ਨਵੀਂ ਦਿੱਲੀ, 13 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਨੈਸ਼ਨਲ ਇੰਡੀਪੈਨਡੈਂਟ ਸਕੂਲ ਅਲਾਇੰਸ (ਐਨ.ਆਈ.ਐਸ.ਏ.) ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਹੇਠ ਲਿਖੀਆਂ ਗੱਲਾਂ ਪ੍ਰਤੀ ਜ਼ਰੂਰ ਧਿਆਨ ਦੇਣ ਜਿਸ ਵਿਚ ਵਾਰ-ਵਾਰ ਹੋ ਰਹੀ ਨੀਟ ਅਤੇ ਜੇ.ਈ.ਈ. ਦੀ ਪ੍ਰੀਖਿਆ ਦਾ ਪੇਪਰ ਲੀਕ ਹੋਣ ਅਤੇ ਡੰਮੀ-ਸਕੂਿਲੰਗ ਤੰਤਰ ਨੂੰ ਖਤਮ ਕਰਨ, 12ਵੀਂ ਕਲਾਸ ਦੇ ਬੋਰਡ ਦੀ ਮੈਰਿਟ ਨੂੰ ਪਹਿਲ ਦੇਣ, ਮੈਡੀਕਲ ਸੀਟਾਂ ਪ੍ਰਤੀ ਨਿਰਪੱਖ ਪ੍ਰਕਿਰਿਆ ਆਦਿ ਦੇ ਬਾਰੇ ਜ਼ਿਕਰ ਕੀਤਾ ਹੈ | ਨੈਸ਼ਨਲ ਇੰਡੀਪੈਨਡੈਂਸ ਸਕੂਲ ਅਲਾਇੰਸ ਦੇ ਪ੍ਰਧਾਨ ਡਾ. ਕੁਲਭੂਸ਼ਨ ਸ਼ਰਮਾ ਦਾ ਕਹਿਣਾ ਹੈ ਕਿ ਇਹ ਕੋਈ ਇਕੱਲੀ ਘਟਨਾ ਨਹੀਂ ਹੈ, ਪੇਪਰ ਲੀਕ ਦੀ ਲਗਾਤਾਰ ਪੂਨਰ ਪ੍ਰਵਿਰਤੀ ਹੋਣਾ ਬੜੇ ਦੁੱਖ ਦੀ ਗੱਲ ਹੈ ਅਤੇ ਮਹੱਤਵਪੂਰਨ ਪ੍ਰੀਖਿਆਵਾਂ ਦਾ ਵਾਰ-ਵਾਰ ਰੱਦ ਹੋਣਾ ਸਾਡੀ ਰਾਸ਼ਟਰੀ ਪ੍ਰੀਖਿਆ ਪ੍ਰਣਾਲੀ ਇਕ ਪੁਰਾਣੀ ਬਿਮਾਰੀ ਬਣ ਗਈ ਹੈ | ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ਘਟਨਾਵਾਂ ਨੌਜਵਾਨਾਂ ਵਿਚ ਨਿਰਾਸ਼ਾ ਪੈਦਾ ਕਰਦੀਆਂ ਹਨ ਅਤੇ ਉਨ੍ਹਾਂ ਦੇ ਮਾਪਿਆਂ 'ਤੇ ਆਰਥਿਕ ਬੋਝ ਪੈਂਦਾ ਹੈ | ਇਸ ਤੋਂ ਇਲਾਵਾ ਸ਼ਰਮਾ ਨੇ ਕੋਚਿੰਗ ਸੈਂਟਰਾਂ ਨੂੰ ਦਿੱਤੇ ਦਿਸ਼ਾ-ਨਿਰਦੇਸ਼, ਬੋਰਡ ਪ੍ਰੀਖਿਆ, ਆਰਥਿਕ ਰੂਪ ਤੋਂ ਕਮਜ਼ੋਰ ਬੱਚਿਆਂ, ਸਕੂਲੀ ਸਿੱਖਿਆ ਮਜ਼ਬੂਤ ਕਰਨ ਤੇ ਵਿਆਪਕ ਮੁਲਾਂਕਣ, ਰਾਸ਼ਟਰੀ ਪ੍ਰੀਖਿਆ ਸੁਧਾਰ ਕਮਿਸ਼ਨ ਦਾ ਗਠਨ ਤੋਂ ਇਲਾਵਾ ਹੋਰਨਾਂ ਗੱਲਾਂ ਦਾ ਵੀ ਜ਼ਿਕਰ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਦਾ ਸੁਧਾਰ ਵੀ ਜ਼ਰੂਰ ਹੋਣਾ ਚਾਹੀਦਾ ਹੈ |