ਯਮੁਨਾਨਗਰ, 2 ਫਰਵਰੀ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਗਰਲਜ਼ ਕਾਲਜ ਦੇ ਉੱਦਮਤਾ ਤੇ ਹੁਨਰ ਵਿਕਾਸ ਸੈੱਲ ਅਤੇ ਵਣਜ ਵਿਭਾਗ ਵਲੋਂ ਐਨ. ਜੀ. ਓ. 'ਏਕ ਸੋਚ ਨਈ ਸੋਚ' ਦੇ ਸਹਿਯੋਗ ਨਾਲ ਈ-ਕਾਮਰਸ ਪਲੇਟਫਾਰਮ ਵਾਲਮਾਰਟ ਵਿ੍ਧੀ ਦੁਆਰਾ ਵੱਖ-ਵੱਖ ਵਿਸ਼ਿਆਂ 'ਤੇ ਇਕ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ | ਪ੍ਰੋਗਰਾਮ 'ਚ ਸਹਾਇਕ ਪ੍ਰੋ. ਰਮਨਜੋਤ ਕੌਰ, ਸਹਾਇਕ ਪ੍ਰੋ. ਸ਼ੰਮੀ ਬਜਾਜ ਤੇ ਵੰਦਨਾ ਨੇ ਮੁੱਖ ਭੂਮਿਕਾ ਨਿਭਾਈ | ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਈ-ਕਾਮਰਸ, ਡਿਜ਼ੀਟਲ ਹੁਨਰ ਅਤੇ ਸਮਾਜਿਕ ਉੱਦਮਤਾ ਨਾਲ ਸੰਬੰਧਿਤ ਆਧੁਨਿਕ ਮੌਕਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ | ਇਸ ਮੌਕੇ ਵਿਦਿਆਰਥੀਆਂ ਨੂੰ ਮੁਫਤ ਵਰਚੁਅਲ ਸਰਟੀਫਿਕੇਸ਼ਨ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਸਮਾਗਮ 'ਚ ਇਹ ਦੱਸਿਆ ਗਿਆ ਕਿ ਇਹ ਕੋਰਸ ਵਿਦਿਆਰਥੀਆਂ ਨੂੰ ਭਵਿੱਖ 'ਚ ਸਵੈ-ਰੁਜ਼ਗਾਰ, ਸਟਾਰਟ-ਅੱਪਸ ਅਤੇ ਡਿਜ਼ੀਟਲ ਕਾਰੋਬਾਰਾਂ ਲਈ ਤਿਆਰ ਕਰਨ 'ਚ ਮਦਦ ਕਰਨਗੇ | ਇਸ ਤੋਂ ਇਲਾਵਾ ਵਿਦਿਆਰਥੀਆਂ ਕੋਲ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਪ੍ਰਮਾਣੀਕਰਣ ਹਾਸਿਲ ਕਰਨ ਦਾ ਮੌਕਾ ਹੋਵੇਗਾ, ਜਿਸ ਨਾਲ ਉਨ੍ਹਾਂ ਦੀ ਰੁਜ਼ਗਾਰਯੋਗਤਾ ਵਧੇਗੀ | ਇਸ ਮੌਕੇ ਕਾਲਜ ਡਾਇਰੈਕਟਰ ਡਾ. ਵਰਿੰਦਰ ਗਾਂਧੀ ਤੇ ਪਿ੍ੰਸੀਪਲ ਡਾ. ਸੁਖਵਿੰਦਰ ਕੌਰ ਨੇ ਇਸ ਪਹਿਲਕਦਮੀ ਨੂੰ ਵਿਦਿਆਰਥਣਾਂ ਲਈ ਹੁਨਰ ਵਿਕਾਸ ਅਤੇ ਸਵੈ-ਨਿਰਭਰ ਭਾਰਤ ਵੱਲ ਇਕ ਮਹੱਤਵਪੂਰਨ ਕਦਮ ਦੱਸਿਆ |