ਟੋਹਾਣਾ, 13 ਜੂਨ (ਮਨਜੀਤ ਸਿੰਘ) - ਕੇਂਦਰ ਸਰਕਾਰ ਦੇ ਸਫਲ 12 ਸਾਲ ਸਾਲ ਪੂਰੇ ਹੋਣ ਦੇ ਮੌਕੇ 'ਤੇ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਟੋਹਾਣਾ ਨੇੜਲੇ ਪਿੰਡ ਦਮਕੌਰਾ ਦੇ ਖੇਡ ਸਟੇਡੀਅਮ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਪੌਦਾ ਲਗਾ ਕੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੱਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਵਿਕਸਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਸਭ ਤੋਂ ਮਹੱਤਵਪੂਰਨ ਹੈ | ਸੁਭਾਸ਼ ਬਰਾਲਾ ਨੇ ਕਿਹਾ ਕਿ ਰਾਸ਼ਟਰ ਨਿਰਮਾਣ, ਵਾਤਾਵਰਣ ਸੁਰੱਖਿਆ ਅਤੇ ਸਮਾਜਿਕ ਜਾਗਰੂਕਤਾ ਵਰਗੀਆਂ ਮੁਹਿੰਮਾਂ ਵਿੱਚ ਨੌਜਵਾਨਾਂ ਦੀ ਸਰਗਰਮ ਹਿੱਸੇਦਾਰੀ ਨਾਲ ਹੀ ਵਿਕਸਤ ਭਾਰਤ ਦਾ ਸੰਕਲਪ ਪੂਰਾ ਹੋ ਸਕਦਾ ਹੈ | ਉਨ੍ਹਾਂ ਨੌਜਵਾਨਾਂ ਨੂੰ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ 12 ਸਾਲ ਸੇਵਾ, ਸੁਸ਼ਾਸਨ, ਗਰੀਬ ਕਲਿਆਣ ਅਤੇ ਰਾਸ਼ਟਰ ਨਿਰਮਾਣ ਨੂੰ ਸਮਰਪਿਤ ਰਹੇ ਹਨ | ਇਨ੍ਹਾਂ ਸਾਲਾਂ ਦੌਰਾਨ ਦੇਸ਼ ਨੇ ਬੁਨਿਆਦੀ ਢਾਂਚੇ, ਡਿਜੀਟਲ ਕ੍ਰਾਂਤੀ, ਸਮਾਜਿਕ ਸੁਰੱਖਿਆ ਅਤੇ ਆਤਮਨਿਰਭਰਤਾ ਦੇ ਖੇਤਰਾਂ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ ਅਤੇ ਵਿਸ਼ਵ ਪੱਧਰ 'ਤੇ ਭਾਰਤ ਦੀ ਮਜ਼ਬੂਤ ਪਛਾਣ ਬਣੀ ਹੈ ਅਤੇ ਵਾਤਾਵਰਣ ਸੰਭਾਲ ਇੱਕ-ਦੂਜੇ ਦੇ ਪੂਰਕ ਹਨ ਅਤੇ ਟਿਕਾਊ ਵਿਕਾਸ ਲਈ ਦੋਵਾਂ ਵਿਚਕਾਰ ਸੰਤੁਲਨ ਬਣਾਈ ਰੱਖਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਵਧਦੇ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਦੀਆਂ ਚੁਨੌਤੀਆਂ ਨਾਲ ਨਜਿੱਠਣ ਲਈ ਰੁੱਖ ਲਗਾਉਣਾ ਸਭ ਤੋਂ ਪ੍ਰਭਾਵਸ਼ਾਲੀ ਉਪਾਵਾਂ ਵਿੱਚੋਂ ਇੱਕ ਹੈ | ਹਰ ਨਾਗਰਿਕ ਨੂੰ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਰੁੱਖ ਲਗਾ ਕੇ ਉਸ ਦੀ ਨਿਯਮਿਤ ਦੇਖਭਾਲ ਕਰਨੀ ਚਾਹੀਦੀ ਹੈ | ਉਨ੍ਹਾਂ ਨੌਜਵਾਨਾਂ ਨੂੰ ਵਾਤਾਵਰਣ ਸੁਰੱਖਿਆ ਨੂੰ ਜਨ ਅੰਦੋਲਨ ਬਣਾਉਣ ਅਤੇ ਪੌਦਿਆਂ ਦੇ ਰੱਖਿਅਕ ਬਣ ਕੇ ਹਰੇ-ਭਰੇ ਅਤੇ ਸਾਫ਼-ਸੁਥਰੇ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ | ਇਸ ਮੌਕੇ ਐਸ.ਡੀ.ਐਮ. ਟੋਹਾਣਾ ਆਕਾਸ਼ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਦੀ 12ਵੀਂ ਵਰ੍ਹੇਗੰਢ ਦੇ ਮੌਕੇ 'ਤੇ ਇੱਕ ਵਿਸ਼ੇਸ਼ ਲੋਕ ਭਲਾਈ ਮੁਹਿੰਮ ਚਲਾਈ ਜਾਵੇਗੀ, ਜਿਸ ਤਹਿਤ ਇਲਾਕੇ ਵਿੱਚ ਤਿੰਨ ਦਿਨਾਂ ਵਿਸ਼ੇਸ਼ ਕੈਂਪ ਲਗਾਏ ਜਾਣਗੇ | ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਰਾਹੀਂ ਲੋਕਾਂ ਨੂੰ ਕੇਂਦਰ ਅਤੇ ਰਾਜ ਸਰਕਾਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਨਾਲ ਸਿੱਧੇ ਤੌਰ 'ਤੇ ਜੋੜਿਆ ਜਾਵੇਗਾ | ਜਿਨ੍ਹਾਂ ਨਾਗਰਿਕਾਂ ਦੀ ਪੈਨਸ਼ਨ ਜਾਂ ਹੋਰ ਸਰਕਾਰੀ ਸਹੂਲਤ ਕਿਸੇ ਕਾਰਨ ਕਰਕੇ ਬੰਦ ਹੋ ਗਈ ਹੈ, ਉਹ ਵੀ ਇਨ੍ਹਾਂ ਕੈਂਪਾਂ ਵਿੱਚ ਆ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾ ਸਕਣਗੇ ਅਤੇ ਨਵੀਆਂ ਯੋਜਨਾਵਾਂ ਦਾ ਲਾਭ ਲੈਣ ਲਈ ਰਜਿਸਟਰੇਸ਼ਨ ਕਰਵਾ ਸਕਣਗੇ | ਇਸ ਮੌਕੇ ਐਸ.ਡੀ.ਐਮ. ਟੋਹਾਣਾ ਅਕਾਸ਼ ਸ਼ਰਮਾ, ਨਗਰ ਕੌਂਸਲ ਚੇਅਰਮੈਨ ਨਰੇਸ਼ ਬਾਂਸਲ, ਮੰਡਲ ਪ੍ਰਧਾਨ ਰਮਨ ਮੜੀਆ, ਰੇਂਜ ਅਫ਼ਸਰ ਕਸ਼ਮੀਰ ਸਿੰਘ, ਸੁਭਾਸ਼ ਖਿਲੇਰੀ, ਕੁਲਦੀਪ ਡਾਂਗਰਾ, ਜੈਦੀਪ ਬਰਾਲਾ, ਜਿਲੇ ਸਿੰਘ ਬਰਾਲਾ, ਵੇਦ ਜਾਂਗੜਾ, ਦਲਜੀਤ ਨੈਨ, ਲਕਸ਼ਮਣ ਗੁੱਲਰਵਾਲਾ, ਬੀਰੂ, ਪ੍ਰਕਾਸ਼ ਸੈਣੀ, ਕਰਮਜੀਤ ਸਿੰਘ ਸਰਪੰਚ, ਸੁਰਜੀਤ ਚੇਅਰਮੈਨ, ਸਿੰਘ ਮਨਮੋਹਨ ਹਰੀਕੇ, ਮਨਜੀਤ ਸਿੰਘ ਦਮਕੌਰਾ, ਰਾਮਫਲ, ਤੰਨੂ, ਕੋਚ ਮਨਜੀਤ ਅਤੇ ਹਰਸ਼ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ, ਸਥਾਨਕ ਲੋਕ ਨੁਮਾਇੰਦੇ ਅਤੇ ਪਿੰਡ ਵਾਸੀ ਹਾਜ਼ਰ ਸਨ |