ਸ਼ਾਹਕੋਟ, 23 ਜਨਵਰੀ (ਸੁਖਦੀਪ ਸਿੰਘ)- ਗਣਤੰਤਰ ਦਿਵਸ (26 ਜਨਵਰੀ) ਦਾ ਸ਼ੁੱਭ ਦਿਹਾੜਾ ਸਬ-ਡਵੀਜ਼ਨ ਪੱਧਰ 'ਤੇ ਤਹਿਸੀਲ ਕੰਪਲੈਕਸ ਸ਼ਾਹਕੋਟ ਵਿਖੇ ਮਨਾਇਆ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਾਹਕੋਟ ਦੇ ਤਹਿਸੀਲਦਾਰ ਜਸਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਗਣਤੰਤਰ ਦਿਵਸ ਮੌਕੇ ਸਮਾਗਮ ਦੌਰਾਨ ਐਸ.ਡੀ.ਐਮ. ਸ਼ੁਭੀ ਆਂਗਰਾ (ਪੀ.ਸੀ.ਐਸ.) ਸ਼ਾਹਕੋਟ ਸਵੇਰੇ 9:58 ਵਜੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ | ਰਾਸ਼ਟਰੀ ਗਾਣ ਉਪਰੰਤ ਮੁੱਖ ਮਹਿਮਾਨ ਵਲੋਂ ਪਰੇਡ ਦਾ ਨਿਰੀਖਣ ਕੀਤਾ ਜਾਵੇਗਾ | ਇਸ ਮੌਕੇ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ |