ਨਵੀਂ ਦਿੱਲੀ, 2 ਫਰਵਰੀ (ਮਿਸਰਦੀਪ ਭਾਟੀਆ)-ਪੰਜਾਬੀ ਸਾਹਿਤ ਸਭਾ ਵਲੋਂ ਲਗਾਈ ਜਾਂਦੀ ਸਾਲਾਨਾ 'ਧੁੱਪ ਦੀ ਮਹਿਫ਼ਲ' ਇਸ ਵਾਰ 8 ਫਰਵਰੀ, 2026 ਨੂੰ ਸਵੇਰੇ 11 ਵਜੇ ਨਵਯੁੱਗ ਫਾਰਮ, ਅੰਧੇਰੀਆ ਮੋੜ, ਮਹਿਰੌਲੀ ਵਿਖੇ ਸਜਾਈ ਜਾ ਰਹੀ ਹੈ | ਪ੍ਰੋਗਰਾਮ ਦੀ ਰੂਪ-ਰੇਖਾ ਬਾਰੇ ਗੱਲਬਾਤ ਕਰਦਿਆਂ ਪੰਜਾਬੀ ਭਵਨ ਦੇ ਡਾਇਰੈਕਟਰ ਕੇਸਰਾ ਰਾਮ ਨੇ ਚੇਅਰਪਰਸਨ ਪ੍ਰੋ. ਰੇਣੁਕਾ ਸਿੰਘ ਦੇ ਹਵਾਲੇ ਨਾਲ ਦੱਸਿਆ ਕਿ 1990 ਤੋਂ ਲਗਾਤਾਰ ਲਗਾਈ ਜਾਂਦੀ 'ਧੁੱਪ ਦੀ ਮਹਿਫ਼ਲ' ਦੇ ਦੋ ਪੜਾਅ ਹੋਣਗੇ | ਪਹਿਲੇ ਵਿਚ, ਪੰਜਾਬੀ ਦੇ ਚਾਰ ਸਿਰਕੱਢ ਸਾਹਿਤਕਾਰਾਂ ਡਾ. ਧਰਮ ਸਿੰਘ, ਡਾ. ਮਦਨ ਗੋਪਾਲ ਸਿੰਘ, ਡਾ. ਅਮੀਆ ਕੁੰਵਰ ਅਤੇ ਪਰਮਿੰਦਰ ਸਿੰਘ ਸੋਢੀ ਦਾ ਸਨਮਾਨ ਕੀਤਾ ਜਾਵੇਗਾ | ਸਨਮਾਨ ਵਿਚ ਇਕ ਸ਼ਾਲ, ਮੋਮੈਂਟੋ, ਮਾਣ ਪੱਤਰ ਤੇ ਇਕਵੰਜਾ-ਇਕਵੰਜਾ ਹਜ਼ਾਰ ਰੁਪਏ ਨਕਦ ਦਿੱਤੇ ਜਾਂਦੇ ਹਨ | ਦੂਜੇ ਪੜਾਅ ਵਿਚ, ਕੁਝ ਨਾਮੀ ਲੇਖਕਾਂ ਦੀਆਂ ਕਿਤਾਬਾਂ ਦਾ ਲੋਕ-ਅਰਪਣ ਕੀਤਾ ਜਾਵੇਗਾ | ਪ੍ਰੋਗਰਾਮ ਦੀ ਪ੍ਰਧਾਨਗੀ ਨਾਮਵਰ ਸ਼ਖ਼ਸੀਅਤ ਬਰਜਿੰਦਰ (ਬਰਜ) ਸਿੰਘ ਢਾਹਾਂ ਕਰਨਗੇ | 'ਧੁੱਪ ਦੀ ਮਹਿਫ਼ਲ' ਵਿਚ ਇਸ ਵਾਰ ਵੀ ਦੇਸ਼-ਵਿਦੇਸ਼ ਵਿਚੋਂ 250 ਦੇ ਕਰੀਬ ਪੰਜਾਬੀ ਲੇਖਕਾਂ ਦੇ ਪਹੁੰਚਣ ਦੀ ਉਮੀਦ ਹੈ | ਪਿਛਲੇ ਵਰਿ੍ਹਆਂ ਵਾਂਗ ਨਾਸ਼ਤਾ ਤੇ ਦੁਪਹਿਰ ਦਾ ਖਾਣਾ ਹਾਜ਼ਰ ਲੇਖਕਾਂ ਨੂੰ ਪਰੋਸਿਆ ਜਾਵੇਗਾ |