ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਬੂਟੇ ਲਗਾਉਣ ਦਾ ਪ੍ਰੋਗਰਾਮ
ਅਜੀਤ ਡੈਸਕ
14-06-2026
ਫ਼ਤਿਹਾਬਾਦ, 13 ਜੂਨ (ਹਰਬੰਸ ਸਿੰਘ ਮੰਡੇਰ)- ਕੇਂਦਰ ਸਰਕਾਰ ਦੇ ਸ਼ਾਨਦਾਰ 12 ਸਾਲ ਪੂਰੇ ਹੋਣ ਮੌਕੇ ਜੰਗਲਾਤ ਵਿਭਾਗ ਨੇ ਭੱਟੂ ਤੇ ਸਿਰਸਾ ਰੋਡ 'ਤੇ ਸਥਿਤ ਹਰੀਆਂ ਪੱਟੀਆਂ 'ਚ ਬੂਟੇ ਲਗਾਉਣ ਦਾ ਪ੍ਰੋਗਰਾਮ ਕੀਤਾ | ਪ੍ਰੋਗਰਾਮ ਦਾ ਉਦੇਸ਼ ਵਾਤਾਵਰਨ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ ਅਤੇ ਬੂਟੇ ਲਗਾਉਣ ਦੀ ਮੁਹਿੰਮ 'ਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਨਾ ਸੀ | ਸਮਾਗਮ 'ਚ ਸਾਬਕਾ ਸੰਸਦੀ ਸਕੱਤਰ ਤੇ ਫ਼ਤਿਹਾਬਾਦ ਦੇ ਸਾਬਕਾ ਵਿਧਾਇਕ ਚੌਧਰੀ ਦੁੜਾਰਾਮ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਬੂਟਾ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ | ਉਨ੍ਹਾਂ ਕਿਹਾ ਕਿ ਪਿਛਲੇ 12 ਸਾਲਾਂ 'ਚ ਕੇਂਦਰ ਸਰਕਾਰ ਨੇ ਵਿਕਾਸ, ਲੋਕ ਭਲਾਈ ਅਤੇ ਸੁਸ਼ਾਸਨ ਦੇ ਖੇਤਰਾਂ ਵਿਚ ਸ਼ਾਨਦਾਰ ਕੰਮ ਕੀਤਾ ਹੈ | ਉਨ੍ਹਾਂ ਕਿਹਾ ਕਿ ਬੂਟੇ ਮਨੁੱਖੀ ਜੀਵਨ ਲਈ ਬਹੁਤ ਜ਼ਰੂਰੀ ਹਨ | ਵਧਦੇ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਦੀਆਂ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਹਰ ਕਿਸੇ ਨੂੰ ਬੂਟੇ ਲਗਾਉਣੇ ਚਾਹੀਦੇ ਹਨ | ਪ੍ਰੋਗਰਾਮ ਦੌਰਾਨ ਨਾਗਰਿਕਾਂ ਨੂੰ ਬੂਟੇ ਲਗਾਉਣ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਇਆ ਗਿਆ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਤੇ ਵਾਤਾਵਰਨ ਸੁਰੱਖਿਆ ਵਿਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਗਈ | ਸਮਾਗਮ ਦੌਰਾਨ ਕਈ ਪ੍ਰਕਾਰ ਦੇ ਛਾਂਦਾਰ ਤੇ ਫਲਦਾਰ ਬੂਟੇ ਲਗਾਏ ਗਏ | ਅਧਿਕਾਰੀਆਂ ਨੇ ਕਿਹਾ ਕਿ ਲਗਾਏ ਗਏ ਬੂਟਿਆਂ ਦੀ ਨਿਯਮਿਤ ਦੇਖਭਾਲ ਯਕੀਨੀ ਬਣਾਈ ਜਾਵੇਗੀ ਤਾਂ ਜੋ ਉਹ ਵੱਡੇ ਰੁੱਖ ਬਣ ਸਕਣ ਅਤੇ ਭਵਿੱਖ ਵਿਚ ਵਾਤਾਵਰਨ ਸੁਰੱਖਿਆ ਵਿਚ ਯੋਗਦਾਨ ਪਾ ਸਕਣ | ਇਸ ਮੌਕੇ ਜ਼ਿਲ੍ਹਾ ਜੰਗਲਾਤ ਅਫ਼ਸਰ ਰਾਜੇਸ਼, ਜ਼ਿਲ੍ਹਾ ਕੁਆਰਡੀਨੇਟਰ ਭਾਰਤੀ ਅਰੋੜਾ, ਸੁਪਰਡੈਂਟ ਜੋਤਰਾਮ, ਬਲਾਕ ਅਫ਼ਸਰ ਮਹਿੰਦਰ, ਅਮੀਲਾਲ ਆਦਿ ਹਾਜ਼ਰ ਸਨ |