ਜਲੰਧਰ, 23 ਅਪ੍ਰੈਲ (ਜਤਿੰਦਰ ਪੰਮੀ)-ਗੜ੍ਹਾ ਖੇਤਰ 'ਚ ਪੈਂਦੇ ਗੁਰੂ ਦੀਵਾਨ ਨਗਰ ਵਿਚ ਵੀਰਵਾਰ ਸਵੇਰੇ ਕਬਾੜ ਦੇ ਗੁਦਾਮ ਨੂੰ ਅੱਗ ਲੱਗ ਗਈ | ਅੱਗ ਨਾਲ ਗੁਦਾਮ 'ਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ, ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਦੇਖਦੇ ਹੀ ਦੇਖਦੇ ਅੱਗ ਏਨੀ ਫੈਲ ਗਈ ਕਿ ਇਸ ਦੀਆਂ ਲਪਟਾਂ ਦੂਰ-ਦੂਰ ਤੱਕ ਨਜ਼ਰ ਆਉਣ ਲੱਗੀਆਂ | ਅੱਗ ਲੱਗਣ ਨਾਲ ਆਸ-ਪਾਸ ਰਹਿਣ ਵਾਲੇ ਲੋਕਾਂ 'ਚ ਦਹਿਸ਼ਤ ਫੈਲੀ ਗਈ ਤੇ ਉਹ ਜਾਨ ਬਚਾਉਣ ਲਈ ਉਥੋਂ ਭੱਜਣ ਲੱਗੇ | ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਸਵੇਰੇ ਅਚਾਨਕ ਗੁਦਾਮ 'ਚੋਂ ਧੂੰਆ ਨਿਕਲਦਾ ਵੇਖਿਆ ਤੇ ਫਿਰ ਥੋੜੀ ਦੇਰ ਬਾਅਦ ਅੱਗ ਨੇ ਪੂਰੇ ਗੁਦਾਮ ਨੂੰ ਆਪਣੀ ਲਪੇਟ ਵਿਚ ਲੈ ਲਿਆ | ਸੂਚਨਾ ਮਿਲਦਿਆਂ ਹੀ ਫਾਇਰ ਬਿ੍ਗੇਡ ਦੀਆਂ ਪੰਜ ਗੱਡੀਆਂ ਮੌਕੇ 'ਤੇ ਪੁੱਜੀਆਂ | ਅੱਗ ਏਨੀ ਭਿਆਨਕ ਸੀ ਕਿ ਇਸ 'ਤੇ ਕਾਬੂ ਪਾਉਣ ਲਈ ਫਾਇਰ ਮੁਲਾਜ਼ਮਾਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ | ਅੱਗ ਵਾਲੀ ਥਾਂ ਤੰਗ ਗਲੀਆਂ 'ਚ ਹੋਣ ਕਾਰਨ 'ਤੇ ਕਬਾੜ ਵਿਚ ਜਲਣਸ਼ੀਲ ਸਮੱਗਰੀ ਹੋਣ ਕਰੇਕ ਅੱਗ ਤੇਜ਼ੀ ਨਾਲ ਫੈਲ ਗਈ | ਅੱਗ ਨਾਲ ਗੁਦਾਮ ਅੰਦਰ ਪਿਆ ਸਾਰਾ ਸਾਮਾਨ ਪੂਰੀ ਤਰ੍ਹਾਂ ਸੜ ਗਿਆ | ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੀ ਮੌਕੇ 'ਤੇ ਪੁੱਜੀ ਤੇ ਸਥਿਤੀ 'ਤੇ ਕਾਬੂ ਪਾਇਆ | ਪੁਲਿਸ ਵਲੋਂ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਤਾਂ ਜੋ ਬਚਾਅ ਕਾਰਜਾਂ ਵਿਚ ਰੁਕਾਵਟ ਨਾ ਪਵੇ | ਅੱਗ ਲੱਗਣ ਦੇ ਕਾਰਨਾਂ ਬਾਰੇ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਪਰ ਮੰਨਿਆ ਜਾ ਰਿਹਾ ਹੈ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੈ |