ਲਿਆਉਣ ਲਈ ਵੀ ਸਾਰਥਕ ਅਤੇ ਗੰਭੀਰ ਯਤਨ ਕਰਨ ਦੀ ਲੋੜ ਹੈ। ਪਰ ਸਾਨੂੰਪੰਜਾਬ ਦੇ ਜਾਗਰੂਕ ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਆਪਣੀ ਜ਼ਮੀਨ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਸਾਡੀ ਸਾਰਿਆਂ ਦੀ ਸਾਂਝੀ ਅਤੇ ਮੁੱਢਲੀ ਜ਼ਿੰਮੇਵਾਰੀ ਹੈ।
ਇਸ ਦੀ ਸ਼ੁਰੂਆਤ ਅਸੀਂ ਆਪਣੇ ਘਰਾਂ ਅਤੇ ਕੰਮਕਾਜ ਦੇ ਸਥਾਨਾਂ ਵਿਚ 'ਰੇਨ-ਹਾਰਵੈਸਟਿੰਗ ਦੀ ਤਕਨੀਕ' ਨੂੰ ਅਪਣਾ ਕੇ, ਦੰਦ ਬੁਰਸ਼-ਦਾਤਣ ਕਰਨ, ਮੂੰਹ ਦੀ ਸ਼ੇਵ ਕਰਨ, ਨਹਾਉਣ, ਕੱਪੜੇ ਧੋਣ, ਬਰਤਨ ਸਾਫ਼ ਕਰਨ ਜਾਂ ਕਾਰ-ਸਕੂਟਰ ਧੋਣ ਆਦਿ ਸਮੇਂ ਨਲ (ਟੂਟੀ) ਨੂੰ ਬਿਨਾਂ ਜ਼ਰੂਰਤ ਨਾ ਛੱਡ ਕੇ, ਜੇਕਰ ਪਾਣੀ ਦੀ ਟੈਂਕੀ ਰਾਹੀਂ ਪਾਣੀ ਵਗ ਰਿਹਾ ਹੈ ਉਸ ਨੂੰ ਰੋਕ ਕੇ ਅਸੀਂ ਆਮ ਨਾਗਰਿਕ ਇਸ ਦਿਸ਼ਾ ਵਿਚ ਵਧੇਰੇ ਯੋਗਦਾਨ ਪਾ ਸਕਦੇ ਹਾਂ।

-ਅਸ਼ੀਸ਼ ਸ਼ਰਮਾ
ਜਲੰਧਰ।

ਸੋਸ਼ਲ ਮੀਡੀਆ ਦੀ ਦੁਰਵਰਤੋਂ

ਅੱਜਕੱਲ੍ਹ ਸੋਸ਼ਲ ਮੀਡੀਆ ਦੀ ਵਰਤੋਂ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਇਸ ਦੇ ਜ਼ਰੀਏ ਸਾਨੂੰ ਦੁਨੀਆ ਭਰ ਦੀਆਂ ਖ਼ਬਰਾਂ ਅਤੇ ਜਾਣਕਾਰੀਆਂ ਤੁਰੰਤ ਪ੍ਰਾਪਤ ਹੋ ਜਾਂਦੀਆਂ ਹਨ। ਵਿਦਿਆਰਥੀ ਵੀ ਇਸ ਦੀ ਮਦਦ ਨਾਲ ਆਨਲਾਈਨ ਨੋਟਸ, ਵੀਡੀਓ ਅਤੇ ਲੈਕਚਰ ਆਸਾਨੀ ਨਾਲ ਦੇਖ ਅਤੇ ਸੁਣ ਸਕਦੇ ਹਨ।
ਇਸ ਤੋਂ ਇਲਾਵਾ ਸੋਸ਼ਲ ਮੀਡੀਆ ਮਨੋਰੰਜਨ ਦਾ ਇਕ ਮਹੱਤਵਪੂਰਨ ਸਾਧਨ ਵੀ ਬਣ ਗਿਆ ਹੈ। ਪਰੰਤੂ ਬੱਚਿਆਂ ਅਤੇ ਨੌਜਵਾਨਾਂ ਵਲੋਂ ਇਸ ਦੀ ਬੇਲੋੜੀ ਵਰਤੋਂ ਸਮੇਂ ਦੀ ਬਰਬਾਦੀ ਦਾ ਕਾਰਨ ਬਣਦੀ ਹੈ। ਜਦੋਂ ਇਸ ਦੀ ਆਦਤ ਪੈ ਜਾਂਦੀ ਹੈ ਤਾਂ ਇਹ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਸਿਹਤ ਦੋਹਾਂ 'ਤੇ ਨਕਾਰਾਤਮਕ ਪ੍ਰਭਾਵ ਪਾਉਂਦੀ ਹੈ। ਇਸ ਲਈ ਸੋਸ਼ਲ ਮੀਡੀਆ ਦੀ ਦੁਰਵਰਤੋਂ ਤੋਂ ਬਚਣਾ ਚਾਹੀਦਾ ਹੈ।

-ਪ੍ਰਿਅੰਕਾ,
ਅਲੌੜ।

ਜ਼ਿੰਦਗੀ 'ਚ ਦੋਸਤੀ ਦਾ ਮਹੱਤਵ

ਜ਼ਿੰਦਗੀ ਵਿਚ ਦੋਸਤੀ ਦਾ ਮਹੱਤਵ ਬਹੁਤ ਡੂੰਘਾ ਹੁੰਦਾ ਹੈ। ਦੋਸਤ ਸਿਰਫ਼ ਹੱਸਣ, ਖੇਡਣ ਲਈ ਨਹੀਂ ਹੁੰਦੇ ਸਗੋਂ ਉਹ ਲੋਕ ਹੁੰਦੇ ਹਨ। ਸੋ ਮੁਸ਼ਕਿਲ ਵੇਲੇ ਸਾਡਾ ਹੱਥ ਫੜ੍ਹ ਕੇ ਖੜ੍ਹੇ ਰਹਿੰਦੇ ਹਨ।
ਦੋਸਤੀ ਸਾਨੂੰ ਆਪਣੇ-ਆਪ ਨੂੰ ਖੁੱਲ੍ਹ ਕੇ ਪ੍ਰਗਟ ਕਰਨ ਦਾ ਹੌਂਸਲਾ ਦਿੰਦੀ ਹੈ, ਸਾਡੇ ਦੁੱਖ ਸਾਂਝੇ ਕਰਦੀ ਹੈ ਅਤੇ ਖ਼ੁਸ਼ੀਆਂ ਨੂੰ ਦੁੱਗਣਾ ਕਰ ਦਿੰਦੀ ਹੈ। ਜਦੋਂ ਪਰਿਵਾਰ ਜਾਂ ਦੁਨੀਆ ਸਮਝ ਨਾ ਆਵੇ ਉਦੋਂ ਸਾਨੂੰ ਦੋਸਤ ਬਿਨਾਂ ਜੱਜ ਕੀਤੇ ਸਮਝ ਲੈਂਦਾ ਹੈ। ਚੰਗੀ ਦੋਸਤੀ ਜੀਵਨ ਨੂੰ ਖ਼ੁਸ਼ਹਾਲ ਬਣਾਉਂਦੀ ਹੈ, ਸਾਡਾ ਮਨੋਬਲ ਵਧਾਉਂਦੀ ਹੈ ਅਤੇ ਸਾਨੂੰ ਇਕ ਵਧੀਆ ਇਨਸਾਨ ਬਣਨ ਵਿਚ ਮਦਦ ਕਰਦੀ ਹੈ। ਅਸਲ ਵਿਚ ਦੋਸਤੀ ਜ਼ਿੰਦਗੀ ਦਾ ਉਹ ਤੋਹਫ਼ਾ ਹੈ, ਜੋ ਬਿਨਾਂ ਕਿਸੇ ਸ਼ਰਤ ਦੇ ਸਾਨੂੰ ਸਹਾਰਾ, ਪਿਆਰ ਅਤੇ ਭਰੋਸਾ ਦਿੰਦੀ ਹੈ।

-ਸਤਵਿੰਦਰ ਕੌਰ,
ਮੱਲੇਵਾਲ।

ਆਟੋ ਚਾਲਕ ਹੋਏ ਬੇਲਗਾਮ

ਅਜੀਤ ਦੇ ਬਠਿੰਡਾ ਅੰਕ ਵਿਚ ਟਰੈਫ਼ਿਕ ਬੇਲਗਾਮ, ਟਰੈਫ਼ਿਕ ਪੁਲਿਸ ਕੰਟਰੋਲ ਕਰਨ ਵਿਚ ਅਸਮਰਥ ਸਿਰਲੇਖ ਹੇਠ ਇਕ ਖਬਰ ਪੜ੍ਹੀ। ਪੱਤਰਕਾਰ ਵੀਰਪਾਲ ਸਿੰਘ ਨੇ ਬਠਿੰਡਾ ਟਰੈਫ਼ਿਕ ਸੰਬੰਧੀ ਖ਼ਬਰ ਲਿਖ ਕੇ, ਸਮੇਂ ਦੀ ਮੰਗ ਨੂੰ ਪੂਰਾ ਕੀਤਾ ਹੈ। ਦਰਅਸਲ ਬਠਿੰਡਾ ਵਿਚ ਟਰੈਫ਼ਿਕ ਬੇਲਗਾਮ ਹੋਣ ਦੇ ਨਾਲ ਹੀ ਆਟੋ ਰਿਕਸ਼ਾ ਚਾਲਕ ਕੁਝ ਜ਼ਿਆਦਾ ਹੀ ਬੇਲਗਾਮ ਹੋ ਚੁੱਕੇ ਹਨ।
ਇਹ ਹਨੂੰਮਾਨ ਚੌਂਕ, ਫ਼ੌਜੀ ਚੌਂਕ, ਬੱਸ ਸਟੈਂਡ, ਰੇਲਵੇ ਸਟੇਸ਼ਨ, ਸਰਕਾਰੀ ਹਸਪਤਾਲ ਦੇ ਨੇੜੇ ਪੂਰੀ ਹੈਂਕੜ ਨਾਲ ਖੜ੍ਹਦੇ ਹਨ ਅਤੇ ਸਵਾਰੀਆਂ ਨੂੰ ਖੱਜਲ-ਖੁਆਰ ਕਰਦੇ ਹਨ। ਬਰਨਾਲਾ ਵਾਲੀ ਸਾਈਡ ਅਤੇ ਗੋਨਿਆਣਾ ਸਾਈਡ ਤੋਂ ਆਉਣ ਵਾਲੀਆਂ ਬੱਸਾਂ, ਜਦੋਂ ਹਨੂੰਮਾਨ ਚੌਂਕ ਜਾਂ ਫ਼ੌਜੀ ਚੌਂਕ 'ਤੇ ਰੁਕਣ ਲਈ ਹੌਲੀ ਹੁੰਦੀਆਂ ਹਨ ਤਾਂ ਇਹ ਸਵਾਰੀਆਂ ਚੁੱਕਣ ਦੇ ਉਦੇਸ਼ ਨਾਲ ਆਪਣੇ ਆਟੋ ਰਿਕਸ਼ਾ ਨੂੰ ਨਾਲੋ-ਨਾਲ ਤੋਰਦੇ ਰਹਿੰਦੇ ਹਨ।
ਜਿਸ ਕਾਰਨ ਸਵਾਰੀਆਂ ਨੂੰ ਉਤਰਨ ਵਿਚ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਟਰੈਫ਼ਿਕ ਪੁਲਿਸ ਦੇ ਮੁਲਾਜ਼ਮ ਇਨ੍ਹਾਂ ਥਾਵਾਂ ਉੱਪਰ ਨਾਕੇ ਲਗਾਉਣ ਦੇ ਬਾਵਜੂਦ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਬਿਲਕੁਲ ਵੀ ਵਰਜਦੇ ਨਹੀਂ, ਅਜਿਹਾ ਲਗਦਾ ਹੈ ਕੁੱਤੀ ਅਤੇ ਚੋਰ ਰਲੇ ਹੋਏ ਹਨ।

-ਮਾਲਵਿੰਦਰ ਸਿੰਘ ਤਿਉਣਾ
ਬਠਿੰਡਾ।

ਕੈਂਸਰ ਲਈ ਠੋਸ ਉਪਰਾਲੇ ਜ਼ਰੂਰੀ

ਨਾ-ਮੁਰਾਦ ਬਿਮਾਰੀ ਕੈਂਸਰ ਦਾ ਨਾਂਅ ਲੈਣ ਤੋਂ ਵੀ ਡਰਦੇ ਹੰ। ਕੈਂਸਰ ਜਾਗਰੂਕਤਾ ਸੰਬੰਧੀ ਅਜੇ ਕਾਫੀਕੁਝ ਕਰਨ ਦੀ ਲੋੜ ਹੈ।
ਹੁਣ ਰਿਪੋਰਟ ਆਈ ਕਿ ਭਾਰਤ ਕੈਂਸਰ ਦੀ ਰਾਜਧਾਨੀ ਬਣਦਾ ਜਾ ਰਿਹਾ ਹੈ। ਹਰ ਸਾਲ ਦਸ ਲੱਖ ਕੇਸ ਆਉਂਦੇ ਹਨ। ਇਕ ਅਨੁਮਾਨ ਹੈ ਕਿ ਸਾਲ 2026 ਵਿਚ ਇਹ ਖ਼ਤਰਨਾਕ ਸਟੇਜ 'ਤੇ ਹੋਵੇਗਾ। ਇਸ ਬਿਮਾਰੀ ਦੇ ਟਾਕਰੇ ਲਈ ਬਹੁਤ ਪਰਤੀ ਪਹੁੰਚ ਅਪਣਾਉਣ ਨਾਲ ਸਿਹਤ ਬਜਟ ਵਿਚ ਵਾਧਾ ਵੀ ਕਰਨਾ ਚਾਹੀਦਾ ਹੈ। ਇਸ ਬਿਮਾਰੀ ਲਈ ਸਰਕਾਰ ਦੇ ਉਪਰਾਲਿਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਸਾਥ ਦੇਣ ਅਤੇ ਜਾਗਰੂਕ ਹੋਣ ਦੀ ਅਤਿਅੰਤ ਲੋੜ ਹੈ।
ਅੰਦਾਜ਼ਾ ਲਾਓ ਜਿਸ ਦਾ ਨਾਂਅ ਹੀ ਡਰ ਵਾਲਾ ਹੈ ਉਸ ਦਾ ਸਾਹਮਣਾ ਕਿਸ ਤਰ੍ਹਾਂ ਕਰਨਾ। ਅਫ਼ਸੋਸ ਇਸ ਦਾ ਪੁਖਤਾ ਇੰਤਜ਼ਾਮ ਅਤੇ ਇਲਾਜ ਪਹੁੰਚ ਤੋਂ ਦੂਰ ਹੈ। ਰੱਬ ਭਲੀ ਕਰੇ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

Ad Position 22
No active advertisement
ਪਿਛਲੀ ਖ਼ਬਰ ਸਤੀਏਵਾਲਾ ਪਹਾੜੀਆਂ 'ਤੇ ਦਿਨ ਦਿਹਾੜੇ ਅੱਗ, ਜ਼ਹਿਰੀਲੇ ਧੂੰਏਾ ਨਾਲ ਲੋਕਾਂ ਨੂੰ ਸਾਹ ਲੈਣਾ ਵੀ ਹੋਇਆ ਅÏਖਾ ਅਗਲੀ ਖ਼ਬਰ ਇੰਦੌਰ ਵਿਚ ਕੌਮਾਂਤਰੀ ਪੰਜਾਬੀ ਮਾਂ-ਬੋਲੀ ਦਿਵਸ ਮਨਾਇਆ
Ad Position 24