ਨਵੀਂ ਦਿੱਲੀ, 22 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਕਈ ਲੁੱਟ-ਖਸੁੱਟ ਵਾਲੇ ਗਰੋਹ ਆਪੋ-ਆਪਣੇ ਢੰਗ ਨਾਲ ਕੰਮ ਕਰ ਰਹੇ ਹਨ | ਇਹ ਲੋਕ ਮੌਕਾ ਵੇਖ ਕੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ | ਇਨ੍ਹਾਂ ਦਿਨਾਂ ਵਿਚ ਦਿੱਲੀ ਅੰਦਰ ਖੁਜਲੀ ਗਰੋਹ ਸਰਗਰਮ ਹੈ | ਇਸ ਗਰੋਹ ਦਾ ਪਰਦਾਫਾਸ਼ ਮੋਤੀ ਨਗਰ ਥਾਣੇ ਦੀ ਪੁਲਿਸ ਨੇ ਕੀਤਾ ਹੈ | ਪੁਲਿਸ ਨੇ ਇਸ ਗਰੋਹ ਦੇ 6 ਲੁਟੇਰਿਆਂ ਨੂੰ ਕਾਬੂ ਕੀਤਾ ਹੈ | ਇਹ ਲੋਕ ਬਾਜ਼ਾਰਾਂ ਤੇ ਹੋਰ ਥਾਵਾਂ 'ਤੇ ਲੋਕਾਂ 'ਤੇ ਖੁਜਲੀ ਪਾਊਡਰ ਪਾ ਕੇ ਚੋਰੀ ਦੀਆਂ ਵਾਰਦਾਤਾਂ ਕਰਦੇ ਸਨ ਅਤੇ ਉਨ੍ਹਾਂ ਨੂੰ ਲੁੱਟ ਲੈਂਦੇ ਸਨ | ਪੁਲਿਸ ਕੋਲ ਅਜਿਹੀਆਂ ਵਾਰਦਾਤਾਂ ਦੀਆਂ ਸ਼ਿਕਾਇਤਾਂ ਵੀ ਪੁੱਜੀਆਂ ਸਨ | ਪੁਲਿਸ ਨੇ ਕਾਰਵਾਈ ਕਰਦੇ ਹੋਏ ਇਕ ਟੀਮ ਬਣਾਈ | ਇਸ ਦੇ ਨਾਲ ਹੀ ਇਲਾਕਿਆਂ ਵਿਚ ਲੱਗੇ 80 ਸੀ.ਸੀ.ਟੀ.ਵੀ. ਦੀ ਫੁਟੇਜ ਵੀ ਵੇਖੀ ਅਤੇ ਨਾਲ ਹੀ ਗਸ਼ਤ ਕਰਨ ਸਮੇਂ ਸਾਰੇ ਪਾਸੇ ਨਜ਼ਰ ਵੀ ਰੱਖੀ | ਪੁਲਿਸ ਕੋਲ ਇਕ ਸ਼ਿਕਾਇਤ ਵੀ ਆਈ ਕਿ ਇਸ ਗਰੋਹ ਨੇ ਪਾਊਡਰ ਉਸ 'ਤੇ ਸੁੱਟ ਕੇ 98 ਹਜ਼ਾਰ ਰੁਪਏ ਲੁੱਟ ਲਏ ਹਨ | ਪੁਲਿਸ ਜਦੋਂ ਸੀ.ਸੀ.ਟੀ.ਵੀ. ਕੈਮਰੇ ਵੇਖ ਰਹੀ ਸੀ ਤਾਂ ਉਸ ਨੂੰ ਕੁਝ ਵਿਅਕਤੀਆਂ 'ਤੇ ਸ਼ੱਕ ਹੋਇਆ | ਇਹ ਵਿਅਕਤੀ ਪਹਾੜਗੰਜ਼ ਦੇ ਇਕ ਹੋਟਲ ਵਿਚ ਜਾ ਰਹੇ ਸਨ | ਪੁਲਿਸ ਨੇ ਹੋਟਲ ਵਿਚ ਪੁੱਜ ਕੇ ਇਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਅਤੇ ਇਨ੍ਹਾਂ ਨੂੰ ਕਾਬੂ ਕਰ ਲਿਆ | ਇਹ ਲੋਕ ਪੱਛਮੀ ਬੰਗਾਲ 'ਚ ਰਹਿੰਦੇ ਸਨ ਅਤੇ ਦਿੱਲੀ ਵਿਚ ਆ ਕੇ ਉਪਰੋਕਤ ਵਾਰਦਾਤਾਂ ਕਰਕੇ ਵਾਪਸ ਪੱਛਮੀ ਬੰਗਾਲ ਚਲੇ ਜਾਂਦੇ ਸਨ | ਪੁਲਿਸ ਨੇ ਇਨ੍ਹਾਂ ਕੋਲੋਂ 79 ਹਜ਼ਾਰ ਰੁਪਏ ਅਤੇ ਤਿੰਨ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ | ਪੁਲਿਸ ਇਨ੍ਹਾਂ ਤੋਂ ਹੋਰ ਵੀ ਪੁੱਛ-ਪੜਤਾਲ ਕਰ ਰਹੀ ਹੈ ਕਿ ਉਨ੍ਹਾਂ ਨੇ ਕਿੱਥੇ-ਕਿੱਥੇ ਵਾਰਦਾਤਾਂ ਕੀਤੀਆਂ ਹਨ |